ਸੁਰਿੰਦਰ ਕੋਛੜ
10 ਮਈ 1857 ਨੂੰ ਮੇਰਠ ਛਾਉਣੀ ਤੋਂ ਈਸਟ ਇੰਡੀਆ ਕੰਪਨੀ ਦੇ ਵਿਰੁੱਧ ਸ਼ੁਰੂ ਹੋਏ ਭਾਰਤੀ ਸਿਪਾਹੀਆਂ ਦੇ ਵਿਦਰੋਹ ਨਾਲ ਸੰਬੰਧਿਤ ਪੰਜਾਬ ਦੀ ਇਕ ਪ੍ਰਮੁੱਖ ਅਤੇ ਇਕਲੌਤੀ ਯਾਦਗਾਰ ਅੱਜ ਵੀ ਅੰਮ੍ਰਿਤਸਰ ਸ਼ਹਿਰ ਦੀ ਤਹਿਸੀਲ ਅਜਨਾਲਾ ਵਿਚ ਮੌਜੂਦ ਹੈ ਅਤੇ ਉਸ ਸਾਕੇ ਦੌਰਾਨ ਅੰਗਰੇਜ਼ ਅਧਿਕਾਰੀਆਂ ਹੱਥੋਂ ਭਾਰਤੀ ਸਿਪਾਹੀਆਂ ਦੇ ਹੋਏ ਕਤਲੇਆਮ ਦੀ ਗਵਾਹੀ ਦੇ ਰਹੀ ਪ੍ਰਤੀਤ ਹੋ ਰਹੀ ਹੈ।13 ਮਈ 1857 ਨੂੰ ਲਾਹੌਰ ਦੀ ਮੀਆਂਮੀਰ ਛਾਉਣੀ ਵਿਚ ਸਵੇਰ ਦੀ ਪਰੇਡ ਸਮੇਂ ਲੈਫ਼ਟੀਨੈਂਟ ਕਰਨਲ ਟੇਲਰ ਦੀ ਕਮਾਂਡ ਹੇਠ ਤਾਇਨਾਤ ਬੰਗਾਲ ਨੇਟਿਵ ਇਨਫੈਂਟਰੀ ਦੀ 26 ਰੈਜੀਮੈਂਟ ਸਹਿਤ ਪੈਦਲ ਫੌਜ ਦੀ 16 ਨੰ., 49 ਨੰ. ਅਤੇ 4 ਨੰ. ਲਾਈਟ ਕੈਵਲਰੀ ਪਾਸੋਂ ਹਥਿਆਰ ਲੈ ਲਏ ਗਏ।ਜਿਸ ਦੇ ਬਾਅਦ ਇਨ੍ਹਾਂ ਵਿਚੋਂ ਬੰਗਾਲ ਨੇਟਿਵ ਇਨਫੈਂਟਰੀ 26 ਰੈਜੀਮੈਂਟ ਨੇ 30 ਜੁਲਾਈ 1857 ਨੂੰ ਬਗ਼ਾਵਤ ਕਰ ਦਿੱਤੀ।ਬਾਗ਼ੀ ਹੋਈ ਇਸ ਪਲਟਨ ਦਾ ਸਿਪਾਹੀ ਪ੍ਰਕਾਸ਼ ਸਿੰਘ ਉਰਫ਼ ਪ੍ਰਕਾਸ਼ ਪਾਂਡੇ ਮੇਜਰ ਸਪੈਂਸਰ ਨੂੰ ਉਸੇ ਦੀ ਤਲਵਾਰ ਨਾਲ ਕਤਲ ਕਰਕੇ ਆਪਣੇ ਸਾਥੀਆਂ ਸਹਿਤ ਉਸੇ ਰਾਤ ਉਥੋਂ ਭੱਜ ਨਿਕਲਿਆ। ਇਸ ਦੌਰਾਨ ਇਕ ਅੰਗਰੇਜ਼ ਅਤੇ ਦੋ ਹੋਰ ਭਾਰਤੀ ਅਧਿਕਾਰੀ ਵੀ ਹਿੰਦੁਸਤਾਨੀ ਸਿਪਾਹੀਆਂ ਹੱਥੋਂ ਮਾਰੇ ਗਏ, ਜੋ ਕਿ ਇਸ ਵਿਚ ਮੁਦਾਖ਼ਲਤ ਕਰ ਰਹੇ ਸਨ।30 ਜੁਲਾਈ ਨੂੰ ਲਾਹੌਰੋਂ ਭੱਜੇ ਬੇ-ਹਥਿਆਰ ਹਿੰਦੁਸਤਾਨੀ ਸਿਪਾਹੀਆਂ ਦਾ ਇਹ ਦਸਤਾ 31 ਜੁਲਾਈ ਨੂੰ ਸਵੇਰੇ 8 ਵਜੇ ਅਜਨਾਲਾ ਤੋਂ 6-7 ਮੀਲ ਪਿੱਛੇ ਦਰਿਆ ਰਾਵੀ ਦੇ ਕੰਢੇ ਪਿੰਡ ਡੱਡੀਆਂ ਦੇ ਪਾਸ ਬਾਲ ਘਾਟ ਵਿਖੇ ਆ ਪਹੁੰਚਿਆ। ਉਹਨਾਂ ਉਥੇ ਪਿੰਡ ਦੇ ਜ਼ਿਮੀਂਦਾਰਾਂ ਕੋਲੋਂ ਪੈਰੀਂ ਦਰਿਆ ਪਾਰ ਕਰਨ ਦਾ ਰਸਤਾ ਪੁੱਛਿਆ।ਜ਼ਿਮੀਂਦਾਰਾਂ ਨੇ ਭੁੱਖੇ-ਪਿਆਸੇ ਸਿਪਾਹੀਆਂ ਨੂੰ ਰੋਟੀ-ਪਾਣੀ ਦੇਣ ਦਾ ਲਾਲਚ ਦੇ ਕੇ ਉਥੇ ਬਿਠਾ ਲਿਆ ਅਤੇ ਪਿੰਡ ਦੇ ਚੌਂਕੀਦਾਰ ਸੁਲਤਾਨ ਖ਼ਾਂ ਹੱਥ ਇਹ ਸੂਚਨਾ ਸੌੜੀਆਂ (ਅਜਨਾਲਾ ਦੇ ਨਜ਼ਦੀਕੀ ਪਿੰਡ) ਦੇ ਤਹਿਸੀਲਦਾਰ ਦੀਵਾਨ ਪ੍ਰਾਣ ਨਾਥ ਪਾਸ ਭੇਜ ਦਿੱਤੀ। ਸੁਲਤਾਨ ਖ਼ਾਂ ਨੇ ਤਹਿਸੀਲਦਾਰ ਨੂੰ ਇਹ ਸੂਚਨਾ ਪੂਰੇ 10 ਵਜੇ ਦਿੱਤੀ ਅਤੇ ਦੱਸਿਆ ਕਿ ਉਹ ਬਾਗ਼ੀ ਸਿਪਾਹੀਆਂ ਨੂੰ ਇਹ ਕਹਿ ਕੇ ਰੋਕ ਕੇ ਆਇਆ ਕਿ ਉਹ ਉਸ ਦੇ ਪੁੱਤਰਾਂ ਸਮਾਨ ਹਨ, ਉਹ ਥੋੜੀ ਦੇਰ ਅਰਾਮ ਕਰਨ, ਤਦ ਤੱਕ ਉਹ ਰੋਟੀ-ਪਾਣੀ ਦਾ ਬੰਦੋਬਸਤ ਕਰਕੇ ਆਉਂਦਾ ਹੈ।
ਤਹਿਸੀਲਦਾਰ ਪ੍ਰਾਣ ਨਾਥ ਨੇ ਬਾਗ਼ੀ ਸਿਪਾਹੀਆਂ ਦੇ ਖ਼ਾਤਮੇ ਲਈ ਈਸਟ ਇੰਡੀਆ ਕੰਪਨੀ ਦੇ ਖ਼ਿਦਮਤਦਾਰ ਸਰਦਾਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਕੱਠਾ ਕਰ ਲਿਆ ਅਤੇ ਨਾਲ ਹੀ ਅਦਾਲਤੀ ਜੋਧ ਸਿੰਘ ਦੀ ਮਾਰਫ਼ਤ ਇਹ ਸੁਨੇਹਾ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਫਰੈਡ੍ਰਿਕ ਹੇਨਰੀ ਕੂਪਰ ਪਾਸ ਭੇਜ ਦਿੱਤਾ।