May 25, 2026 9:47 am

ਮਾਲੇਰਕੋਟਲਾ ਦੀ ਪ੍ਰਸਿੱਧ ਦਰਗਾਹ ਬਾਬਾ ਹਜ਼ਰਤ ਸ਼ੇਖ ਦੇ ਇਲਾਕੇ ਨੂੰ ਪੰਜਾਬ ਸਰਕਾਰ ਵੱਲੋਂ 15 ਕਰੋੜ ਦੀ ਲਾਗਤ ਨਾਲ ਖੂਬਸੂਰਤ ਬਣਾਇਆ ਜਾਵੇਗਾ : ਸ. ਸਿੱਧੂ

ਮਾਲੇਰਕੋਟਲਾ ਵਿੱਚ ਈਦ-ਉਲ-ਫਿਤਰ ਤਿਓਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ

ਮਾਲੇਰਕੋਟਲਾ, 16 ਜੂਨ (ਅਸ਼ੋਕ)- ਦੇਸ਼ ਭਰ ਵਿੱਚ ਮਨਾਏ ਜਾ ਰਹੇ ਈਦ-ਉਲ-ਫਿਤਰ ਦੇ ਤਿਓਹਾਰ ਸਬੰਧੀ ਅੱਜ ਇੱਥੇ ਈਦ-ਉਲ-ਫਿਤਰ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ । ਮੁੱਖ ਸਮਾਗਮ ਵੱਡੀ ਈਦ ਗਾਹ ਵਿਖੇ ਅਯੋਜਤ ਕੀਤਾ ਗਿਆ ਜਿੱਥੇ ਈਦ ਦੀ ਨਮਾਜ਼ ਪੜਾਉਣ ਦੀ ਰਸਮ ਮੁਫਤੀ ਏ ਆਜ਼ਮ ਪੰਜਾਬ ਹਜ਼ਰਤ ਮੌਲਾਨਾ ਮੁਫਤੀ ਇਰਤਕਾ-ਉਲ-ਹਸਨ ਕਾਂਧਲਵੀ ਨੇ ਅਦਾ ਕੀਤੀ। ਮਾਲੇਰਕੋਟਲਾ ਅਤੇ ਇਲਾਕੇ ਭਰ ਤੋਂ ਆਏ ਲੱਗਭੱਗ 40 ਹਜ਼ਾਰ ਮੁਸਲਿਮ ਭਰਾਵਾਂ ਨੇ ਈਦ ਦੀ ਨਮਾਜ਼ ਵਿੱਚ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਸਮਾਗਮ ਦੇ ਮੁੱਖ ਮਹਿਮਾਨ ਸ੍ਰ. ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਤੇ ਟੂਰਿਜ਼ਮ ਐਂਡ ਕਲਚਰਲ ਅਫੇਅਰਜ਼ ਸਨ। ਈਦ ਦੀ ਨਮਾਜ਼ ਤੋਂ ਬਾਅਦ ਕੈਬਨਿਟ ਮੰਤਰੀ ਉਚੇਰੀ ਸਿੱਖਿਆ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੈਡਮ ਰਜ਼ੀਆ ਸੁਲਤਾਨਾ ਨੇ ਮੌਕੇ ਤੇ ਹਾਜ਼ਰ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਿਮ ਭਰਾਵਾਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਇਲਾਕੇ ਦੀ ਬੇਹਤਰੀ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਇਲਾਕੇ ਦੀ ਤਰੱਕੀ ਲਈ ਪੂਰਾ ਸਹਿਯੋਗ ਦੇ ਰਹੇ ਹਨ । ਇਸ ਮੌਕੇ ਅਪਣੇ ਸ਼ੇਅਰੋ ਸ਼ਾਇਰੀ ਅੰਦਾਜ਼ ਵਿੱਚ ਸ਼੍ਰੀ ਨਵਜੋਤ ਸਿੰਘ ਸਿੱਧੂ ਨੇ ਅਪਣੇ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਸਾਰਿਆਂ ਨੂੰ ਈਦ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮਾਲੇਰਕੋਟਲਾ ਜਿਹੀ ਅਮਨ ਅਤੇ ਸ਼ਾਂਤੀ ਤੇ ਆਪਸੀ ਭਾਈਚਾਰੇ ਦੀ ਮਿਸਾਲ ਦੁਨੀਆ ਵਿੱਚ ਕਿੱਧਰੇ ਨਹੀਂ ਮਿਲਦੀ , ਜੋ ਅੱਜ ਵੀ ਕਾਇਮ ਹੈ ਜਿੱਥੇ ਹਿੰਦੂ,ਮੁਸਲਮਾਨ ,ਸਿੱਖ, ਈਸਾਈ ਸਭ ਮਿਲ ਜੁਲ ਕੇ ਰਹਿੰਦੇ ਹਨ। ਉਨਾਂ ਬਾਬਾ ਹਜ਼ਰਤ ਸ਼ੇਖ ਦਰਗਾਹ ਦਾ ਜ਼ਿਕਰ ਕਰਦਿਆਂ , ਦਰਗਾਹ ਲਈ ਪੰਜਾਬ ਸਰਕਾਰ ਵੱਲੋਂ 15 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਰਕਮ ਨਾਲ ਬਾਬਾ ਹਜ਼ਰਤ ਸ਼ੇਖ ਦਰਗਾਹ ਅਤੇ ਨਾਲ ਲਗਦੇ ਇਲਾਕੇ ਨੂੰ ਖੂਬਸੂਰਤ ਬਣਾ ਕੇ ਇਸ ਦੀ ਕਾਇਆ ਕਲਪ ਕੀਤੀ ਜਾਵੇਗੀ ਉਨਾਂ ਪੰਜਾਬ ਦੀ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਪਿਛਲੇ ਸਾਲ ਈਦ ਦੇ ਮੌਕੇ ਐਲਾਨੀ ਰਕਮ ,50 ਲੱਖ ਰੁਪਏ ਦਾ ਚੈਕ, ਉਨ੍ਹਾਂ ਨੂੰ ਸੌਂਪਿਆ। ਇਸ ਮੌਕੇ ਮੈਡਮ ਰਜ਼ੀਆ ਸੁਲਤਾਨਾ ਦੇ ਨਾਲ ਪੰਜਾਬ ਦੇ ਡੀ.ਜੀ.ਪੀ., ਹਿਊਮਨ ਰਾਈਟਸ ਕਮਿਸ਼ਨ ਜਨਾਬ ਮੁਹੰਮਦ ਮੁਸਤਫਾ ਵੀ ਹਾਜ਼ਰ ਸਨ। ਸਮਾਗਮ ਲਈ ਪ੍ਰਸ਼ਾਸਨ ਵੱਲੋਂ ਲਾ ਮਿਸਾਲ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਸ਼ਹਿਰ ਵਿੱਚ ਚੱਪੇ ਚੱਪੇ ਤੇ ਤਾਇਨਾਤ ਕੀਤੀ ਗਈ ਸੀ।ਇਸ ਮੌਕੇ ਪ੍ਰਸ਼ਾਸਨ ਉਚ ਅਧਿਕਾਰੀ ਵੱਡੀ ਗਿਣਤੀ ਵਿੱਚ ਮੌਜੂਦ ਸਨ । ਬੜੀ ਈਦ ਗਾਹ ਤੋਂ ਇਲਾਵਾ ਸ਼ਹਿਰ ਦੀਆਂ ਬਾਕੀ ਈਦ ਗਾਹਾਂ ਵਿੱਚ ਵੀ ਈਦ ਦੀ ਨਮਾਜ਼ ਅਦਾ ਕੀਤੀ ਗਈ।ਬਾਜ਼ਾਰਾਂ ਵਿੱਚ ਰੌਣਕ ਵੇਖਣ ਨੂੰ ਬਣਦੀ ਸੀ।ਮੁਸਲਿਮ, ਹਿੰਦੂ, ਸਿੱਖ ਆਦਿ ਭਰਾਵਾਂ ਵੱਲੋਂ ਇਕ ਦੂਜੇ ਨੂੰ ਈਦ ਦੀ ਖੁਸ਼ੀ ਵਿੱਚ ਮਿਠਾਈਆਂ , ਖੀਰ ਅਤੇ ਸੇਵੀਆਂ ਦੀ ਵੰਡ ਕਰਕੇ ਈਦ ਦੀ ਖੁਸ਼ੀ ਮਨਾਈ ਗਈ।

Send this to a friend