ਚੰਡੀਗੜ੍ਹ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਦੀ ਰੋਪੜ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਮਿਲਕ ਪਲਾਂਟ ਮੋਹਾਲੀ ਦਾ 21ਵਾਂ ਸਾਲਾਨਾ ਇਜਲਾਸ ਮਿਲਕ ਪਲਾਂਟ ਮੋਹਾਲੀ ਵਿਖੇ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪਲਾਂਟ ਦੇ ਚੇਅਰਮੈਨ ਸ. ਪਰਮਿੰਦਰ ਸਿੰਘ ਚਲਾਕੀ ਨੇ ਕੀਤੀ।ਸਾਲ 2010-11, 2011-12 ਅਤੇ 2012-13 ਸਬੰਧੀ ਕਰਵਾਏ ਗਏ ਇਸ ਸਾਲਾਨਾ ਇਜਲਾਸ ਦੌਰਾਨ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਚਲਾਕੀ ਨੇ ਦੱਸਿਆ ਕਿ ਪੰਜਾਬ ਦੇ ਦੂਜੇ ਪਲਾਂਟਾਂ ਨਾਲੋਂ ਆਪਣੇ ਉਤਪਾਦਕਾਂ ਨੂੰ ਦੁੱਧ ਦੀ ਵੱਧ ਕੀਮਤ ਸਣੇ ਹੋਰ ਤਕਨੀਕੀ ਸੇਵਾਵਾਂ ਪ੍ਰਦਾਨ ਕਰ ਰਹੇ ਇਸ ਮਿਲਕ ਪਲਾਂਟ ਦੀ ਦੁੱਧ ਸੰਭਾਲ ਸਮਰੱਥਾ ਛੇਤੀ ਹੀ ਵਧਾ ਕੇ 5 ਲੱਖ ਲੀਟਰ ਪ੍ਰਤੀ ਦਿਨ ਕੀਤੀ ਜਾ ਰਹੀ ਹੈ। ਮਿਲਕ
ਪਲਾਂਟ ਨਾਲ ਜੁੜੀਆਂ ਸਮੂਹ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ, ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਆਸ ਪ੍ਰਗਟਾਈ ਕਿ ਉਤਪਾਦਕਾਂ ਦੁੱਧ ਦੇ ਧੰਦੇ ਨੂੰ ਹੋਰ ਵਧਾਉਣਗੇ ਤਾਂ ਜੋ ਉਨ੍ਹਾਂ ਦੀ ਮਾਲੀ ਹਾਲਤ ਵਿਚ ਹੋਰ ਸੁਧਾਰ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਦੁੱਧ ਦੀ ਕੀਮਤ ਤੋਂ ਇਲਾਵਾ 5 ਰੁਪਏ ਪ੍ਰਤੀ ਕਿਲੋ ਇਨਸੈਂਟਿਵ ਦੇਣ ਲਈ ਮਾਮਲਾ ਛੇਤੀ ਹੀ ਸਰਕਾਰ ਅੱਗੇ ਰੱਖਣਗੇ। ਸ. ਪਰਮਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਮਿਲਕ ਪਲਾਂਟ ਮੋਹਾਲੀ ਹਮੇਸ਼ਾ ਦੁਧ ਉਤਪਾਦਕਾਂ ਅਤੇ ਖਪਤਕਾਰਾਂ ਦੀ ਬਿਹਤਰੀ ਲਈ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਦਾ ਰਹੇਗਾ ਤੇ ਸਹਿਕਾਰੀ ਖੇਤਰ ਵਿੱਚ ਡੇਅਰੀ ਦੇ ਕਿੱਤੇ ਨੂੰ ਵਧੇਰੇ ਲਾਹੇਵੰਦ ਬਣਾਉਣ ਲਈ ਯਤਨਸ਼ੀਲ ਰਹੇਗਾ। ਉਨ੍ਹਾਂ ਦੱਸਿਆ ਕਿ ਛੇਤੀ ਹੀ ਮਿਲਕ ਪਲਾਂਟ ਮੋਹਾਲੀ ਵੱਲੋਂ ਮੈਂਬਰ ਸਭਾਵਾਂ ਰਾਹੀਂ 7.50 ਕਰੋੜ ਬੋਨਸ ਅਤੇ ਡਿਵੀਡੈਂਡ ਦੇ ਰੂਪ ਵਿੱਚ ਦੁੱਧ ਉਤਪਾਦਕਾਂ ਵਿਚਕਾਰ ਵੰਡੇ ਜਾਣਗੇ।
ਇਜਲਾਸ ਦੌਰਾਨ ਪੇਸ਼ ਕੀਤੇ ਏਜੰਡਿਆਂ ਨੂੰ ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਮਿਲਕ ਪਲਾਂਟ ਦੇ ਜਨਰਲ ਮੈਨੇਜਰ ਸ੍ਰੀ ਜੇ.ਕੇ. ਗੁਪਤਾ ਨੇ ਸਮੂਹ ਮੈਂਬਰਾਂ ਨੂੰ ਜੀਅ ਆਇਆਂ ਆਖਦਿਆਂ ਪਲਾਂਟ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਪਲਾਂਟ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੈਂਬਰਾਂ ਵੱਲੋਂ ਉਠਾਏ ਸਵਾਲਾਂ ਦੇ ਤਸੱਲੀਬਖ਼ਸ਼ ਜਵਾਬ ਦਿੰਦਿਆਂ ਉਨ੍ਹਾਂ ਭਰੋਸਾ ਦਿਵਾਇਆ ਕਿ ਮਿਲਕ ਪਲਾਂਟ ਹਮੇਸ਼ਾ ਆਪਣੇ ਦੁੱਧ ਉਤਪਾਦਕਾਂ ਦੇ ਹਿਤਾਂ ਦਾ ਧਿਆਨ ਰੱਖੇਗਾ, ਉਨ੍ਹਾਂ ਨੂੰ ਦੁੱਧ ਦੀ ਲਾਹੇਵੰਦੀ ਕੀਮਤ ਤੋਂ ਇਲਾਵਾ ਤਕਨੀਕੀ ਸਹੂਲਤਾਂ ਪ੍ਰਦਾਨ ਕਰਦਾ ਰਹੇਗਾ ਅਤੇ ਆਪਣੇ ਗਾਹਕਾਂ ਨੂੰ ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਪਦਾਰਥਾਂ ਦੀ ਵੰਡ ਕਰਦਾ ਰਹੇਗਾ।
ਪਟਿਆਲਾ ਦੇ ਜੇ.ਆਰ. ਸ. ਦਰਸ਼ਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਈ ਘਨੱਈਆ ਸਕੀਮ ਤਹਿਤ ਮੈਂਬਰ ਬਣ ਕੇ ਡੇਢ ਲੱਖ ਰੁਪਏ ਤੱਕ ਦੀ ਕੈਸ਼ਲੈਸ ਮੁਫ਼ਤ ਮੈਡੀਕਲ ਸਹੂਲਤ ਦਾ ਲਾਭ ਲੈਣ। ਸਮਾਗਮ ਨੂੰ ਵਾਈਸ ਚੇਅਰਮੈਨ ਸ. ਸੁਰਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।