ਫ਼ਤਹਿਗੜ ਸਾਹਿਬ, 21 ਮਈ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਨੇ 3 ਮਈ ਨੂੰ ਕੈਲਾਸ਼ ਰਾਣੀ ਪਤਨੀ ਭੋਲਾ ਰਾਮ ਵਾਸੀ ਪਟੇਲ ਨਗਰ ਸਰਹਿੰਦ ਨੇ ਕੁਝ ਔਰਤਾਂ ਵੱਲੋਂ ਉਸ ਦੀ ਸੋਨੇ ਦੀ ਚੁੜੀ ਖੋਹਣ ਸਬੰਧੀ ਕੀਤੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਚਾਰ ਕਥਿਤ ਦੋਸ਼ੀ ਔਰਤਾਂ ਨੂੰ ਗ੍ਰਿਫਤਾਰ ਕਰਕੇ ਉਨਾਂ ਪਾਸੋਂ ਖੋਹ ਕੀਤੀ। ਸੋਨੇ ਦੀ ਚੁੜੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਐਸ.ਪੀ. (ਜਾਂਚ) ਸ਼੍ਰੀ ਹਰਪਾਲ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਐਸ.ਪੀ. ਨੇ ਦੱਸਿਆ ਇੰਸਪੈਕਟਰ ਦਲਬੀਰ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ ਸਰਹਿੰਦ ਅਤੇ ਐਸ.ਆਈ. ਗੁਰਪ੍ਰੀਤ ਸਿੰਘ ਮੁੱਖ ਥਾਣਾ ਅਫਸਰ ਫ਼ਤਹਿਗੜ ਸਾਹਿਬ ਵੱਲੋਂ ਮੁਕੱਦਮਾ 3-5-18 ਨੂੰ ਆਈ.ਪੀ.ਸੀ. ਦੀ ਧਾਰਾ 379-ਬੀ, 34 ਅਧੀਨ ਥਾਣਾਂ ਫ਼ਤਹਿਗੜ ਸਾਹਿਬ ਵਿਖੇ ਚੈਨ ਸਨੇਚਰ ਅਤੇ ਗਹਿਣੇ ਚੋਰ ਗਿਰੋਹ ਦੀਆਂ ਚਾਰ ਔਰਤਾਂ ਵਿਰੁੱਧ ਕੇਸ ਦਰਜ਼ ਕੀਤਾ। ਸ. ਹਰਪਾਲ ਸਿੰਘ ਨੇ ਦੱਸਿਆ ਕਿ ਮਿਤੀ 3-5-18 ਨੂੰ ਕੈਲਾਸ਼ ਰਾਣੀ ਪਤਨੀ ਭੋਲਾ ਰਾਮ ਵਾਸੀ ਪਟੇਲ ਨਗਰ ਸਰਹਿੰਦ ਨੇ ਇਤਲਾਹ ਦਿੱਤੀ ਸੀ ਕਿ ਜੋਤੀ ਸਰੂਪ ਮੋੜ ਫ਼ਤਹਿਗੜ੍ਹ ਸਾਹਿਬ ਪਾਸ ਬੱਤੀਆਂ ’ਤੇ ਉਹ ਥਰੀ ਵਹੀਲਰ ’ਤੇ ਆਪਣੇ ਘਰ ਆ ਰਹੀ ਸੀ ਤਾਂ ਤਿੰਨ ਔਰਤਾਂ ਆਈਆਂ ਜੋ ਡਰਾਈਵਰ ਦੇ ਮਨਾ ਕਰਨ ਦੇ ਬਾਵਜੂਦ ਵੀ ਧੱਕੇ ਨਾਲ ਥਰੀ ਵਹੀਲਰ ਵਿੱਚ ਬੈਠ ਗਈਆਂ ਅਤੇ ਥੋੜਾ ਅੱਗੇ ਜਾ ਕੇ ਉਹ ਥ੍ਹੀ ਵਹੀਲਰ ਰੁਕਵਾ ਕੇ ਉਤਰ ਗਈਆਂ ਅਤੇ ਉਤਰਦੇ ਸਮੇਂ ਉਸ ਨਾਲ ਬੈਠੀ ਔਰਤ ਉਸ ਦੀ ਬਾਂਹ ਵਿੱਚ ਪਾਈ ਸੋਨੇ ਦੀ ਚੂੜੀ ਉਤਾਰਕੇ ਲੈ ਗਈ ਸੀ ਜਦੋਂ ਉਸ ਨੇ ਰੋਲਾ ਪਾਇਆ ਤਾਂ ਉਹ ਤਿੰਨੋਂ ਜਣੀਆਂ ਅੱਗੇ ਖੜੀ ਕਾਰ ਵਿੱਚ ਬੈਠ ਕੇ ਫਰਾਰ ਹੋ ਗਈਆਂ। ਜਿਸ ਦੇ ਆਧਾਰ ’ਤੇ ਮੁੱਖ ਅਫਸਰ ਥਾਣਾ ਫ਼ਤਹਿਗੜ੍ਹ ਸਾਹਿਬ ਨੇ ਉਕਤ ਮੁਕੱਦਮਾ ਦਰਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਅਜਿਹੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਸੀ ਜਿਸ ਨਾਲ ਸ਼ਹਿਰ ਵਿੱਚ ਕਾਫੀ ਸਹਿਮ ਦਾ ਮਾਹੌਲ ਸੀ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਇਸ ਬਾਰੇ ਜ਼ਿਲ੍ਹਾ ਪੁਲਿਸ ਮੁਖੀ ਦੇ ਧਿਆਨ ਵਿੱਚ ਵੀ ਲਿਆਂਦਾ ਸੀ, ਜਿਸ ’ਤੇ ਉਨ੍ਹਾਂ ਇੰਸਪੈਕਟਰ ਦਲਬੀਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਸਰਹਿੰਦ ਨੂੰ ਇਸ ਗਿਰੋਹ ਨੂੰ ਕਾਬੂ ਕਰਨ ਦੇ ਹੁਕਮ ਦਿੱਤੇ ਗਏ ਸਨ। ਐਸ.ਪੀ. ਨੇ ਦੱਸਿਆ ਕਿ ਇੰਸਪੈਕਟਰ ਦਲਬੀਰ ਸਿੰਘ ਨੇ ਇੰਟੈਲੀਜੈਂਸੀ ਅਤੇ ਟੈਕਨੀਕਲ ਤਰੀਕਿਆਂ ਨਾਲ ਗਿਰੋਹ ਦੇ ਮੈਂਬਰਾਂ ਦੀ ਭਾਲ ਸ਼ੁਰੂ ਕੀਤੀ ਅਤੇ ਮੁਕੱਦਮੇ ਨਾਲ ਸਬੰਧਤ ਚੈਨ ਸਨੈਚਰ ਅਤੇ ਗਹਿਣੇ ਚੋਰ ਗਿਰੋਹ ਦੀਆਂ ਚਾਰ ਔਰਤਾਂ ਨੂੰ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਦੀ ਪਾਰਕਿੰਗ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਪਾਸੋਂ ਚੋਰੀ ਕੀਤੀ ਹੋਈ ਸੋਨੇ ਦੀ ਚੁੜੀ ਵਜਨ 13 ਗ੍ਰਾਮ ਜਿਸ ਦੀ ਕੀਮਤ ਕਰੀਬ 45 ਹਜਾਰ ਰੁਪਏ ਹੈ ਅਤੇ ਵਾਰਦਾਤ ਵਿੱਚ ਵਰਤੀ ਗਈ ਆਲਟੋ ਕੇ-10 ਕਾਰ ਨੰ: ਪੀ.ਬੀ. 19 ਪੀ-0625 ਬਰਾਮਦ ਕਰਵਾ ਲਈ ਹੈ।ਉਨ੍ਹਾਂ ਦੱਸਿਆ ਕਿ ਕਾਰ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ।
ਐਸ.ਪੀ. ਜਾਂਚ ਨੇ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਇਹ ਖੁਲਾਸਾ ਹੋਇਆ ਹੈ ਇਹ ਕਈ ਸਾਲਾਂ ਤੋਂ ਮੇਲਿਆਂ, ਗੁਰਦਵਾਰਿਆਂ ਅਤੇ ਭੀੜ ਵਾਲੀਆਂ ਥਾਵਾਂ ਤੋਂ ਚੈਨ ਸਨੈਚਿੰਗ ਅਤੇ ਗਹਿਣੇ ਚੋਰੀ ਕਰਦੀਆਂ ਆ ਰਹੀਆਂ ਹਨ।ਅਤੇ ਇਸ ਦੇ ਨਾਲ-ਨਾਲ ਇਹ ਨਸ਼ਾ ਵੇਚਣ ਦਾ ਧੰਦਾ ਵੀ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾਂ ਹੈ।
ਸੋਨੇ ਦੇ ਗਹਿਣੇ ਖੋਹਣ ਵਾਲੇ ਗਿਰੋਹ ਦੀਆਂ ਕਥਿਤ ਚਾਰ ਦੋਸ਼ੀ ਔਰਤਾਂ ਨੂੰ ਕੀਤਾ ਗ੍ਰਿਫਤਾਰ



