ਮਾਲੇਰਕੋਟਲਾ, 10 ਜੂਨ (ਅਸ਼ੋਕ) – ਸਥਾਨਕ ਇਸਲਾਮੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਵਕਫ ਬੋਰਡ ਵੱਲੋਂ ਪੈਨਸ਼ਨ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਉਚੇਰੀ ਸਿੱਖਿਆ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਮੈਡਮ ਰਜ਼ੀਆ ਸੁਲਤਾਨਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਇਸ ਮੌਕੇ ਰਜ਼ੀਆ ਸੁਲਤਾਨਾ ਦੇ ਨਾਲ ਉਨ੍ਹਾਂ ਦੀ ਨੂੰਹ ਬੀਬੀ ਜੇਨਬ ਅਖਤਰ ਵੀ ਮੌਜੂਦ ਸਨ।ਸਮਾਗਮ ਵਿੱਚ ਮੈਡਮ ਰਜ਼ੀਆ ਸੁਲਤਾਨਾ ਵੱਲੋਂ 2820 ਲੋੜਵੰਦ ਬਜ਼ੁਰਗਾਂ, ਵਿਧਵਾਵਾਂ, ਅਪੰਗਾਂ ਤੇ ਨਿਆਸਰੇ ਬੱਚਿਆਂ ਨੂੰ 18-18 ਸੌ ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ 50 ਲੱਖ 76 ਹਜ਼ਾਰ ਰੁਪਏ ਦੀਆਂ ਨਕਦ ਪੈਨਸ਼ਨਾਂ ਦੀ ਵੰਡ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਅਣਥੱਕ ਯਤਨਾਂ ਸਦਕਾ 540 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਬ ਮਿਸ਼ਨ ਆਨ ਵਾਟਰ ਕੁਆਲਟੀ ਅਤੇ ਵਿਸ਼ਵ ਬੈਂਕ ਵੱਲੋਂ ਮਨਜੂਰੀ ਦਿੱਤੀ ਗਈ ਹੈ ਜਿਸ ਰਾਹੀਂ ਆਰਸੈਨਿਕ, ਆਇਰਨ ਅਤੇ ਫਲੋਰਾਈਡ ਤੋਂ ਪ੍ਰਭਾਵਿਤ ਪਿੰਡਾਂ ਨੂੰ ਸੁਰੱਖਿਅਤ ਪੀਣ ਯੋਗ ਪਾਣੀ ਦੀ ਸਪਲਾਈ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹੋਰ ਪ੍ਰਭਾਵਿਤ ਜਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਅਤੇ ਹੋਰ ਪੀਣ ਯੋਗ ਪਾਣੀ ਦੇ ਸਰੋਤਾਂ ਵਿਚਲੇ ਜਹਿਰੀਲੇ ਤੱਤਾਂ ਨੂੰ ਹਟਾਉਣ ਲਈ ਵਿਸ਼ੇਸ਼ ਪਲਾਂਟ ਅਤੇ ਪਾਣੀ ਜਾਂਚਣ ਦੀਆਂ ਪ੍ਰਯੋਗਸ਼ਾਲਾਵਾਂ ਸਥਾਪਤ ਕੀਤੀਆਂ ਜਾ ਰਹੀਆਂ ਹਨ।
ਮੈਡਮ ਰਜ਼ੀਆ ਸੁਲਤਾਨਾ ਮੁਤਾਬਿਕ ਇਹਨਾਂ ਪੰਜ ਪ੍ਰਜੈਕਟਾਂ ਨੂੰ ਭਾਰਤ ਸਰਕਾਰ ਦੇ ਰਾਸ਼ਟਰੀ ਸਬ ਮਿਸ਼ਨ ਆਨ ਵਾਟਰ ਕੁਆਲਟੀ ਅਤੇ ਵਿਸ਼ਵ ਬੈਂਕ ਵੱਲੋ ਮਨਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਦੇ ਨਿਰਮਾਣ ਦਾ ਕੰਮ ਨਵੰਬਰ 2018 ਤੋਂ ਸ਼ੁਰੂ ਕਰ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਮਾਲਵੇ ਦੇ ਪ੍ਰਭਾਵਿਤ ਇਲਾਕਿਆਂ ਸਮੇਤ ਸੂਬੇ ਦੇ ਹੋਰ ਪਿੰਡਾਂ ਵਿੱਚ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਲਈ ਲੱਗਭਗ 2364 ਆਰ.ਓ. ਪਲਾਂਟ ਲਗਾ ਦਿੱਤੇ ਹਨ, ਇਸ ਤੋਂ ਇਲਾਵਾ 74 ਪਲਾਂਟ ਲਗਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਅਗਲੇ ਵਿੱਤੀ ਸਾਲ 2018-19 ਵਿੱਚ 153 ਹੋਰ ਆਰ.ਓ ਪਲਾਂਟ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਏ ਜਾਣਗੇ।
ਇਸ ਮੌਕੇ ਨਗਰ ਕੌਂਸਲ ਮਾਲੇਰਕੋਟਲਾ ਦੇ ਪ੍ਰਧਾਨ ਮੁਹੰਮਦ ਇਕਬਾਲ ਫੌਜੀ, ਪੰਜਾਬ ਵਕਫ ਬੋਰਡ ਦੇ ਮੈਂਬਰ ਐਡਵੋਕੇਟ ਇਜਾਜ ਆਲਮ, ਐਡਵੋਕੇਟ ਮੈਡਮ ਸ਼ਬਾਨਾ, ਪੰਜਾਬ ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਕੌਂਸਲਰ ਫਾਰੂਕ ਅਨਸਾਰੀ, ਦਰਬਾਰਾ ਸਿੰਘ, ਮੁਹੰਮਦ ਤਾਰਿਕ, ਮੁਹੰਮਦ ਸਾਕਿਬ (ਤਿੰਨੋ ਪੀ.ਏ), ਚੌਧਰੀ ਮੁਹੰਮਦ ਬਸ਼ੀਰ, ਸਚਿਨ ਕੁਮਾਰ, ਦਰਸ਼ਨਪਾਲ ਰਿਖੀ, ਸ਼ਮਸ਼ਾਦ ਜੁਬੈਰੀ (ਸਾਰੇ ਕੌਂਸਲਰ), ਬਲਾਕ ਯੂਥ ਕਾਂਗਰਸ ਦੇ ਪ੍ਰਧਾਨ ਸੁਹੈਬ ਅਹਿਮਦ ਖਾਂ ਸ਼ੈਬੀ, ਡੇਅਰੀ ਫਾਰਮਿੰਗ ਯੂਨੀਅਨ ਦੇ ਪ੍ਰਧਾਨ ਮੁਹੰਮਦ ਅਸਲਮ (ਅੱਛੂ), ਗੁਰਦੀਪ ਸਿੰਘ ਧੀਮਾਨ, ਇਕਬਾਲ ਲਾਲਾ, ਮਹਿੰਦਰ ਸਿੰਘ ਪਰੂਥੀ, ਯੂਥ ਆਗੂ ਮੁਹੰਮਦ ਸ਼ਕੀਲ, ਅਬਦੁੱਲ ਸ਼ਕੂਰ ਕਿਲਾ, ਮੁਹੰਮਦ ਇਸ਼ਫਾਕ, ਪੱਪੂ ਕਿਲ੍ਹਾ ਸਮੇਤ ਪੰਜਾਬ ਵਕਫ ਬੋਰਡ ਦੇ ਸਾਰੇ ਸਥਾਨਕ ਅਧਿਕਾਰੀ ਵੀ ਹਾਜ਼ਰ ਸਨ।