ਸ੍ਰੀ ਅਨੰਦਪੁਰ ਸਾਹਿਬ, 6 ਜੂਨ (ਦਵਿੰਦਰਪਾਲ ਸਿੰਘ, ਅੰਕੁਸ਼)- ਅੱਜ ਸ੍ਰੀ ਅਨੰਦਪੁਰ ਸਾਹਿਬ ਤੋਂ ਗੜਸ਼ੰਕਰ ਮਾਰਗ ਤੇ ਸਥਿਤ ਅਗੰਮਪੁਰ ਰੇਲਵੇ ਕਰਾਸਿੰਗ ‘ਤੇ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਰੇਲ ਗੱਡੀ ਆਉਣ ਦੇ ਬਾਵਯੂਦ ਵੀ ਗੇਟ ਮੈਨ ਫਾਟਕ ਬੰਦ ਕਰਨਾ ਭੁੱਲ ਗਿਆ। ਇਸ ਦੌਰਾਨ ਸਹਾਰਨਪੁਰ ਤੋਂ ਨੰਗਲ ਡੈਮ ਵਾਲੀ ਗੱਡੀ ਦੇ ਡਰਾਈਵਰ ਨੇ ਸਟੇਸ਼ਨ ਮਾਸਟਰ ਦੇ ਨਾਲ ਸੰਪਰਕ ਕੀਤਾ। ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਉਕਤ ਰੇਲਵੇ ਫਾਟਕ ‘ਤੇ ਉਸ ਵੇਲੇ ਚਰਚਾਵਾਂ ਦਾ ਬਜ਼ਾਰ ਗਰਮ ਹੋ ਗਿਆ ਜਦੋਂ ਰੇਲਗੱਡੀ ਆਉਣ ਦੇ ਬਾਵਯੂਦ ਵੀ ਫਾਟਕ ਬੰਦ ਨਾ ਹੋਇਆ। ਹਾਲਾਂਕਿ ਫਾਟਕ ਰੇਲਵੇ ਕਰਾਸਿੰਗ ਨੂੰ ਲੰਘਣ ਵਾਸਤੇ ਖੜੇ ਲੋਕਾਂ ਦੀ ਸੂਝਬੂਝ ਕਰਕੇ ਕੋਈ ਹਾਦਸਾ ਨਾ ਹੋਇਆ ਅਤੇ ਡਰਾਈਵਰ ਨੇ ਗੱਡੀ ਤੋਂ ਹੇਠਾਂ ਉਤਰ ਕੇ ਗੇਟ ਮੈਨ ਨੂੰ ਸਤਰਕ ਕੀਤਾ ਅਤੇ ਫਿਰ ਫਾਟਕ ਬੰਦ ਕਰਵਾਇਆ। ਓਧਰ ਜਦੋਂ ਇਸ ਬਾਰੇ ਵਿੱਚ ਸਥਾਨਕ ਰੇਲਵੇ ਸਟੇਸ਼ਨ ਦੇ ਸੁਪਰਡੈੰਟ ਰੋਦਾਸ਼ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਹਾਦਸੇ ਵਾਲੀ ਗੱਲ ਨਹੀਂ ਹੈ ਪਰ ਫਾਟਕ ਬੰਦ ਹੋਣ ਤੋਂ ਜਰੂਰ ਰਹਿ ਗਿਆ। ਜਿਸ ਕਰਕੇ ਮੈਨੂੰ ਗੱਡੀ ਦੇ ਡਰਾਈਵਰ ਦਾ ਫੋਨ ਆਇਆ ਸੀ ਕਿ ਤੁਹਾਡਾ ਸਿਗਨਲ ਡਾਊਨ ਨਹੀਂ ਹੋਇਆ ਹੈ ਜੋ ਕਿ ਗੇਟਮੈਨ ਨੇ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਬਣਦੀ ਕਾਰਵਾਈ ਤਾਂ ਰੇਲਵੇ ਦਾ ਇੰਜੀਨੀਅਰਿੰਗ ਵਿੰਗ ਹੀ ਕਰ ਸਕਦਾ ਹੈ ਕਿਉਂਕਿ ਇਹ ਮਸਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਹੈ। ਜਦੋਂ ਇਸ ਬਾਰੇ ਵਿੱਚ ਸੀਨੀਅਰਰ ਸੈਕਸ਼ਨਲ ਇੰਜੀਨੀਅਰ ਸੰਜੈ ਵਰਮਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੇਰੀ ਜਾਣਕਾਰੀ ਵਿੱਚ ਅਜਿਹਾ ਕੋਈ ਮਸਲਾ ਨਹੀਂ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਲਾਕੇ ਭਰ ਵਿੱਚ ਇਸ ਕਥਿਤ ਲਾਪ੍ਰਵਾਹੀ ਦੀ ਵੀਡੀਓ ਗਰੁਪਾਂ ‘ਚ ਵਾਇਰਲ ਹੋ ਚੁੱਕੀ ਹੈ। ਜਦਕਿ ਸੂਤਰਾਂ ਤੋਂ ਮਿਲੀ ਜਾਣਾਰੀ ਦੇ ਅਨੁਸਾਰ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਵੀ ਅਰੰਭੀ ਗਈ ਹੈ ਕਿ ਜਾਂਚ ਅਨੁਸਾਰ ਉਕਤ ਗੇਟਮੈਨ ਦੀ ਕਥਿਤ ਤੌਰ ਤੇ ਨੀਂਦ ਕਾਰਨ ਅੱਖ ਲੱਗ ਗਈ ਸੀ। ਜਿਸ ਕਰਕੇ ਇਹ ਅਣਗਹਿਲੀ ਵਾਪਰੀ ਹੈ।
ਸ਼੍ਰੀ ਅਨੰਦਪੁਰ ਸਾਹਿਬ ਦੇ ਅਗੰਮਪੁਰ ਰੇਲਵੇ ਕਰਾਸਿੰਗ ’ਤੇ ਵੱਡਾ ਹਾਦਸਾ ਹੋਣੋ ਟਲਿਆ, ਰੇਲਗੱਡੀ ਆਉਣ ਦੇ ਬਾਵਯੂਦ ਨਹੀਂ ਬੰਦ ਹੋਇਆ ਫਾਟਕ