ਥਾਣੇ ਅਤੇ ਤਹਿਸੀਲ ਵਿਚ ਜਿੰਨੇ ਵੀ ਸ਼ਸਤਰਧਾਰੀ ਸਿਪਾਹੀ ਸਨ, ਤਹਿਸੀਲਦਾਰ ਨੇ ਉਹਨਾਂ ਨੂੰ ਦੋ ਕਿਸ਼ਤੀਆਂ ਵਿਚ ਦਰਿਆ ਰਾਵੀ ਦੇ ਪਾਰ ਬਾਗ਼ੀ ਸਿਪਾਹੀਆਂ ਨੂੰ ਮਾਰ-ਮੁਕਾਉਣ ਲਈ ਭੇਜ ਦਿੱਤਾ।ਮੌਕੇ ’ਤੇ ਪਹੁੰਚਦਿਆਂ ਹੀ ਉਸਦੇ ਸਿਪਾਹੀਆਂ ਨੇ ਬੇ-ਹਥਿਆਰ ਥੱਕੇ-ਹਾਰੇ ਬੇਵਸ ਹਿੰਦੁਸਤਾਨੀ ਸਿਪਾਹੀਆਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਨਾਲ 150 ਦੇ ਕਰੀਬ ਸਿਪਾਹੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਕੇ ਦਰਿਆ ਰਾਵੀ ਦੇ ਤੇਜ਼ ਵਹਾਅ ’ਚ ਵਹਿ ਕੇ ਸ਼ਹੀਦ ਹੋ ਗਏ ਅਤੇ 50 ਦੇ ਕਰੀਬ ਨੇ ਗੋਲੀਆਂ ਤੋਂ ਬਚਣ ਲਈ ਦਰਿਆ ਵਿਚ ਛਲਾਂਗਾ ਲਗਾ ਦਿੱਤੀਆਂ ਅਤੇ ਸਦਾ ਲਈ ਅਲੋਪ ਹੋ ਗਏ। ਸ਼ਾਮ ਪੂਰੇ 5 ਵਜੇ ਕੂਪਰ ਆਪਣੇ ਨਾਲ 80 ਦੇ ਕਰੀਬ ਹਥਿਆਰਬੰਦ ਘੋੜ-ਸਵਾਰ ਸਿਪਾਹੀ ਲੈ ਕੇ, ਕਰਨਲ ਬੋਏਡ 50 ਸਿਪਾਹੀ, ਰਿਸਾਲਦਾਰ ਸਾਹਿਬ ਖ਼ਾਂ ਟਿਵਾਣਾ 44 ਸਿਪਾਹੀ, ਰਿਸਾਲਦਾਰ ਬਰਕਤ ਅਲੀ ਅਤੇ ਜ਼ਮਾਂਦਾਰ ਭਾਈ ਮਕਸੂਦਾਂ ਸਿੰਘ 24 ਸਿਪਾਹੀ, ਜਨਰਲ ਹਰਸੁਖ ਰਾਏ 8 ਅਤੇ ਰਾਜਾਸਾਂਸੀ ਤੋਂ ਸ਼ਮਸ਼ੇਰ ਸਿੰਘ ਸੰਧਾਵਾਲੀਆ 5-6 ਘੋੜ ਸਵਾਰ ਸਿਪਾਹੀਆਂ ਨਾਲ ਮੌਕੇ ’ਤੇ ਪਹੁੰਚ ਗਿਆ।
