ਬਰਨਾਲਾ, 14 ਜੂਨ (ਕੁਲਦੀਪ ਗਰੇਵਾਲ)- ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਹੋਏ ਪਧਰ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਅਤੇ ਮਿਤੀ 19.4.2018 ਨੂੰ ਐਸ.ਓ.60/ਪੀ.ਏ.6/2009/ ਐਸ-3/2018 ਰਾਹੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਝੋਨੇ ਦੀ ਪਨੀਰੀ ਪੁਟ ਕੇ ਖੇਤਾਂ ‘ਚ ਲਾਉਣ ਦਾ ਸਮਾਂ 20 ਜੂਨ ਨਿਯਤ ਕੀਤਾ ਗਿਆ ਹੈ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨੋਟੀਫਿਕੇਸ਼ਨ ਮੁਤਾਬਕ ਕੋਈ ਵੀ ਕਿਸਾਨ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਹੀਂ ਕਰ ਸਕਦਾ। ਸ੍ਰੀ ਗੁਪਤਾ ਨੇ ਦਸਿਆ ਕਿ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਨਾਲ ਪਾਣੀ ਦੀ ਬਰਬਾਦੀ ਅਤੇ ਵਾਤਾਵਰਣ ਦਾ ਨੁਕਸਾਨ ਹੁੰਦਾ ਹੈ ਜੋ ਧਰਤੀ ‘ਤੇ ਮੌਜੂਦ ਵਨਸਪਤੀ ਅਤੇ ਮਨੁਖ ਸਮੇਤ ਹੋਰ ਜੀਵਤ ਜੀਵਾਂ ਲਈ ਬਹੁਤ ਘਾਤਕ ਸਾਬਤ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਬਲਾਕਾਂ ਵਿਚਲੇ ਪਿੰਡਾਂ ਦੀ ਮੁਸਤੈਦੀ ਨਾਲ ਨਿਗਰਾਨੀ ਕਰਨ ਅਤੇ ਜੇਕਰ ਕੋਈ ਕਿਸਾਨ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਕਰਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਕੇ ਐਕਟ ਅਨੁਸਾਰ ਅਗੇਲਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਪ੍ਰੀਜ਼ਰਵੇਸ਼ਨ ਆਫ ਸਬ ਸੁਆਇਲ ਵਾਟਰ ਐਕਟ 2009 ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਹੋਏ ਪਧਰ ਨੂੰ ਰੋਕਣ ਅਤੇ ਪਾਣੀ ਬਚਾਉਣ ਵਿਚ ਬਣਦਾ ਯੋਗਦਾਨ ਪਾਇਆ ਜਾ ਸਕੇ। ਇਸ ਦੇ ਨਾਲ ਹੀ ਭੂਮੀ ਪਰਖ ਅਫ਼ਸਰ ਬਰਨਾਲਾ ਨੇ ਦਸਿਆ ਕਿ ਹਾਲ ਹੀ ਵਿਚ ਲਏ ਗਏ ਪਾਣੀ ਦੇ 247 ਸੈਂਪਲਾਂ ਦੀ ਰਿਪੋਰਟ ਤੋਂ ਇਹ ਸਾਹਮਣੇ ਆਇਆ ਹੈ ਕਿ ਪਾਣੀ ਦੇ ਡੂੰਘੇ ਹੋਣ ਨਾਲ ਇਸਦਾ ਮਿਆਰ ਵੀ ਲਗਾਤਾਰ ਡਿਗ ਰਿਹਾ ਹੈ। ਉਨ੍ਹਾਂ ਦਸਿਆ ਕਿ ਟੈਸਟ ਕੀਤੇ ਗਏ ਪਾਣੀ ਦੇ 17 ਫ਼ੀਸਦੀ ਸੈਂਪਲ ਬਿਲਕੁਲ ਹੀ ਨਾ ਵਰਤਣਯੋਗ ਹਨ ਅਤੇ 19 ਫ਼ੀਸਦ ਸੈਂਪਲ 3 ਨੰਬਰ ਗੁਣਵਤਾ ਵਿਚ ਆਏ ਹਨ ਅਤੇ 46 ਫ਼ੀਸਦੀ ਦੋ ਨੰਬਰ ਵਿਚ ਅਤੇ 18 ਪ੍ਰਤੀਸ਼ਤ ਸੈਂਪਲ ਹੀ ਇਕ ਨੰਬਰ ਵਿਚ ਆਏ ਹਨ। ਭੂਮੀ ਪਰਖ ਅਫ਼ਸਰ ਸ਼੍ਰੀ ਸਰਬਜੀਤ ਸਿੰਘ ਨੇ ਦਸਿਆ ਕਿ 2 ਨੰਬਰ ਪਾਣੀ ਖੇਤੀਬਾੜੀ ਲਈ ਵਰਤਣ ਲਈ ਕਿਸਾਨ ਨੂੰ 4 ਪਾਣੀਆਂ ਪਿਛੋਂ ਔਸਤਨ 3 ਕੁਇੰਟਲ ਜਿਪਸਮ ਪਾਉਣਾ ਪਵੇਗਾ ਅਤੇ 3 ਨੰਬਰ ਵਾਲੇ ਪਾਣੀ ਲਈ ਲਗਭਗ 6 ਕੁਇੰਟਲ ਜਿਪਸਮ ਦੀ ਸਿਫਾਰਿਸ਼ ਕੀਤੀ ਜਾਂਦੀ ਹੈ, ਜਿਸ ਉਪਰ ਕਿਸਾਨ ਦਾ ਕ੍ਰਮਵਾਰ ਲਗਭਗ 6300 ਰੁਪਏ ਅਤੇ 12,000 ਰੁਪਏ ਖਰਚਾ ਹੋਵੇਗਾ। ਉਨ•ਾਂ ਕਿਹਾ ਕਿ ਪਹਿਲਾਂ ਹੀ ਆਰਥਕ ਪਖੋਂ ਕਮਜ਼ੋਰ ਹੋ ਰਹੀ ਕਿਸਾਨੀ ਲਈ ਇਹ ਹੋਰ ਵੀ ਔਖਾ ਹੋਵੇਗਾ ਅਤੇ ਪੰਜਾਬ ਦੀ ਉਪਜਾਊ ਜ਼ਮੀਨ ਆਉਣ ਵਾਲੇ ਸਮੇਂ ‘ਚ ਬੰਜਰ ਬਣ ਜਾਵੇਗੀ।ਉਨ੍ਹਾਂ ਇਹ ਵੀ ਦਸਿਆ ਕਿ ਬਹੁਤੇ ਕਿਸਾਨ ਖਾਦਾਂ ਪਾਉਣ ‘ਤੇ ਜ਼ੋਰ ਦਿੰਦੇ ਰਹਿੰਦੇ ਹਨ, ਜਦੋਂਕਿ ਖੇਤ ਵਿਚਲੀ ਮਿਟੀ ਨੂੰ ਜਿਪਸਮ ਦੀ ਲੋੜ ਹੁੰਦੀ ਹੈ ਜੋ ਕਿ ਧਰਤੀ ਅਤੇ ਮਨੁਖ ਦੀ ਸਿਹਤ ਲਈ ਹੋਰ ਵੀ ਘਾਤਕ ਹੈ।
ਡੀਸੀ ਬਰਨਾਲਾ ਵੱਲੋਂ ਕਿਸਾਨਾਂ ਨੂੰ 20 ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ ਦੀ ਅਪੀਲ



