May 27, 2026 10:07 am

ਪਰਾਲੀ ਨੂੰ ਜ਼ਮੀਨ ’ਚ ਮਿਲਾਉਣ ਵਾਲੀ ਮਸ਼ੀਨਰੀ ਸਬਸਿਡੀ ’ਤੇ ਲੈਣ ਲਈ ਕਿਸਾਨ 15 ਤੱਕ ਅਰਜ਼ੀਆਂ ਦੇਣ : ਡੀਸੀ ਬਰਨਾਲਾ

ਬਰਨਾਲਾ, 11 ਜੂਨ (ਕੁਲਦੀਪ ਗਰੇਵਾਲ)- ਪੰਜਾਬੀਆਂ ਦੀ ਸਿਹਤ ਸੁਧਾਰਨ ਅਤੇ ਪੰਜਾਬ ਨੂੰ ਮੁੜ ਤੋਂ ਦੇਸ਼ ਦਾ ਸਭ ਤੋਂ ਖੁਸ਼ਹਾਲ ਤੇ ਸਿਹਤਮੰਦ ਸੂਬਾ ਬਣਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਰ ਸਰਕਾਰ ਵਲੋਂ ‘ਤੰਦਰੁਸਤ ਪੰਜਾਬ‘ ਮਿਸ਼ਨ ਅਧੀਨ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਲਾਈ ਜਾਣ ਵਾਲੀ ਅਗ ਦੇ ਮਾੜੇ ਰੁਝਾਨ ਨਾਲ ਨਜਿਠਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ 2018-19 ਅਤੇ 2019-20 ਦੌਰਾਨ ਝੋਨੇ ਦੀ ਪਰਾਲੀ ਅਤੇ ਹੋਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅਗ ਲਾਉਣ ਦੀ ਬਜਾਏ ਜ਼ਮੀਨ ਵਿਚ ਮਿਲਾਉਣ ਵਾਲੀ ਮਸ਼ੀਨਰੀ ਅਤੇ ਸੰਦ ਸਬਸਿਡੀ ’ਤੇ ਵੰਡਣ ਦੀ ਯੋਜਨਾ ਲਾਗੂ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਪੰਜਾਬ ਸਰਕਾਰ ਦੋ ਸਾਲਾਂ ਵਿਚ ਇਹ ਮਸ਼ੀਨਰੀ ਕਿਸਾਨਾਂ ਨੂੰ ਸਿਧੇ, ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਦੇ ਗਰੁਪਾਂ ਰਾਹੀਂ ਮੁਹਈਆ ਕਰਵਾਈ ਜਾਵੇਗੀ। ਉਨਾਂ ਇਹ ਵੀ ਦਸਿਆ ਕਿ ਸਬਸਿਡੀ ਦਾ ਲਾਹਾ ਲੈਣ ਲਈ ਕਿਸਾਨ 15 ਜੂਨ ਤਕ ਆਪਣੀਆਂ ਅਰਜ਼ੀਆਂ ਖੇਤੀਬਾੜੀ ਵਿਭਾਗ ਕੋਲ ਜਮਾਂ ਕਰਵਾ ਸਕਦੇ ਹਨ ਅਤੇ ਉਨਾਂ ਨੂੰ ਸਬਸਿਡੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਮੁਹਈਆ ਕਰਵਾਈ ਜਾਵੇਗੀ।