ਮਾਛੀਵਾੜਾ ਸਾਹਿਬ, 30 ਜੂਨ (ਭਵਨੇਸ਼ ਖੇੜਾ)- ਸਮਾਜ ਸੇਵੀ ਕਾਰਜ਼ਾਂ ’ਚ ਜੁਟੀ ਸਵਾਮੀ ਗੰਗਾ ਨੰਦ ਜੀ ਭੂਰੀ ਵਾਲੇ ਸੇਵਾ ਸੰਮਤੀ ਵੱਲੋਂ ਖੋਲ੍ਹੇ ਗਏ ਐਸ.ਜੀ.ਬੀ ਚੈਰੀਟੇਬਲ ਹਸਪਤਾਲ ਵਿਚ ਅੱਜ ਲੋਕਾਂ ਦੀ ਸਹੂਲਤ ਲਈ ਅੱਖਾਂ ਦਾ ਆਪ੍ਰੇਸ਼ਨ ਥਿਏਟਰ ਵੀ ਸਥਾਪਿਤ ਕਰ ਦਿੱਤਾ ਗਿਆ ਹੈ ਜਿਸ ਦਾ ਸ਼ੁਭ ਆਰੰਭ ਸਵਾਮੀ ਸ਼ੰਕਰਾ ਨੰਦ ਜੀ ਭੂਰੀ ਵਾਲਿਆਂ ਵਲੋਂ ਉਦਘਾਟਨੀ ਪੱਥਰ ਤੋਂ ਪਰਦਾ ਹਟਾ ਕੇ ਕੀਤਾ। ਇਸ ਮੌਕੇ ਸਵਾਮੀ ਜੀ ਨੇ ਕਿਹਾ ਕਿ ਗਰੀਬ ਲੋਕ ਜੋ ਕਿ ਪੈਸਿਆਂ ਦੀ ਘਾਟ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਹਨ ਉਨ੍ਹਾਂ ਦੀ ਸਹਾਇਤਾ ਲਈ ਸਾਨੂੰ ਸਭ ਨੂੰ ਇੱਕਜੁਟ ਹੋ ਕੇ ਯਤਨ ਕਰਨੇ ਚਾਹੀਦੇ ਹਨ ਅਤੇ ਮਾਛੀਵਾੜਾ ਦੀ ਸੰਸਥਾ ਵਲੋਂ ਖੋਲ੍ਹੇ ਗਏ ਇਸ ਅੱਖਾਂ ਦੇ ਆਪ੍ਰੇਸ਼ਨ ਥਿਏਟਰ ਨਾਲ ਹਰੇਕ ਸਾਲ ਹਜ਼ਾਰਾਂ ਮਰੀਜ਼ਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਮੌਕੇ ਐਸ.ਜੀ.ਬੀ ਚੈਰੀਟੇਬਲ ਹਸਪਤਾਲ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਪਹਿਲਾਂ ਵੀ ਮੁਫ਼ਤ ਮੈਡੀਕਲ ਕੈਂਪ ਲਗਾ ਕੇ ਲੋੜੀਂਦੇ ਮਰੀਜ਼ਾਂ ਦੇ ਅੱਖਾਂ ਦੇ ਆਪ੍ਰੇਸ਼ਨ ਵੀ ਕਰਵਾਏ ਜਾਂਦੇ ਹਨ ਪਰ ਹੁਣ ਮਰੀਜ਼ਾਂ ਨੂੰ ਆਪ੍ਰੇਸ਼ਨ ਕਰਵਾਉਣ ਲਈ ਬਾਹਰ ਨਹੀਂ ਜਾਣਾ ਪਵੇਗਾ ਕਿਉਂਕਿ ਇੱਥੇ ਹੀ ਮਾਹਿਰ ਡਾਕਟਰ ਮਰੀਜ਼ਾਂ ਦਾ ਆਪ੍ਰੇਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਪਹਿਲਾਂ ਹੀ ਸਵ. ਕਰਨ ਵਰਮਾ ਦੀ ਯਾਦ ਵਿਚ ਆਈ ਕੇਅਰ ਸੈਂਟਰ ਸਥਾਪਿਤ ਹੈ ਅਤੇ ਨਾਲ ਹੀ ਉਸਦੀ ਯਾਦ ਵਿਚ ਆਪ੍ਰੇਸ਼ਨ ਥਿਏਟਰ ਵੀ ਖੋਲ੍ਹ ਦਿੱਤਾ ਗਿਆ ਹੈ।
ਇਸ ਮੌਕੇ ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਡਾ. ਨਰਿੰਦਰਪਾਲਜੀਤ ਸਿੰਘ, ਡਾ. ਪਰਗਟ ਸਿੰਘ, ਡਾ. ਗੁਰਿੰਦਰ ਸਿੰਘ, ਪਵਨ ਸਿੰਗਲਾ, ਰਮੇਸ਼ ਵਰਮਾ, ਕੌਂਸਲਰ ਵਿਜੈ ਕੁਮਾਰ ਚੌਧਰੀ, ਪੀ.ਏ ਰਾਜੇਸ਼ ਬਿੱਟੂ, ਰਮੇਸ਼ ਸ਼ਰਮਾ, ਬਲਵੀਰ ਸਿੰਘ, ਰਾਮਪਾਲ ਠੇਕੇਦਾਰ, ਅਸ਼ੋਕ ਖੁਰਾਣਾ, ਡਾ. ਰਵਿੰਦਰ ਸਿੰਘ, ਹੰਸ ਰਾਜ, ਪਰਮਿੰਦਰ ਸਿੰਘ, ਖੁਸ਼ਪਾਲ ਚੰਦ ਕੌੜੀ, ਦੱਤ ਦੇਵ ਭਾਖੜੀ, ਨਾਮਧਾਰੀ ਬਖਸ਼ੀਸ ਸਿੰਘ ਆਦਿ ਵੀ ਮੌਜ਼ੂਦ ਸਨ।
ਸਵਾਮੀ ਸ਼ੰਕਰਾ ਨੰਦ ਜੀ ਵੱਲੋਂ ਅੱਖਾਂ ਦੇ ਆਪ੍ਰੇਸ਼ਨ ਥਿਏਟਰ ਦਾ ਉਦਘਾਟਨ



