Skip to content
Independent perspectives. Global stories.
BREAKING

ਵਿਧਾਇਕ ਲਾਡੀ ਨੇ ਪੌਦੇ ਲਗਾਏ

Share this story

ਬਟਾਲਾ, 30 ਜੂਨ (ਲੱਕੀ)- ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਵੱਲੋਂ ਅੱਜ ਪਿੰਡ ਐਨੋਕੋਟ ਅਤੇ ਗੰਡੇ ਕੇ ਚੋਣੇ ਵਿਖੇ ਪੌਦੇ ਲਗਾ ਕੇ ਵਣਮਹਾਂਉਤਸਵ ਮਨਾਇਆ। ਇਸ ਮੌਕੇ ਵਿਧਾਇਕ ਲਾਡੀ ਦੀ ਧਰਮਪਤਨੀ ਸ੍ਰੀਮਤੀ ਸਰਬਜੀਤ ਕੌਰ ਅਤੇ ਸਪੁਤਰ ਯਾਦਵਿੰਦਰ ਸਿੰਘ ਨੇ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸ਼ੁੱਧ ਤੇ ਸਾਫ਼ ਵਾਤਾਵਰਨ ਦੇਣ ਅਤੇ ਉਨ੍ਹਾਂ ਨੂੰ ਨਿਰੋਈ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਮਿਸ਼ਨ ਤੰਦਰੁਸਤ ਪੰਜਾਬ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਇਸ ਮਿਸ਼ਨ ਤਹਿਤ ਜਿਥੇ ਮਿਲਾਵਟਖੋਰੀ ਨੂੰ ਰੋਕਣ ਲਈ ਲਗਾਮ ਕੱਸੀ ਜਾ ਰਹੀ ਹੈ ਉਥੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਸੁਚੇਤ ਕਰਦੇ ਹੋਏ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਬਰਸਾਤੀ ਸੀਜ਼ਨ ਦੌਰਾਨ ਵੱਡੇ ਪੱਧਰ ’ਤੇ ਪੌਦੇ ਲਗਾਉਣ ਦੀ ਯੋਜਨਾ ਉਲੀਕੀ ਹੈ ਅਤੇ ਇਸ ਮਾਨਵਤਾ ਪੱਖੀ ਕਾਰਜ ਵਿੱਚ ਸੂਬਾ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵਲੋਂ ਮੁਫ਼ਤ ਪੌਦੇ ਵੰਡੇ ਜਾ ਰਹੇ ਹਨ ਅਤੇ ਲੋਕ ਆਪਣੇ ਨੇੜੇ ਦੀ ਸਰਕਾਰੀ ਨਰਸਰੀ ਤੋਂ ਇਹ ਬੂਟੇ ਪ੍ਰਾਪਤ ਕਰ ਸਕਦੇ ਹਨ। ਵਿਧਾਇਕ ਲਾਡੀ ਨੇ ਕਿਹਾ ਕਿ ਪੌਦੇ ਲਗਾਉਣਾ ਜਿਥੇ ਬਹੁਤ ਨੇਕ ਕਾਰਜ ਹੈ ਉਥੇ ਪੌਦਿਆਂ ਦੀ ਦੇਖ-ਭਾਲ ਕਰਕੇ ਇਨ੍ਹਾਂ ਨੂੰ ਪਾਲਣਾ ਵੀ ਬਹੁਤ ਜਰੂਰੀ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਮਾਨਵਤਾ ਦੇ ਭਲੇ ਲਈ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਹਿੱਸੇਦਾਰ ਬਣਨ ਅਤੇ ਆਪਣੇ ਸਮਾਜ ਨੂੰ ਤੰਦਰੁਸਤ ਤੇ ਨਿਰੋਗ ਬਣਾਉਣ ਲਈ ਸਹਿਯੋਗ ਕਰਨ। ਇਸ ਮੌਕੇ ਉਨ੍ਹਾਂ ਨਾਲ ਪਾਵਰਕਾਮ ਦੇ ਐਕਸੀਅਨ ਰਮੇਸ਼ ਸਾਰੰਗਲ, ਮਾਸਟਰ ਅਜਮੇਰਪਾਲ ਸਿੰਘ ਚਾਹਲ, ਗੁਰਦੀਪ ਸਿੰਘ, ਗਗਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

WRITTEN BY