ਮੋਦੀ ਨੇ ਲੋਕਾਂ ਨੂੰ ਅੱਤ ਭੈੜੇ ਦਿਨਾਂ ਵੱਲ ਧਕਿਆ : ਜਾਖੜ
ਬਟਾਲਾ, 8 ਜੂਨ (ਲੱਕੀ ਰਾਜਪੂਤ)- ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ ਹਜ਼ਾਰਾਂ ਲੋਕਾਂ ਦੇ ਇਕਠ ਵਲੋਂ ਅਜ ਬਟਾਲਾ ਸ਼ਹਿਰ ਵਿਖੇ ਪੈਟਰੋਲੀਅਮ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ, ਗੁਰਦਾਸਪੁਰ ਤੋਂ ਵਿਧਾਇਕ ਸ. ਬਰਿੰਦਰਮੀਤ ਸਿੰਘ ਪਾਹੜਾ, ਅਭਿਨਵ ਸੇਖੜੀ, ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁਢ ਸਮੇਤ ਵਡੀ ਗਿਣਤੀ ਵਿਚ ਆਗੂ ਮੌਜੂਦ ਸਨ।
ਸਭ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਨੇ ਸੇਖੜੀ ਹਾਊਸ ਵਿਖੇ ਵਡੀ ਗਿਣਤੀ ਵਿਚ ਇਕਤਰ ਹੋਏ ਸਮਰਥਕਾਂ ਨੂੰ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਾਇਆ। ਉਪਰੰਤ ਸ੍ਰੀ ਜਾਖੜ, ਅਸ਼ਵਨੀ ਸੇਖੜੀ, ਵਿਧਾਇਕ ਪਾਹੜਾ ਸਮੇਤ ਸਾਰੇ ਆਗੂਆਂ ਅਤੇ ਹਾਜ਼ਰ ਲੋਕਾਂ ਨੇ ਪੈਦਲ ਮਾਰਚ ਰਾਹੀਂ ਅਤੇ ਰਿਕਸ਼ੇ ਅਤੇ ਰੇੜਿਆਂ ‘ਤੇ ਸਵਾਰ ਹੋ ਕੇ ਤੇਲ ਦੀਆਂ ਵਧੀਆਂ ਕੀਮਤਾਂ ਖਿਲਾਫ਼ ਮੋਦੀ ਸਰਕਾਰ ਵਿਰੁਧ ਆਪਣਾ ਰੋਸ ਜ਼ਾਹਰ ਕੀਤਾ। ਇਹ ਰੋਸ ਮਾਰਚ ਸੇਖੜੀ ਹਾਊਸ ਤੋਂ ਸ਼ੁਰੂ ਹੋ ਕੇ ਵਾਲਮੀਕਿ ਚੌਂਕ, ਜਸਾ ਸਿੰਘ ਰਾਮਗੜ੍ਹੀਆ ਹਾਲ, ਸਿਨੇਮਾ ਰੋਡ, ਸਿਟੀ ਰੋਡ ਵਲ ਦੀ ਹੁੰਦਾ ਹੋਇਆ ਗਾਂਧੀ ਚੌਂਕ ਵਿਖੇ ਆ ਕੇ ਸਮਾਪਤ ਹੋਇਆ। ਇਸ ਮੌਕੇ ਕਾਂਗਰਸੀ ਕਾਰਕੁਨਾਂ ਵਲੋਂ ਤੇਲ ਦੀਆਂ ਵਧੀਆਂ ਕੀਮਤਾਂ ਦੇ ਰੋਸ ਵਜੋਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਮੋਦੀ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ।ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਇਸ ਮੌਕੇ ਹਾਜ਼ਰ ਇਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਹੁਣ ਜਿਆਦਾ ਸਮਾਂ ਮੋਦੀ ਦੇ ਤੁਗਲਕੀ ਫ਼ੁਰਮਾਨਾਂ ਨੂੰ ਬਰਦਾਸ਼ਤ ਨਹੀਂ ਕਰਨਗੇ।ਇਸ ਮੌਕੇ ਸ੍ਰੀ ਸੇਖੜੀ ਨੇ ਵਡੀ ਗਿਣਤੀ ਵਿਚ ਰੋਸ ਮੁਜ਼ਾਹਰ ਵਿਚ ਪਹੁੰਚੇ ਬਟਾਲਾ ਹਲਕੇ ਦੇ ਲੋਕਾਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਸਵਿੰਦਰ ਸਿੰਘ ਭਾਗੋਵਾਲੀਆ ਰਿਟਾਇਡ ਡੀ.ਪੀ.ਆਰ.ਓ., ਅਜੇ ਮਹਾਜਨ, ਕੌਂਸਲਰ ਸਰੀਨ, ਜਤਿੰਦਰ ਅਤਰੀ ਹੀਰਾ ਵਾਈਸ ਪ੍ਰਧਾਨ ਸਿਟੀ ਕਾਂਗਰਸ, ਸੁਖਦੇਵ ਸਿੰਘ ਘਸੀਟਪੁਰ, ਕੁਲਭੂਸ਼ਨ, ਹਰਮਿੰਦਰ ਸਿੰਘ ਸੈਂਡੀ, ਵਰਮਾ, ਗੁਰਚਰਨ ਸਿੰਘ ਘੋਨਾ, ਡਾ. ਸੁਲਖਣ ਸਿੰਘ, ਰੂਬੀ ਭੁਲਰ, ਡਾ. ਸਵਿੰਦਰ ਸਿੰਘ, ਭਾਰਤ ਭੂਸਨ ਯਾਦਵ, ਵਿਕੀ ਸੂਰੀ, ਟੀਨਾ ਕਸ਼ਅਪ, ਬੰਟੀ ਗਤਕਾ, ਵਿਜੇ ਅਤਰੀ, ਗੁਰਮੀਤ ਬਲਪੁਰੀਆਂ ਵੀ ਹਾਜ਼ਰ ਸਨ।