ਸਿਪਾਹੀਆਂ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਪਿੰਡ ਡੱਡੀਆਂ ਤੋਂ ਜਿਊਂਦੇ ਫੜ੍ਹੇ ਗਏ 282 ਹਿੰਦੁਸਤਾਨੀ ਸਿਪਾਹੀਆਂ ਨੂੰ ਰੱਸਿਆਂ ਨਾਲ ਬੰਨ੍ਹ ਕੇ 31 ਜੁਲਾਈ ਨੂੰ ਹੀ ਅੱਧੀ ਰਾਤ ਸਮੇਂ ਅਜਨਾਲਾ ਲਿਆਂਦਾ ਗਿਆ।ਉਹਨਾਂ ਵਿਚੋਂ 237 ਸਿਪਾਹੀਆਂ ਨੂੰ ਥਾਣੇ ’ਚ ਬੰਦ ਕਰਨ ਤੋਂ ਬਾਅਦ ਬਾਕੀ 45 ਸਿਪਾਹੀਆਂ ਨੂੰ ਜਗ੍ਹਾ ਦੀ ਘਾਟ ਕਾਰਨ ਅਜਨਾਲਾ ਦੀ ਨਵੀਂ ਬਣੀ ਤਹਿਸੀਲ ਦੇ ਛੋਟੇ ਜਿਹੇ ਬੁਰਜ਼ ’ਚ ਤੂੜੀ ਵਾਂਗ ਠੁਸ-ਠੁਸ ਕੇ ਭਰ ਦਿੱਤਾ ਗਿਆ। ਯੋਜਨਾ ਤਹਿਤ ਇਨ੍ਹਾਂ ਨੂੰ 31 ਜੁਲਾਈ ਦੀ ਰਾਤ ਹੀ ਫਾਹੇ ਲਾਏ ਜਾਣਾ ਸੀ, ਪਰ ਭਾਰੀ ਬਰਸਾਤ ਦੇ ਕਾਰਨ ਫਾਂਸੀ ਅਗਲੇ ਦਿਨ ’ਤੇ ਪਾ ਦਿੱਤੀ ਗਈ। ਇਕ ਅਗਸਤ ਨੂੰ ਬਕਰੀਦ ਵਾਲੇ ਦਿਨ ਤੜਕਸਾਰ 237 ਸੈਨਿਕਾਂ ਨੂੰ 10-10 ਕਰਕੇ ਥਾਣੇ ਵਿਚੋਂ ਬਾਹਰ ਕੱਢਕੇ ਥਾਣੇ ਦੇ ਸਾਹਮਣੇ ਗਰਾਊਂਡ ਵਿਚ ਲਿਆਂਦਾ ਗਿਆ। ਉਹਨਾਂ ਦੀ ਛਾਤੀ ਵਿਚ ਨਿਸ਼ਾਨਾ ਲਾਉਣ ਲਈ 50 ਬੰਦੂਕਧਾਰੀ ਸਿਪਾਹੀ ਪਹਿਲਾਂ ਤੋਂ ਹੀ ਤਿਆਰ ਖੜ੍ਹੇ ਸਨ। ਇਨ੍ਹਾਂ ਵਿਚੋਂ 10 ਸਿਪਾਹੀਆਂ ਨੇ ਤਾਂ ਬਕਾਇਦਾ ਨਿਸ਼ਾਨਾ ਲਾਉਣ ਲਈ ਪੁਜ਼ੀਸ਼ਨ ਲਈ ਹੋਈ ਸੀ। ਉਹਨਾਂ ਨੇ ਇਸ਼ਾਰਾ ਮਿਲਦਿਆਂ ਹੀ ਹਿੰਦੁਸਤਾਨੀ ਸਿਪਾਹੀਆਂ ਦੇ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੇ ਨਜ਼ਦੀਕ ਖੜ੍ਹੇ ਪਿੰਡ ਦੇ ਸਫ਼ਾਈ ਸੇਵਕ ਲਾਸ਼ਾਂ ਨੂੰ ਘਸੀਟ-ਘਸੀਟ ਕੇ ਇਕ-ਦੂਜੇ ਉਪਰ ਸੁੱਟ ਰਹੇ ਸਨ। ਸਵੇਰੇ 10 ਵਜੇ ਤਕ ਅਜਨਾਲੇ ਦੇ ਪੁਲਿਸ ਥਾਣੇ ਦੀ ਗਰਾਊਂਡ ਵਿਚ 237 ਸਿਪਾਹੀਆਂ ਦੀਆਂ ਲਾਸ਼ਾਂ ਦਾ ਵੱਡਾ ਢੇਰ ਲੱਗ ਚੁਕਿਆ ਸੀ। ਜਦੋਂ ਥਾਣੇ ’ਚ ਬੰਦ ਸਾਰੇ ਸਿਪਾਹੀ ਸ਼ਹੀਦ ਕਰ ਦਿੱਤੇ ਗਏ ਤਾਂ ਤਹਿਸੀਲ ਦੇ ਬੁਰਜ ਵਿਚੋਂ ਸਿਪਾਹੀਆਂ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ ਜਾਣ ਲੱਗੀ। ਜਦੋਂ ਬੁਰਜ ਦਾ ਦਰਵਾਜਾ ਖੋਲਿਆ ਗਿਆ ਤਾਂ ਉਸ ਅੰਦਰ ਠੁਸ-ਠੁਸ ਕੇ ਭਰੇ ਸਿਪਾਹੀਆਂ ਵਿਚੋਂ ਕੁਝ ਤਾਂ ਭੁੱਖ-ਪਿਆਸ, ਥਕਾਵਟ ਅਤੇ ਬੁਰਜ ਵਿਚ ਸਾਹ ਘੁੱਟਣ ਕਰਕੇ ਪਹਿਲਾਂ ਹੀ ਦੰਮ ਤੋੜ ਚੁਕੇ ਸਨ ਅਤੇ ਕੁਝ ਅਜੇ ਨੀਮ ਬੇਹੋਸ਼ੀ ਦੀ ਹਾਲਤ ਵਿਚ ਸਹਿਕ ਰਹੇ ਸਨ। ਉਹਨਾਂ ਨੂੰ ਘਸੀਟਦਿਆਂ ਹੋਇਆਂ ਬੁਰਜ਼ ਵਿਚੋਂ ਬਾਹਰ ਕੱਢਿਆ ਗਿਆ। ਕੂਪਰ ਨੇ ਆਪਣੇ ਸਿਪਾਹੀਆਂ ਅਤੇ ਸਫ਼ਾਈ ਸੇਵਕਾਂ ਨੂੰ ਹੁਕਮ ਦਿੱਤਾ ਕਿ ਗੋਲੀਆਂ ਨਾਲ ਮਾਰੇ ਗਏ ਸੈਨਿਕਾਂ ਦੇ ਨਾਲ ਹੀ ਅਧਮੋਏ ਅਤੇ ਸਹਿਕਦੇ ਹੋਏ ਸਿਪਾਹੀਆਂ ਨੂੰ ਥਾਣੇ ਦੀ ਗਰਾਉਂਡ ਦੇ ਪਾਸ ਮੌਜੂਦ ਪਾਣੀ ਰਹਿਤ ਵੱਡੇ ਖੂਹ ਵਿਚ ਸੁੱਟ ਕੇ ਖੂਹ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ ਜਾਵੇ।
ਇਸ ਘਟਨਾ ਦਾ ਜ਼ਿਕਰ ਕਰਦਾ ਹੋਇਆ ਕੂਪਰ ‘ਕਰਾਈਸਿਸ ਇਨ ਦੀ ਪੰਜਾਬ’ ਪੁਸਤਕ ਵਿਚ ਉਪਰੋਕਤ ਸ਼ਹੀਦੀ ਖੂਹ ਨੂੰ ‘ਪੂਰਬੀਆਂ ਦੇ ਖੂਹ’, ‘ਬਾਗ਼ੀਆਂ ਦੇ ਖੂਹ’ ਅਤੇ ‘ਕਾਲਿਆਂਵਾਲਾ ਖੂਹ’ ਦੇ ਨਾਂਅ ਨਾਲ ਸੰਬੋਧਿਤ ਕਰਦਾ ਹੋਇਆ ਲਿੱਖਦਾ ਹੈ-‘‘ਸਾਡੇ ਸਿਪਾਹੀਆਂ ਨੇ ਬਾਗ਼ੀ ਥੱਕੇ-ਹਾਰੇ ਹਿੰਦੁਸਤਾਨੀ ਸਿਪਾਹੀਆਂ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਦੀ ਗਿਣਤੀ 500 ਦੇ ਕਰੀਬ ਸੀ। ਉਹ ਭੁੱਖ ਅਤੇ ਥਕਾਵਟ ਨਾਲ ਇਤਨੇ ਨਿਰਬਲ ਹੋ ਚੁਕੇ ਸਨ ਕਿ ਨਦੀ ਦੀਆਂ ਤੇਜ਼ ਲਹਿਰਾਂ ਅੱਗੇ ਠਹਿਰ ਨਾ ਸਕੇ। ਰਾਵੀ ਦਾ ਪਾਣੀ ਉਨ੍ਹਾਂ ਦੇ ਖ਼ੂਨ ਨਾਲ ਲਾਲ ਹੋ ਗਿਆ ਸੀ।ਗਿਫ਼੍ਰਤਾਰ ਕੀਤੇ ਸਿਪਾਹੀਆਂ ਨੂੰ ਦਰਿਆ ਪਾਰ ਲਿਆਉਣ ਲਈ ਰੱਸਿਆਂ ਨਾਲ ਘੁੱਟ ਕੇ ਬੰਨ੍ਹਿਆ ਗਿਆ ਅਤੇ ਉਹਨਾਂ ਦੇ ਗਲ੍ਹਿਆਂ ਵਿਚ ਪਏ ਮਾਲਾ/ਜਨੇਊ ਤੋੜ ਕੇ ਪਾਣੀ ਵਿਚ ਸੁੱਟ ਦਿੱਤੇ ਗਏ।ਉਸ ਸਮੇਂ ਤੇਜ਼ ਮੀਂਹ ਵਰ੍ਹ ਰਿਹਾ ਸੀ।ਉਹਨਾਂ 282 ਸਿਪਾਹੀਆਂ ਵਿਚੋਂ ਕੁਝ ਸੈਨਾ ਦੇ ਹਿੰਦੁਸਤਾਨੀ ਅਫ਼ਸਰ ਵੀ ਸਨ।ੂ
ਦੁਖ ਨਾਲ ਬਿਆਨ ਕਰਨਾ ਪੈਂਦਾ ਹੈ ਕਿ ਆਜ਼ਾਦ ਭਾਰਤ ਦੀ ਕਿਸੇ ਵੀ ਸਰਕਾਰ ਨੇ ਖੂਹ ਵਿਚ ਦਫ਼ਨ ਇਨ੍ਹਾਂ ਹਿੰਦੁਸਤਾਨੀ ਸਿਪਾਹੀਆਂ ਦੀਆਂ ਦੇਹਾਂ ਨੂੰ ਅਜੇ ਤਕ ਬਾਹਰ ਕਢਣ ਦਾ ਕੋਈ ਉਪਰਾਲਾ ਨਹੀਂ ਕੀਤਾ। ਸਗੋਂ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਭਾਰਤੀਆਂ ਨੇ ਆਪਣੀ ਗ਼ੁਲਾਮ ਮਾਨਸਿਕਤਾ ਦੇ ਚਲਦਿਆਂ ਜਾਂ ਇੰਝ ਕਹਿ ਲਵੋ ਕਿ ਅਗਿਆਣਤਾ ਦੇ ਕਾਰਨ ਉਪਰੋਕਤ ਖੂਹ ਨੂੰ ਅੰਗਰੇਜ਼ਾਂ ਦੁਆਰਾ ਦਿੱਤੇ ‘ਕਾਲਿਆਂਵਾਲਾ ਖੂਹ’ ਨਾਂਅ ਨਾਲ ਸੰਬੋਧਿਤ ਕਰਨ ਦਾ ਸਿਲਸਿਲ੍ਹਾ ਜਾਰੀ ਰੱਖਿਆ।