ਗਰਾਸ ਆਈਲੈਟ – ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਸ੍ਰੀਲੰਕਾ ਦੇ ਕਪਤਾਨ ਦਿਨੇਸ਼ ਚਾਂਦੀਮਲ ’ਤੇ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਹੈ, ਜਦਕਿ ਸ੍ਰੀਲੰਕਾ ਦੇ ਬੋਰਡ ਇਸ ਫ਼ੈਸਲੇ ਖ਼ਿਲਾਫ਼ ਆਪਣੇ ਖਿਡਾਰੀ ਦੇ ਸਮਰਥਨ ਵਿੱਚ ਆ ਗਿਆ ਹੈ। ਆਸਟਰੇਲੀਆ-ਦੱਖਣੀ ਅਫਰੀਕਾ ਟੈਸਟ ਲੜੀ ਮਗਰੋਂ ਇਹ ਪਹਿਲਾ ਮੌਕਾ ਹੈ, ਜਦੋਂ ਕਿਸੇ ਟੀਮ ਦੇ ਕਪਤਾਨ ’ਤੇ ਗੇਂਦ ਨਾਲ ਛੇੜਛਾੜ ਦਾ ਗੰਭੀਰ ਦੋਸ਼ ਲੱਗਿਆ ਹੈ। ਕ੍ਰਿਕਇੰਫੋ ਅਨੁਸਾਰ ਚਾਂਦੀਮਲ ਨੂੰ ਵੈਸਟ ਇੰਡੀਜ਼ ਖ਼ਿਲਾਫ਼ ਜਾਰੀ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਖੇਡ ਮਗਰੋਂ ਗੇਂਦ ਨਾਲ ਛੇੜਛਾੜ ਦਾ ਦੋਸ਼ੀ ਪਾਇਆ ਗਿਆ ਹੈ। ਆਈਸੀਸੀ ਨੇ ਐਤਵਾਰ ਨੂੰ ਆਪਣੇ ਟਵਿੱਟਰ ਅਕਾਉਂਟ ’ਤੇ ਇਸ ਦੋਸ਼ ਦੀ ਪੁਸ਼ਟੀ ਕੀਤੀ ਹੈ, ਪਰ ਚਾਂਦੀਮਲ ਦੇ ਪੱਖ ਵਿੱਚ ਸ੍ਰੀਲੰਕਾ ਬੋਰਡ ਦੇ ਆਉਣ ਨਾਲ ਇਹ ਮਾਮਲਾ ਭਖ਼ ਗਿਆ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਲੜੀ ਦੇ ਤੀਜੇ ਟੈਸਟ ਦੌਰਾਨ ਆਸਟਰੇਲੀਆ ਦੇ ਕਪਤਾਨ ਸਟੀਵ ਸਮਿੱਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਟੀਮ ਦੇ ਸਲਾਮੀ ਬੱਲੇਬਾਜ਼ ਕੈਮਰਨ ਬੈਨਕਰੌਫਟ ’ਤੇ ਗੇਂਦ ਨਾਲ ਛੇੜਛਾੜ ਦੇ ਦੋਸ਼ ਲੱਗੇ ਸਨ, ਜਿਸ ਮਗਰੋਂ ਇਨ੍ਹਾਂ ਤਿੰਨਾਂ ਖਿਡਾਰੀਆਂ ’ਤੇ ਪਾਬੰਦੀ ਲਾਈ ਗਈ ਸੀ। ਮੈਚ ਮਗਰੋਂ ਤੀਜੇ ਦਿਨ ਸ੍ਰੀਲੰਕਾ ਦੇ ਖਿਡਾਰੀ ਇਨ੍ਹਾਂ ਦੋਸ਼ਾਂ ਮਗਰੋਂ ਡਰੈਸਿੰਗ ਰੂਮ ਵਿੱਚੋਂ ਬਾਹਰ ਨਹੀਂ ਆਏ ਅਤੇ ਤੀਜੇ ਦਿਨ ਦੀ ਖੇਡ ਦੇਰੀ ਨਾਲ ਸ਼ੁਰੂ ਹੋਈ। ਸ੍ਰੀਲੰਕਾ ਨੇ ‘ਗੇਂਦ ਨਾਲ ਛੇੜਛਾੜ’ ਦੇ ਦੋਸ਼ ਦੇ ਵਿਰੋਧ ਦੇ ਨਾਲ ਤੀਜੇ ਦਿਨ ਖੇਡਣਾ ਜਾਰੀ ਰੱਖਿਆ।
ਆਈਸੀਸੀ ਨੇ ਚਾਂਦੀਮਲ ’ਤੇ ਲਾਇਆ ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼



