ਅੰਮ੍ਰਿਤਸਰ, 2 ਮਾਰਚ (ਮਨਿੰਦਰ ਸਿੰਘ ਗੋਰੀ)-‘ਸਿੱਖ ਯੂਥ ਆਫ ਪੰਜਾਬ’ ਵਲੋਂ ਉਘੇ ਵਿਦਵਾਨ ਅਤੇ ਚਿੰਤਕ ਸਿਰਦਾਰ ਕਪੂਰ ਸਿੰਘ ਦੇ 105ਵੇਂ ਜਨਮ ਦਿਹਾੜੇ ਨੂੰ ਸਮਰਪਿਤ ਪੰਥਕ ਸਮਾਗਮ ਕਰਵਾਇਆ ਗਿਆ। ਅੱਜ ਦੇ ਸਮਾਗਮ ਵਿੱਚ ਦਲ ਖਾਲਸਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ, ਸਿੱਖ ਚਿੰਤਕ ਗੁਰਤੇਜ ਸਿੰਘ, ਸਾਬਕਾ ਮੰਤਰੀ ਮਨਜੀਤ ਸਿੰਘ ਕਲਕਤਾ, ਭਾਈ ਮੋਹਕਮ ਸਿੰਘ, ਬੀਬੀ ਸੰਦੀਪ ਕੌਰ, ਪੰਚ ਪ੍ਰਧਾਨੀ ਆਗੂ ਮਨਧੀਰ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਨੋਬਲਜੀਤ ਸਿੰਘ, ਪਰਮਜੀਤ ਸਿੰਘ, ਪ੍ਰਭਜੋਤ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੇ ਜੀਵਨ, ਪੰਥਕ ਘਾਲਣਾ ਅਤੇ ਰਾਜਨੀਤਿਕ ਚਿੰਤਨ ਉਤੇ ਗੰਭੀਰ ਵਿਚਾਰ-ਚਰਚਾ ਕੀਤੀ। ਉਹਨਾਂ ਸਿਰਦਾਰ ਕਪੂਰ ਸਿੰਘ ਦੀ ਪੰਥ-ਪ੍ਰਸਤੀ, ਕੌਮ ਪ੍ਰਤੀ ਵਫਾਦਾਰੀ ਅਤੇ ਪੰਥ ਦੇ ਹਰ ਖੇਤਰ ਵਿੱਚ ਪਾਏ
ਵੱਡਮੁਲੇ ਯੋਗਦਾਨ ਦੀ ਪ੍ਰਸੰਸਾ ਕੀਤੀ। ਬੁਲਾਰਿਆ ਨੇ ਸਿਰਦਾਰ ਕਪੂਰ ਸਿੰਘ ਨੂੰ ਵੀਹਵੀਂ ਸਦੀ ਦੇ ਉਘੇ ਤੇ ਬੇਬਾਕ ਚਿੰਤਕ, ਨੀਤੀਵਾਨ ਅਤੇ ਫ਼ਿਲਾਸਫ਼ਰ ਦਸਦਿਆਂ ਕਿਹਾ ਕਿ ਉਹਨਾਂ ਦਾ ਰਾਜਨੀਤਿਕ, ਧਾਰਮਿਕ ਅਤੇ ਸਾਹਿਤਕ ਜਗਤ ਵਿਚ ਨਿਵੇਕਲਾ ਅਤੇ ਵਿਲੱਖਣ ਸਥਾਨ ਹੈ। ਯੂਥ ਆਗੂ ਪ੍ਰਭਜੋਤ ਸਿੰਘ ਨੇ ਕਿਹਾ ਕਿ ਸਿਰਦਾਰ ਕਪੂਰ ਸਿੰਘ ਸਿੱਖ ਪੰਥ ਦੇ ਵੱਡੇ ਚਿੰਤਕ ਸਨ, ਜਿਨ੍ਹਾਂ ਨੇ ਆਪਣੇ ਚਿੰਤਨ ਦੇ ਜ਼ਰੀਏ ਬੜੀਆਂ ਜ਼ਰਖੇਜ਼ ਲਿਖਤਾਂ ਕੌਮ ਦੀ ਝੋਲੀ ਵਿੱਚ ਪਾਈਆਂ ਹਨ। ਉਹਂਾਂ ਕਿਹਾ ਕਿ ਇਹਨਾਂ ਲਿਖਤਾਂ ਵਿਚਲੇ ਕਈ ਅਨਮੋਲ ਵਿਚਾਰ ਅੱਜ ਵੀ ਸਾਨੂੰ ਰੋਸ਼ਨੀ ਪ੍ਰਦਾਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਾਨੂੰ ਭਵਿੱਖ ਦਾ ਰਸਤਾ ਤਲਾਸ਼ਣ ਅਤੇ ਦਿਸ਼ਾ ਤੈਅ ਕਰਨ ਵਿੱਚ ਚਾਨਣ ਮੁਨਾਰੇ ਦਾ ਕੰਮ ਦੇ ਰਹੇ ਹਨ। ਸਮਾਗਮ ਵਿੱਚ 3 ਮਤੇ ਪਾਸ ਕੀਤੇ ਗਏ। ਪਹਿਲੇ ਮਤੇ ਰਾਂਹੀ ਨੌਜਵਾਨ ਪੀੜ੍ਹੀ ਨੂੰ ‘ਰਾਜ ਕਰੇਗਾ ਖ਼ਾਲਸਾ’ ਦੇ ਸੰਕਲਪ ਪ੍ਰਤੀ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਗਿਆ। ਦੂਜੇ ਮਤੇ ਰਾਂਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਗਈ ਕਿ ਉਹ ਸਿਰਦਾਰ ਸਾਹਿਬ ਦੇ ਨਾਂਅ ਹੇਠ ਲਾਇਬਰੇਰੀ ਅਤੇ ਔਡੀਟੋਰੀਅਮ ਸਥਾਪਿਤ ਕਰੇ।
ਤੀਜੇ ਮਤੇ ਰਾਂਹੀ ਐਲਾਨ ਕੀਤਾ ਗਿਆ ਕਿ ਪੰਥ ਦੀ ਵੋਟ ਦੇ ਹੱਕਦਾਰ ਉਹ ਉਮੀਦਵਾਰ ਹੀ ਹਨ ਜਿਹਨਾਂ ਨੂੰ ਪੰਥ ਅਤੇ ਪੰਥਕ ਹਿੱਤ, ਅੱਵਲ ਤੇ ਪਿਆਰੇ ਹਨ।
ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਬਲਵੰਤ ਸਿੰਘ ਗੋਪਾਲਾ, ਗੁਰਪ੍ਰੀਤ ਸਿੰਘ, ਪ੍ਰੋ ਨਵਦੀਪ ਸਿੰਘ, ਲਖਵਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਵੀਰ ਸਿੰਘ, ਗੁਰਮੀਤ ਸਿੰਘ, ਕਮਲਜੀਤ ਸਿੰਘ, ਗੁਰਨਾਮ ਸਿੰਘ, ਸਤਵੀਰ ਸਿੰਘ, ਤਜਿੰਦਰ ਸਿੰਘ, ਜੈਦੀਪ ਸਿੰਘ, ਸੁਖਵਿੰਦਰ ਸਿੰਘ, ਸ਼ਰਨਜੀਤ ਸਿੰਘ, ਮਨਜੌਤ ਸਿੰਘ, ਆਦਿ ਸ਼ਾਮਿਲ ਸਨ।