ਚੰਡੀਗੜ੍ਹ, 30 ਜੂਨ (ਪੰਜਾਬ ਟਾਇਮਜ਼ ਬਿਊਰੋ)- ਰਾਜਵਿਆਪੀ ਸ਼ੋਸ਼ਲ ਮੀਡੀਆ ਅਲਰਟ ਦੇ ਮੱਦੇਨਜ਼ਰ, ਪੰਜਾਬ ਪੁਲੀਸ ਨੇ ਹਾਲ ਹੀ ਵਿੱਚ ਪਟਿਆਲਾ ਵਿਖੇ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਹਾਦਸੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਲਖਨਦੀਪ ਸਿੰਘ ਉਰਫ ਵਾਰਿਸ ਰੰਧਾਵਾ ਵਜੋਂ ਕੀਤੀ ਗਈ ਹੈ ਜਿਸਨੂੰ ਕਿ ਪਟਿਆਲਾ ਪੁਲੀਸ ਵੱਲੋਂ ਜਾਰੀ ਚੇਤਾਵਨੀ ਦੇ ਬਾਅਦ ਕਾਊਂਟਰ ਇੰਟੈਲੀਜ਼ੈਂਸ ਵਿੰਗ ਜਲੰਧਰ ਨੇ ਕਮਿਸ਼ਨਰੇਟ ਪੁਲੀਸ ਜਲੰਧਰ ਦੇ ਸਹਿਯੋਗ ਨਾਲ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਪੁਲੀਸ ਵੱਲੋਂ ਪਹਿਲਾਂ ਦੋ ਹੋਰ ਦੋਸ਼ੀ ਹਰਪ੍ਰੀਤ ਸਿੰਘ ਉਰਫ ਮੱਖਣ ਅਤੇ ਸਿਕੰਦਰ ਸਿੰਘ ਵੀ ਫੜ੍ਹੇ ਗਏ ਹਨ। ਏ.ਆਈ.ਜੀ. ਕਾਊਂਟਰ ਇੰਟੈਲੀਜ਼ੈਂਸ ਐਚ.ਪੀ.ਐਸ. ਖਖ ਅਨੁਸਾਰ ਭਰੋਸੇਯੋਗ ਸੂਤਰਾਂ ਤੋ ਸੰਕੇਤ ਮਿਲੇ ਸਨ ਕਿ ਮੁੱਖ ਦੋਸ਼ੀ ਪਟਿਅਲਾ ਤੋਂ ਆਪਣੇ ਪਿੰਡ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜਾਂਦਿਆਂ ਜਲੰਧਰ ਵਿੱਚੋਂ ਦੀ ਹੋ ਕੇ ਲੰਘੇਗਾ। ਇਹ ਸੂਚਨਾ ਤੁਰੰਤ ਸਿਟੀ ਪੁਲੀਸ ਨਾਲ ਸਾਂਝੀ ਕੀਤੀ ਗਈ ਅਤੇ ਕਾਊਂਟਰ ਇੰਟੈਲੀਜ਼ੈਂਸ ਵਿੰਗ ਅਤੇ ਡਿਵਜ਼ਨ ਨੰਬਰ 6 ਦੀਆਂ ਸਾਂਝੀਆਂ ਟੀਮਾਂ ਨੇ ਜਲੰਧਰ ਬੱਸ ਅੱਡੇ ਨੇੜੇ ਆਪਣਾ ਜਾਲ ਵਿਛਿਆ ਜਿੱਥੋਂ ਕਿ 21 ਸਾਲਾ ਲਖਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ। ਜਾਂਚ ਤੋਂ ਪਤਾ ਲੱਗਾ ਕਿ ਲਖਨਦੀਪ ਪੁਲੀਸ ਥਾਨਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਨਿੱਕਾ ਥਥਰਕਾ ਦੇ ਰਹਿਣ ਵਾਲੇ ਸਵਿੰਦਰ ਸਿੰਘ ਦਾ ਮੁੰਡਾ ਹੈ ਜਿਸਨੇ ਕਿ ਸਾਲ 2013-14 ਬਾਅਦ ਬਾਰਵੀਂ ਕਰਨ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਦਿੱਤੀ ਅਤੇ ਲੁਧਿਆਣਾ ਦੇ ਅਪੋਲੋ ਹਸਪਤਾਲ ਵਿੱਚ ਬਿਲਿੰਗ ਆਪਰੇਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜੁਲਾਈ 2017 ਵਿੱਚ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਆਪਣੇ ਚਚੇਰੇ ਭਰਾ ਹਰਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਹਾਈਜੀਨ ਬਾਇਓਟੈਕ ਨਾਮੀ ਫਰਮ ਵਿੱਚ ਸੇਲਜ਼ ਨੁਮਾਇੰਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰੋਫੈਸਰ ਕਲੋਨੀ, ਪਟਿਆਲਾ ਵਿਖੇ ਉਨ੍ਹਾਂ ਦੇ ਘਰ ਹੀ ਰਹਿਣ ਲੱਗਾ। ਅੱਗੇ ਹੋਰ ਜਾਣਕਾਰੀ ਦਿੰਦਿਆਂ ਖਖ ਨੇ ਦੱਸਿਆ ਕਿ ਪਟਿਆਲਾ ਵਿਖੇ ਮੁੱਖ ਦੋਸ਼ੀ ਲਖਨਦੀਪ ਸਿੰਘ ਫੇਸਬੁੱਕ ਜ਼ਰੀਏ ਹਰਪ੍ਰੀਤ ਸਿੰਘ ਉਰਫ ਮੱਖਣ ਵਾਸੀ ਸੈਫਦੀਪੁਰ ਪਟਿਆਲੇ ਦੇ ਸੰਪਰਕ ਵਿੱਚ ਆਇਆ। ਦੋਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇੜੇ ਰੋਜ਼ ਮਿਲਣਾ ਸ਼ੁਰੂ ਕਰ ਦਿੱਤਾ।
ਪਟਿਆਲਾ ਪੈਟਰੋਲ ਪੰਪ ਲੁੱਟ ਅਤੇ ਦੋਹਰੇ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫਤਾਰ



