ਭਗਤਾ ਭਾਈ ਕਾ, 21 ਜੂਨ (ਸਵਰਨ ਸਿੰਘ ਭਗਤਾ)- ਬਿਜਲੀ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤੰਦਰੁਸਤ ਪੰਜਾਬ ਤਹਿਤ ਮੁਫ਼ਤ ਬੂਟੇ ਵੰਡਣ ਦੀ ਮੁਹਿੰਮ ਪਿੰਡ ਮਹਿਰਾਜ ਤੋਂ ਸ਼ੁਰੂ ਕੀਤੀ। ਇਸ ਮੌਕੇ ਸ਼੍ਰੀ ਕਾਂਗੜ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਹਿਰਾਜ ਵਿਖੇ ਬੂਟਾ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਅੱਜ ਅਸੀਂ ਵਾਤਾਵਰਣ ਨਾ ਸਾਂਭਿਆ ਤਾਂ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿ¦ਡਰ ਲੈ ਕੇ ਤੁਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸਾਡੀ ਭੂਮਿਕਾ ਸਿਰਫ਼ ਪੌਦਾ ਲਗਾਉਣ ਤੱਕ ਨਹੀਂ ਬਲਕਿ ਆਪਣੇ ਬੱਚਿਆਂ ਵਾਂਗ ਉਸ ਦਾ ਪਾਲਣ ਪੋਸ਼ਣ ਕਰਨ ਦੀ ਵੀ ਹੈ। ਸਮਾਗਮ ’ਚ ਮੌਜੂਦ ਲੋਕਾਂ ਨੂੰ ਹਰ ਘਰ ’ਚ ਇੱਕ ਪੌਦਾ ਲਗਾ ਕੇ ਉਸ ਨੂੰ ਪਾਲਣ ਦਾ ਸੱਦਾ ਦਿੰਦਿਆਂ ਸ਼੍ਰੀ ਕਾਂਗੜ ਨੇ ਕਿਹਾ ਕਿ ਇਸ ਧਰਤੀ ’ਤੇ ਸਾਡਾ ਜੀਵਨ ਪੌਦਿਆਂ ਨਾਲ ਹੀ ਸੰਭਵ ਹੈ। ਉਨ੍ਹਾਂ ਕਿਸਾਨਾਂ ਨੂੰ ਪਾਣੀ ਦੀ ਵਰਤੋਂ ਵੀ ਸੰਕੋਚ ਨਾਲ ਕਰਨ ਲਈ ਕਿਹਾ ਤਾਂ ਜੋ ਧਰਤੀ ਹੇਠਲੇ ਡਿਗਦੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕੇ। ਸ਼੍ਰੀ ਕਾਂਗੜ ਨੇ ਮਹਿਰਾਜ ਵਾਸੀਆਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਾਣੀ ਦੀ ਨਿਕਾਸੀ ਸਬੰਧੀ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਪਿੰਡ ਦੀਆਂ ਵੱਖ ਵੱਖ ਜ਼ਰੂਰਤਾਂ ਨੂੰ ਵੀ ਜਲਦ ਹੀ ਪੂਰਾ ਕੀਤਾ ਜਾਵੇਗਾ।
ਇਸ ਮੌਕੇ ਬੋਲਦਿਆਂ ਵਣ ਮੰਡਲ ਅਫ਼ਸਰ ਸ਼੍ਰੀ ਅਮ੍ਰਿਤਪਾਲ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ ਘਰ ਹਰਿਆਲੀ ਸਕੀਮ ਤਹਿਤ ਕਿਸਾਨਾਂ ਨੂੰ ਪ੍ਰਤੀ ਪੌਦਾ ਸਬਸਿਡੀ ਦਿੱਤੀ ਜਾਂਦੀ ਹੈ ਇਹ ਸਬਸਿਡੀ ਲੈਣ ਲਈ ਕਿਸਾਨ ਕਿਤੋਂ ਵੀ ਪੌਦਾ ਲਿਆ ਕੇ ਲਗਾ ਸਕਦਾ ਹੈ ਲਗਾਏ ਹੋਏ ਪੌਦੇ ਦੀ ਫੋਟੋ, ਜ਼ਮੀਨ ਦੀ ਜਮਾਂਬੰਦੀ ਦੀ ਕਾਪੀ ਅਤੇ ਆਪਣੇ ਬੈਂਕ ਖਾਤੇ ਦੀ ਕਾਪੀ ਜੰਗਲਾਤ ਮਹਿਕਮੇ ’ਚ ਜਮ੍ਹਾਂ ਕਰਵਾ ਸਕਦਾ ਹੈ ਇਸ ਤਹਿਤ ਪ੍ਰਤੀ ਕਿਸਾਨ ਨੂੰ ਪਹਿਲੇ ਸਾਲ 14 ਰੁਪਏ ਅਤੇ ਦੂਜੇ, ਤੀਜੇ ਅਤੇ ਚੌਥੇ ਸਾਲ 7 ਰੁਪਏ ਹਰ ਸਾਲ ਦੇ ਹਿਸਾਬ ਨਾਲ ਮਿਲਣਗੇ। ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਸੁਭਾਸ਼ ਖਟਕ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਸੂਬੇ ’ਚ ਹਰਿਆਲੀ ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪ੍ਰੰਤੂ ਇਹ ਉਪਰਾਲੇ ਉਦੋਂ ਤੱਕ ਅਮਲੀ ਜਾਮਾ ਨਹੀਂ ਪਾ ਸਕਦੇ ਜਦੋਂ ਤੱਕ ਕਿ ਇਸ ਮੁਹਿੰਮ ’ਚ ਲੋਕਾਂ ਦਾ ਹਿੱਸਾ ਨਾ ਹੋਵੇ। ਉਨ੍ਹਾਂ ਪਿੰਡ ਵਾਸੀਆਂ ਨੂੰ ਇਸ ਮੁਹਿੰਮ ’ਚ ਵਧ ਚੜ੍ਹ ਕੇ ਹਿੱਸਾ ਪਾਉਣ ਲਈ ਅਪੀਲ ਕੀਤੀ।
ਵਾਤਾਵਰਣ ਨਾ ਸਾਂਭਿਆ ਤਾਂ ਪਾਣੀ ਦੀਆਂ ਬੋਤਲਾਂ ਵਾਂਗ ਆਕਸੀਜਨ ਦੇ ਸਿ¦ਡਰ ਲੈ ਕੇ ਤੁਰਨਾ ਪਵੇਗਾ : ਬਿਜਲੀ ਮੰਤਰੀ ਸ. ਕਾਂਗੜ