ਕੁਝ ਲੋਕਾਂ ਨੇ ਤਾਂ ਇਸ ਨੂੰ ‘ਭੂਤਾਂ ਦਾ ਖੂਹ’ ਤੱਕ ਕਹਿਣਾ ਸ਼ੁਰੂ ਕਰ ਦਿੱਤਾ। ਇਹ ਵਾਕਿਆ ਹੀ ਬੜਾ ਸ਼ਰਮਨਾਕ ਅਤੇ ਦੁਖ਼ਦਾਈ ਸੱਚ ਹੈ ਕਿ ਅੱਜ ਵੀ ਉਪਰੋਕਤ ਸ਼ਹੀਦਾਂ ਨੂੰ ‘ਕਾਲਾ’ ਕਹਿਕੇ ਅਪਮਾਨਿਤ ਕਰਨ ਦੇ ਨਾਲ-ਨਾਲ ਉਹਨਾਂ ਦੀ ਯਾਦਗਾਰ ਨੂੰ ਅਜਨਾਲਾ ਸ਼ਹਿਰ ਦੇ ਸਵਾਗਤੀ ਗੇਟ ’ਤੇ ‘ਕਾਲਿਆਂਵਾਲਾ ਖੂਹ’ ਨਾਂਅ ਨਾਲ ਸੰਬੋਧਿਤ ਕੀਤਾ ਜਾ ਰਿਹਾ ਹੈ।
ਮੈਂ (ਲੇਖਕ) ਉਪਰੋਕਤ ਖੂਹ ਨਾਲ ਸੰਬੰਧਿਤ 11 ਮੈਂਬਰੀ ਕਮੇਟੀ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀ ਮੰਗ ਅਤੇ ਸੁਝਾਅ ’ਤੇ ਉਪਰੋਕਤ ਸ਼ਹੀਦੀ ਖੂਹ ਵਿਚੋਂ ਸਨਮਾਨ ਸਹਿਤ ਜੰਗੇ-ਏ-ਆਜ਼ਾਦੀ ਦੇ ਸ਼ਹੀਦ ਸਿਪਾਹੀਆਂ ਦੀਆਂ ਅਸਥੀਆਂ ਬਾਹਰ ਕੱਢਕੇ ਜਲ-ਪ੍ਰਵਾਹ ਕਰਨ ਅਤੇ ਉਪਰੋਕਤ ਖੂਹ ਦਾ ਨਾਂਅ ‘ਕਾਲਿਆਂਵਾਲਾ ਖੂਹ’ ਤੋਂ ਬਦਲ ਕੇ ਸਨਮਾਨ-ਜਨਕ ਨਾਂਅ ਰੱਖਣ ਦੇ ਸੁਝਾਅ ਨੂੰ ਖਿੜ੍ਹੇ ਮੱਥੇ ਪ੍ਰਵਾਨ ਕਰਦਿਆਂ ਸੰਬੰਧਿਤ ਕਮੇਟੀ ਦਾ ਨਾਂਅ ਕਾਲਿਆਂਵਾਲਾ ਖੂਹ ਤੋਂ ਬਦਲ ਕੇ ‘ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਅਜਨਾਲਾ’ ਰੱਖ ਦਿੱਤਾ। ਇਸ ਦੇ ਬਾਅਦ ਕਮੇਟੀ ਨੇ ਵੱਡਾ ਉਪਰਾਲਾ ਕਰਕੇ ਖੂਹ ਦੀ ਭਾਲ ਲਈ ਇਤਿਹਾਸਿਕ ਦਸਤਾਵੇਜ਼ਾਂ ਦੀ ਮਾਰਫ਼ਤ ਨਿਸ਼ਾਨਦੇਈ ਦੇ ਆਧਾਰ ’ਤੇ 3 ਦਸੰਬਰ 2012 ਦੀ ਸ਼ਾਮ ਖੁਦਾਈ ਦਾ ਕੰਮ ਸ਼ੁਰੂ ਕੀਤਾ।ਜਿਸ ਤੋਂ ਬਾਅਦ ਧਰਤੀ ਦੀ ਉਪਰੀ ਪਰਤ ਤੋਂ 10 ਫੁੱਟ ਹੇਠਾਂ ਖੂਹ ਮਿਲ ਗਿਆ।ਇਸ ਖੂਹ ਦੇ ਹੋਰ 11.5 ਫੁੱਟ ਹੇਠਾਂ ਸ਼ਹੀਦਾਂ ਦੀਆਂ ਅਸਥੀਆਂ ਮੌਜੂਦ ਹਨ।
