ਲੋਕਾਂ ਨੂੰ ਚੋਣ ਦੇ ਨਤੀਜੇ ਲਈ ਕਰਨੀ ਪਵੇਗੀ 31 ਤੱਕ ਉਡੀਕ

ਸ਼ਾਹਕੋਟ 28 ਮਈ- ਸ਼ਾਹਕੋਟ ਦੀ ਹੋਈ ਚੋਣ ਅੱਜ ਸਾਂਤੀ ਪੂਰਵਕ ਨੇਪਰੇ ਚੜ ਗਈ। ਹਲਕੇ ਅੰਦਰ ਸ਼ਾਮ ਦੇ 6 ਵਜੇ ਤੱਕ 73 ਫੀਸਦੀ ਪੋਲਿੰਗ ਹੋਈ। ਕੁਝ ਬੂਥਾਂ ਤੇ ਮਸ਼ੀਨਾਂ ਵਿਚ ਕੁਝ ਤਕਨੀਕੀ ਨੁਕਸ ਪੈ ਜਾਣ ਕਾਰਣ ਉਨ੍ਹ੍ਹਾਂ ਨੂੰ ਬਦਲਣਾ ਪਿਆ,। ਹਲਕੇ ਅੰਦਰ 11 ਵੀ.ਵੀ ਪੈਟ ਮਸ਼ੀਨਾਂ,2 ਕੰਟਰੋਲ ਯੂਨਿਟ ਅਤੇ 2 ਬੈਲਟ ਯੂਨਿਟ ਤਬਦੀਲ ਕੀਤੇ ਗਏ। ਮਸ਼ੀਨਾਂ ਵਿਚ ਪਈ ਖਰਾਬੀ ਕਾਰਨ ਕੁਝ ਬੂਥਾਂ ਤੇ ਦੇਰ ਨਾਲ ਪੋਲਿੰਗ ਸ਼ੁਰੂ ਹੋਈ ਅਤੇ ਕਈ ਥਾਵਾਂ ਤੇ ਪੋਲਿੰਗ ਚੱਲਦੀ-ਚੱਲਦੀ ਰੁਕ ਗਈ। ਬੂਥ ਨੰਬਰ 133 ਤੇ 150 ਕੋਟਰੋਲ ਤੇ ਬੈਲਟ ਯੂਨਿਟ ਅਤੇ ਵੀ.ਵੀ ਪੈਟ ਮਸ਼ੀਨਾਂ ਨੂੰ ਬਦਲਣਾ ਪਿਆ। ਬੂਥ ਨੰਬਰ 216 ਦਾ ਕੰਟਰੋਲ ਯੂਨਿਟ ਤਬਦੀਲ ਕੀਤਾ ਗਿਆ। ਬੂਥ ਨੰਬਰ 169,170,222,27,28,39,45, 132,198,224 ਅਤੇ 226 ਦੇ ਵੀ.ਵੀ ਪੈਟ ਤਬਦੀਲ ਕਰਨੇ ਪਏ। ਦੁਪਹਿਰ ਤਕ ਇੱਕ ਵਜੇ ਤੱਕ 44 ਫੀਸਦੀ ਪੋਲਿੰਗ ਹੋ ਚੁੱਕੀ ਸੀ। ਜਿਉ ਗਰਮੀ ਨੇ ਕੜਕ ਚਾੜਿਆ ਤਾਂ ਬੂਥਾਂ ਵਿਚ ਵੋਟ ਪਾਉਣ ਵਾਲਾ ਕੋਈ ਵਿਰਲਾ ਵਿਰਲਾ ਹੀ ਦਿਖਾਈ ਦੇਣ ਲੱਗਾ। ਕਰੀਬ 3 ਵਜੋ ਤੋਂ ਬਾਅਦ ਬੂਥਾਂ ਤੇ ਵੋਟ ਦਾ ਇਸਤੇਮਾਲ ਕਰਨ ਵਾਲਿਆ ਦੀ ਕੁਝ ਭੀੜ ਦਿਖਾਈ ਦੇਣ ਲੱਗੀ। ਪਿੰਡਾਂ ਅੰਦਰ ਮਾਹੌਲ ਸਾਂਤ ਹੀ ਦਿਖਾਈ ਦਿੱਤਾ। ਹਲਕੇ ਅੰਦਰ ਕਾਂਗਰਸ ਅਤੇ ਅਕਾਲੀ ਦਲ ਦੇ ਬੂਥ ਦਿਖਾਈ ਦਿੱਤੇ। ਆਮ ਆਦਮੀ ਪਾਰਟੀ ਦੇ ਕਿਸੇ ਕਿਸੇ ਪਿੰਡ ਵਿਚ ਹੀ ਬੂਥ ਲੱਗੇ ਸਨ। ਇਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਮੁੱਖ ਮੁਕਾਬਲਾ ਕਾਂਗਰਸ ਤੇ ਅਕਾਲੀ ਦਲ ਦਰਮਿਆਨ ਹੀ ਰਹਿ ਗਿਆ ਹੈ। ਵੋਟਰਾਂ ਨੇ ਅੱਜ 12 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਕਰ ਦਿੱਤਾ ਹੈ। 31 ਮਈ ਤੱਕ ਉਮੀਦਵਾਰਾਂ ਦੀਆਂ ਧੜਕਣਾ ਧੜਕਦੀਆਂ ਰਹਿਣਗੀਆਂ।