ਜ਼ਿਲੇ ਦੇ ਮੁਖ ਖੇਤੀਬਾੜੀ ਅਫ਼ਸਰ ਸ੍ਰੀ ਰਛਪਾਲ ਸਿੰਘ ਖੋਸਾ ਨੇ ਦਸਿਆ ਕਿ ਇਸ ਸਕੀਮ ਤਹਿਤ 8 ਤਰਾਂ ਦੀਆਂ ਖੇਤੀ ਮਸ਼ੀਨਾਂ ਦੀ ਖਰੀਦ ਕਰਨ ਬਾਬਤ ਕਿਸਾਨਾਂ ਨੂੰ ਨਿਜੀ ਮਸ਼ੀਨਰੀ ਲੈਣ ਲਈ 50 ਫ਼ੀਸਦੀ ਸਬਸਿਡੀ ਅਤੇ ਸਹਿਕਾਰੀ ਸਭਾਵਾਂ ਜਾਂ ਕਿਸਾਨ ਗਰੁਪਾਂ ਨੂੰ ਕਸਟਮ ਹਾਇਰਿੰਗ ਸੈਂਟਰ ਬਣਾਉਣ ਲਈ 80 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਵਿਚ 10 ਲਖ ਰੁਪਏ ਤੋਂ ਲੈ ਕੇ 75 ਲਖ ਰੁਪਏ ਦੀ ਅਜਿਹੀ ਮਸ਼ੀਨਰੀ ਬਹੁ-ਗਿਣਤੀ ਵਿਚ ਖਰੀਦੀ ਜਾ ਸਕੇਗੀ ਤਾਂ ਜੋ ਆਲੇ ਦੁਆਲੇ ਦੇ ਕਿਸਾਨਾਂ ਨੂੰ ਇਹ ਮਸ਼ੀਨਾਂ ਮੁਹਈਆ ਕਰਵਾਈਆ ਜਾ ਸਕਣ।ਸ੍ਰੀ ਖੋਸਾ ਨੇ ਦਸਿਆ ਕਿ ਸਬਸਿਡੀ ਵਾਲੀ ਮਸ਼ੀਨਰੀ ਵਿਚ ਹੈਪੀ ਸੀਡਰ, ਜੀਰੋ ਟਿਲ ਡਰਿਲ, ਕੰਬਾਇਨ ਹਾਰਵੈਸਟਰ ਨਾਲ ਪਰਾਲੀ ਨੂੰ ਕਟ ਕੇ ਖਿਲਾਰਨ ਵਾਲਾ ਸੁਪਰ ਐਸ.ਐਮ.ਐਸ., ਪੈਡੀ ਚੌਪਰ ਸ਼ਰੈਡਰ, ਮਲਚਰ, ਹਾਈਡਰੋਲਿਕ ਰਿਵਰਸੀਬਲ ਪਲਾਓ, ਪੈਡੀ ਕਟਰ-ਕਮ-ਸਪਰੈਡਰ ਅਤੇ ਪੈਡੀ ਸਲੈਸ਼ਰ ਮਸ਼ੀਨਾਂ ਸ਼ਾਮਲ ਹਨ। ਉਨਾਂ ਦਸਿਆ ਕਿ ਇਸ ਸਕੀਮ ਦਾ ਲਾਹਾ ਲੈਣ ਕਿਸਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਬਲਾਕ ਜਾਂ ਜ਼ਿਲਾ ਪਧਰ ਦੇ ਦਫ਼ਤਰਾਂ ਵਿਚ ਜਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਈਟ ਜਾਂ ਸਕੀਮ ਦੇ ਆਨਲਾਈਨ ਪੋਰਟਲ ਰਾਹੀਂ 15 ਜੂਨ ਤਕ ਅਰਜ਼ੀ ਦੇ ਸਕਦੇ ਹਨ।ਮੁਖ ਖੇਤੀਬਾੜੀ ਅਫ਼ਸਰ ਨੇ ਇਹ ਵੀ ਦਸਿਆ ਕਿ ਇਹ ਸਬਸਿਡੀ ਉਨਾਂ ਕਿਸਾਨਾਂ ਨੂੰ ਮਿਲਣਯੋਗ ਨਹੀਂ ਹੋਵੇਗੀ, ਜਿਨਾਂ ਨੇ ਪਿਛਲੇ 2 ਸਾਲਾਂ ਦੌਰਾਨ ਖੇਤੀਬਾੜੀ ਵਿਭਾਗ ਦੀ ਕਿਸੇ ਸਕੀਮ ਵਿਚੋਂ ਇਨਾਂ ਚੋਣਵੀਆਂ ਮਸ਼ੀਨਾਂ ’ਤੇ ਸਬਸਿਡੀ ਪ੍ਰਾਪਤ ਕੀਤੀ ਹੋਵੇਗੀ।

Send this to a friend