ਪੂਰੇ 157 ਵਰ੍ਹਿਆਂ ਤਕ ਤਹਿਸੀਲ ਅਜਨਾਲਾ ਦੇ ਉਪਰੋਕਤ ਸ਼ਹੀਦੀ ਖੂਹ ਨੇ ਆਪਣੀ ਪਹਿਚਾਣ ਅਤੇ ਆਤਮਾ ਦੀ ਸ਼ਾਂਤੀ ਲਈ ਤਰਸ ਰਹੀਆਂ ‘ਜੰਗ-ਏ-ਅਜ਼ਾਦੀ ਸੰਨ 1857’ ਦੇ ਜਿਨ੍ਹਾਂ 282 ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ ਨੂੰ ਆਪਣੀ ਆਗ਼ੋਸ਼ ’ਚ ਸੰਭਾਲੀ ਰੱਖਿਆ, ਉਹ ਇਸ 28 ਫਰਵਰੀ (ਸ਼ੁੱਕਰਵਾਰ) ਨੂੰ ਸਵੇਰੇ 10 ਵਜੇ ਧਾਰਮਿਕ ਵਿਧੀ ਅਤੇ ਪੂਰੇ ਸਨਮਾਨ ਸਹਿਤ ਕੱਢੀਆਂ ਜਾ ਰਹੀਆਂ ਹਨ।ਕੁਝ ਜ਼ਰੂਰੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਇਨ੍ਹਾਂ ਅਸਥੀਆਂ ਦਾ ਅਜਨਾਲਾ ਵਿਖੇ ਸਸਕਾਰ ਕੀਤਾ ਜਾਵੇਗਾ ਅਤੇ ‘ਗੁਰਦੁਆਰਾ ਸ਼ਹੀਦ ਗੰਜ-ਸ਼ਹੀਦਾਂ ਵਾਲਾ ਖੂਹ ਕਮੇਟੀ’ ਵਲੋਂ ਇਕ ਵਿਸ਼ਾਲ ਜੁਲੂਸ ਦੇ ਰੂਪ ਵਿਚ ਇਹਸ੍ਰੀ ਗੋਇੰਦਵਾਲ ਸਾਹਿਬ ਅਤੇ ਹਰਿਦੁਆਰ ਵਿਖੇ ਜਲ ਪ੍ਰਵਾਹ ਕਰਨ ਲਈ ਲਿਜਾਈਆਂ ਜਾਣਗੀਆਂ। ਦੇਸ਼ ਅਤੇ ਦੇਸ਼-ਭਗਤਾਂ ਨਾਲ ਪਿਆਰ ਕਰਨ ਵਾਲੇ ਸਭ ਦੇਸ਼ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਕੇ ਉਪਰੋਕਤ ਸ਼ਹੀਦਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦੇਣਾ ਚਾਹੀਦਾ ਹੈ।