ਰਾਮਪੁਰਾ ਫੂਲ, 25 ਜੂਨ (ਮਨਪ੍ਰੀਤ ਸਿੰਘ ਗਿੱਲ)- ਥਾਣਾ ਬਾਲਿਆਂਵਾਲੀ ਅਧੀਨ ਆਉਂਦੇ ਪਿੰਡ ਦੌਲਤਪੁਰਾ ਵਿਖੇ ਨਜਾਇਜ ਸ਼ਰਾਬ ਬਰਾਮਦ ਕਰਨ ਲਈ ਛਾਪਾ ਮਾਰਨ ਗਈ ਐਂਟੀ ਨਾਰਕੋਟਿਕਸ ਵਿਭਾਗ ਦੀ ਟੀਮ ‘ਤੇ ਪਿੰਡ ਦੇ ਕੁਝ ਵਿਅਕਤੀਆਂ ਵਲੋਂ ਹਮਲਾ ਕਰ ਦਿੱਤਾ ਗਿਆ ਜਿਸ ਵਿਚ ਏ.ਐਸ.ਆਈ. ਹਰਬੰਸ ਸਿੰਘ ਅਤੇ ਕਾਂਸਟੇਬਲ ਕੁਲਵਿੰਦਰ ਸਿੰਘ ਗੰਭੀਰ ਜਖਮੀ ਹੋ ਗਏ। ਥਾਣਾ ਬਾਲਿਆਂਵਾਲੀ ਵਿਖੇ ਗੁਰਦੀਪ ਸਿੰਘ ਇੰਚਾਰਜ ਐਂਟੀ ਨਾਰਕੋਟਿਕਸ ਸੈਲ ਬਠਿੰਡਾ ਨੇ ਬਿਆਨ ਦਰਜ ਕਰਵਾਇਆ ਕਿ ਉਹ ਦੋ ਬਲੈਰੋ ਗੱਡੀਆਂ ‘ਤੇ ਦੌਲਤਪੁਰਾ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਪਿੰਡ ਦੇ ਅਮਰੀਕ ਸਿੰਘ ਤੇ ਹਨੀ ਸਿੰਘ ਹਰਿਆਣਾ ਤੋਂ ਨਜਾਇਜ ਸ਼ਰਾਬ ਲਿਆ ਕੇ ਵੇਚਦੇ ਹਨ। ਜਦ ਉਹ ਪਿੰਡ ‘ਚ ਦਾਖਲ ਹੋਣ ਲੱਗੇ ਤਾਂ ਕਿੰਦੂ ਸਿੰਘ ਪ੍ਰਧਾਨ, ਹਨੀ ਸਿੰਘ, ਰਛਪਾਲ ਸਿੰਘ, ਅਮਰੀਕ ਸਿੰਘ, ਬੱਬੀ ਸਿੰਘ, ਬੇਅੰਤ ਸਿੰਘ ਤੇ ਬੇਅੰਤ ਸਿੰਘ ਦੇ ਦੂਸਰੇ ਲੜਕੇ ਨੇ ਗੰਡਾਸਿਆਂ ਤੇ ਹੋਰ ਹਥਿਆਰਾਂ ਨਾਲ ਗੱਡੀਆਂ ਘੇਰ ਲਈਆਂ। ਇਸ ਦੌਰਾਨ 10-15 ਹੋਰ ਅਣਪਛਾਤੇ ਵਿਅਕਤੀਆਂ ਆ ਗਏ ਅਤੇ ਸਾਰਿਆਂ ਨੇ ਗੱਡੀਆਂ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਬੀ ਸਿੰਘ ਨੇ ਏ.ਐਸ.ਆਈ. ਹਰਬੰਸ ਸਿੰਘ ਦਾ ਗੰਡਾਸਾ ਮਾਰ ਕੇ ਸਿਰ ਪਾੜ ਦਿੱਤਾ ਅਤੇ ਪੀ.ਐਚ.ਜੀ ਮਹਿੰਦਰ ਪ੍ਰਤਾਪ ਦੀ ਵਰਦੀ ਪਾੜ ਦਿੱਤੀ। ਇਸ ਦੌਰਾਨ ਉਨ੍ਹਾਂ ਥਾਣਾ ਬਾਲਿਆਂਵਾਲੀ ਦੇ ਮੁੱਖ ਅਫਸਰ ਸੰਦੀਪ ਭਾਟੀ ਨੂੰ ਸੱਦਿਆ ਜਿਨ੍ਹਾਂ ਫੋਰਸ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਉਥੋਂ ਛੁੜਵਾ ਕੇ ਬਾਹਰ ਕਢਵਾਇਆ। ਇਸ ਦੌਰਾਨ ਕਾਂਸਟੇਬਲ ਕੁਲਵਿੰਦਰ ਸਿੰਘ ਦੇ ਵੀ ਸੱਟਾਂ ਲੱਗੀਆਂ ਉਪਰੰਤ ਹਰਬੰਸ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਰਾਮਪੁਰਾ ਹਸਪਤਾਲ ਲਿਜਾਇਆ ਗਿਆ ਜਿਥੇ ਉਨ੍ਹਾਂ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਕੀ ਕਹਿੰਦੇ ਨੇ ਐਸ.ਐਚ.ਓ.:- ਇਸ ਮੌਕੇ ਥਾਣਾ ਬਾਲਿਆਂਵਾਲੀ ਦੇ ਐਸ.ਐਚ.ਓ. ਸੰਦੀਪ ਭਾਟੀ ਨੇ ਦੱਸਿਆ ਕਿ ਕਿੰਦੂ ਸਿੰਘ ਪ੍ਰਧਾਨ, ਹਨੀ ਸਿੰਘ, ਰਛਪਾਲ ਸਿੰਘ, ਅਮਰੀਕ ਸਿੰਘ, ਬੱਬੀ ਸਿੰਘ, ਬੇਅੰਤ ਸਿੰਘ ਤੇ ਬੇਅੰਤ ਸਿੰਘ ਦੇ ਦੂਸਰੇ ਲੜਕੇ ਅਤੇ ਦਰਜਨ ਤੋਂ ਵੱਧ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਐਂਟੀ ਨਾਰਕੋਟਿਸ ਵਿਭਾਗ ਦੀ ਟੀਮ ’ਤੇ ਹਮਲਾ- ਏ.ਐਸ.ਆਈ. ਸਮੇਤ 2 ਜ਼ਖਮੀ



