ਭਵਾਨੀਗੜ੍ਹ, 31 ਮਈ (ਕ੍ਰਿਸ਼ਨ ਗਰਗ)- ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਲਗਾਤਾਰ ਕੀਤੇ ਜਾ ਰਹੇ ਵਾਧੇ ਖਿਲਾਫ ਅਜ ਇਥੇ ਟਰਕ ਅਪਰੇਟਰਾਂ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਦਾ ਪੁਤਲਾ ਫੂਕਕੇ ਕੇਂਦਰ ਅਤੇ ਪੰਜਾਬ ਸਰਕਾਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕਠੇ ਹੋਏ ਟਰਕ ਅਪਰੇਟਰ ਹਰਵਿੰਦਰ ਸਿੰਘ ਕਾਕੜਾ, ਹਰਜੀਤ ਸਿੰਘ ਬੀਟਾ, ਇੰਦਰਜੀਤ ਸਿੰਘ ਤੂਰ, ਅਜੈਬ ਸਿੰਘ ਬਖੋਪੀਰ, ਸੱਤਪਾਲ ਸਿੰਘ ਭਵਾਨੀਗੜ੍ਹ, ਹਾਕਮ ਸਿੰਘ ਬਾਲਦ, ਜੱਗਰ ਸਿੰਘ, ਨਰਿੰਦਰ ਸਿੰਘ ਬਲਿਆਲ, ਸੁਰਿੰਦਰ ਸਿੰਘ ਬਾਜਵਾ, ਹਨੀ ਤੋੜ ਅਤੇ ਸੁਖਦੇਵ ਸਿੰਘ ਚਹਿਲ ਨੇ ਕਿਹਾ ਕਿ ਪੈਟਰੌਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਣ ਦੇਸ ਦੇ ਆਮ ਲੋਕਾਂ ਉਤੇ ਭਾਰੀ ਆਰਥਿਕ ਬੋਝ ਪੈ ਰਿਹਾ ਹੈ ਅਤੇ ਪਹਿਲਾਂ ਹੀ ਘਾਟੇ ਵਿਚ ਜਾ ਰਹੇ ਟਰਕ ਅਪਰੇਟਰਾਂ ਦਾ ਕਾਰੋਬਾਰ ਠਪ ਹੋਣ ਕਿਨਾਰੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਅੰਦਰ ਤੇਲ ਦੀਆਂ ਕੀਮਤਾਂ ਵਿਚ 20 ਰੁਪਏ ਪ੍ਰਤੀ ਲੀਟਰ ਵਾਧਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਧੇ ਕਾਰਣ ਦੇਸ ਅੰਦਰ ਕਰੋੜਾਂ ਟਰਕ ਅਪਰੇਟਰਾਂ ਦੇ ਪਰਿਵਾਰਾਂ ਦਾ ਰੋਜਗਾਰ ਖਤਮ ਹੋ ਜਾਵੇਗਾ। ਇਸ ਵਾਧੇ ਕਾਰਣ ਪੈਟਰੌਲ ਵਸਤਾਂ ਦੀਆਂ ਕੀਮਤਾਂ ਵੀ ਅਸਮਾਨ ਚੜ੍ਹ ਗਈਆਂ ਹਨ, ਜਿਸ ਨਾਲ ਆਮ ਲੋਕਾਂ ਦੀ ਜਿੰਦਗੀ ਉਤੇ ਬਹੁਤ ਭੈੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜੇ ਕਾਰਨ ਖੁਦਕਸ਼ੀ ਕਰ ਰਹੇ ਕਿਸਾਨ ਤਾਂ ਤੇਲ ਦੀਆਂ ਕੀਮਤਾਂ ਵਿਚ ਹੋ ਰਹੇ ਬੇਰੋਕ ਵਾਧੇ ਨਾਲ ਝੰਜੋੜ ਦਿੱਤੇ ਗਏ ਹਨ। ਉਨ੍ਹਾਂ ਦੋਵਾਂ ਸਰਕਾਰਾਂ ਨੂੰ ਪੈਟਰੋਲ ਅਤੇ ਡੀਜਲ ਉਪਰ ਲਗਾਏ ਟੈਕਸਾਂ ਨੂੰ ਖਤਮ ਕਰਨ ਦੀ ਮੰਗ ਕੀਤੀ।
ਤੇਲ ਕੀਮਤਾਂ ਵਿਰੁੱਧ ਟਰੱਕ ਅਪਰੇਟਰਾਂ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ



