ਕਤਰ ’ਚ ਹੋਏ ਧਮਾਕੇ ਵਿੱਚ 5 ਭਾਰਤੀਆਂ ਸਮੇਤ 11 ਮੌਤਾਂ

ਦੋਹਾ 2 ਮਾਰਚ (ਪੀ.ਟੀ.)- ਇਥੇ ਕਤਰ ਦੀ ਰਾਜਧਾਨੀ ’ਚ ਤੁਰਕੀ ਦੇ ਇੱਕ ਰੈਸਟੋਰੈਂਟ ਵਿੱਚ ਹੋਏ ਜਬਰਦਸਤ ਧਮਾਕੇ ਵਿੱਚ 5 ਭਾਰਤੀਆਂ ਸਮੇਤ 11 ਵਿਦੇਸ਼ੀਆਂ ਦੀ ਮੌਤ ਹੋ ਗਈ ਤੇ 35 ਹੋਰ ਜ਼ਖ਼ਮੀ ਹੋ ਗਏ। ਕਤਰ ਸਰਕਾਰ ਨੇ ਧਮਾਕੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਮਾਰੇ ਗਏ ਭਾਰਤੀਆਂ ਦੀ ਪਛਾਣ ਰਿਆਸ ਕਿਝਾਕੇਮਨੋਲੀਲ, ਅਬਦੁਲ ਸਲੀਮ ਪਾਲੰਗਡ, ਜ਼ਾਕਰੀਆ ਪਡਿਨਜਾਰੇ ਅਨਾਕੰਡੀ, ਵੈਂਕਟੇਸ਼ ਤੇ ਸ਼ੇਖ ਬਾਬੂ ਵਜੋਂ ਹੋਈ ਹੈ। ਮਾਰੇ ਗਏ ਬਾਕੀ ਵਿਦੇਸ਼ੀਆਂ ’ਚ 4 ਨੇਪਾਲੀ ਤੇ 2 ਫਿਲਪੀਨੀ ਸ਼ਾਮਿਲ ਹਨ। ਕਤਰ ਵਿਚਲੇ ਭਾਰਤੀ ਰਾਜਦੂਤ ਸੰਜੀਵ ਅਰੋੜਾ ਨੇ ਕਿਹਾ ਹੈ ਕਿ ਦੂਤਘਰ ਮ੍ਰਿਤਕਾਂ ਦੇ ਸਕੇ ਸਬੰਧੀਆਂ ਨਾਲ ਸੰਪਰਕ ’ਚ ਹੈ। 10 ਜ਼ਖਮੀ ਅਜੇ ਵੀ ਹਸਪਤਾਲ ਦਾਖਲ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ 2 ਬੱਚੇ ਤੇ 8 ਬਾਲਗ ਸ਼ਾਮਿਲ ਹਨ।

Send this to a friend