ਸ਼ਾਹਕੋਟ, 21 ਮਈ (ਸੁਰਿੰਦਰ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅਜ ਉਸ ਸਮੇਂ ਵਡਾ ਹੁਲਾਰਾ ਮਿਲਿਆ, ਜਦੋਂ ਆਦਮਪੁਰ ਹਲਕੇ ਤੋਂ ਆਪ ਦੇ ਉਮੀਦਵਾਰ ਰਹਿ ਚੁਕੇ ਹੰਸ ਰਾਜ ਰਾਣਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।ਅਕਾਲੀ ਦਲ ਦਾ ਲੜ ਫੜਦਿਆਂ ਆਪ ਆਗੂ ਨੇ ਕਿਹਾ ਕਿ ਉਹਨਾਂ ਦਾ ਆਪ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁਕਿਆ ਹੈ, ਕਿਉਂਕਿ ਇਸ ਦੀ ਲੀਡਰਸ਼ਿਪ ਨੇ ਆਦਰਸ਼ਵਾਦ ਦਾ ਮਖੌਟਾ ਪਾ ਕੇ ਭ੍ਰਿਸ਼ਟਾਚਾਰ ਦੀਆਂ ਸਭ ਹਦਾਂ ਮੁਕਾ ਦਿਤੀਆਂ ਸਨ। ਉਨ੍ਹਾਂ ਕਿਹਾ ਕਿ ਉਹ ਇਸ ਗਲ ਤੋਂ ਵੀ ਦੁਖੀ ਸਨ ਕਿ ਪਾਰਟੀ ਪੰਜਾਬੀਆਂ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੀ ਸੀ ਅਤੇ ਆਪ ਦੇ ਪੰਜਾਬ ਯੂਨਿਟ ਉਤੇ ਤਾਨਾਸ਼ਾਹੀ ਕੰਟਰੋਲ ਰਖਿਆ ਜਾਂਦਾ ਸੀ।ਸ੍ਰੀ ਰਾਣਾ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਇਸ ਲਈ ਸ਼ਾਮਿਲ ਹੋਏ ਹਨ, ਕਿਉਂਕਿ ਇਹ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਪੂਰੀ ਜ਼ਿੰਮੇਵਾਰੀ ਨਾਲ ਦਲਿਤ-ਪਖੀ ਸਕੀਮਾਂ ਨੂੰ ਲਾਗੂ ਕੀਤਾ ਸੀ। ਉਨ੍ਹਾਂ ਕਿਹਾ ਕਿ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼ੁਰੂ ਕੀਤੀਆਂ ਸਾਰੀਆਂ ਅਨੁਸੂਚਿਤ ਜਾਤੀ ਭਲਾਈ ਸਕੀਮਾਂ, ਜਿਵੇਂ ਸ਼ਗਨ ਸਕੀਮ ਅਤੇ ਦਲਿਤ ਬਚਿਆਂ ਲਈ ਵਜ਼ੀਫਾ ਸਕੀਮ ਨੂੰ ਕਾਂਗਰਸ ਸਰਕਾਰ ਦੁਆਰਾ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਦਲਿਤਾਂ ਦੀ ਭਲਾਈ ਲਈ ਵਚਨਬਧ ਹਨ ਅਤੇ ਸਤਾ ਵਿਚ ਆਉਣ ਮਗਰੋਂ ਅਕਾਲੀ ਦਲ ਦਲਿਤਾਂ ਦੀ ਭਲਾਈ ਵਾਸਤੇ ਹੋਰ ਸਕੀਮਾਂ ਸ਼ੁਰੂ ਕਰਨਗੇ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹੰਸਰਾਜ ਰਾਣਾ ਦਾ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਦੁਆਬਾ ਖੇਤਰ ਵਿਚ ਹੋਰ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਰਾਣਾ ਨੇ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦਿਤਾ ਹੈ ਅਤੇ ਪਾਰਟੀ ਵਿਚ ਉਨ੍ਹਾਂ ਨੂੰ ਢੁਕਵਾਂ ਸਥਾਨ ਦਿਤਾ ਜਾਵੇਗਾ।ਇਸ ਦੌਰਾਨ ਪੱਤਰਕਰਾਂ ਨਾਲ ਵਖਰੇ ਤੌਰ ਤੇ ਗਲਬਾਤ ਕਰਦਿਆਂ ਬਾਦਲ ਨੇ ਬਿਆਸ ਦਰਿਆ ਵਿਚ ਜ਼ਹਿਰਾਂ ਘੋਲਣ ਵਾਸਤੇ ਮੁਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗਲ ਹੈ ਕਿ ਕਾਂਗਰਸ ਸਰਕਾਰ ਨੇ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ।
ਉਹਨਾਂ ਕਿਹਾ ਕਿ ਵਾਤਾਰਵਰਣ ਮੰਤਰਾਲੇ ਨੂੰ ਤੁਰੰਤ ਵਾਤਾਵਰਣ ਅਤੇ ਜਲ ਜੀਵਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇਕ ਕੇਂਦਰੀ ਟੀਮ ਭੇਜਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਪ੍ਰਦੂਸ਼ਿਤ ਪਾਣੀ ਨਾਲ ਮਨੁਖਾਂ ਵਾਸਤੇ ਪੈਦਾ ਹੋਏ ਨੁਕਸਾਨ ਦੇ ਖ਼ਤਰੇ ਦਾ ਵਖਰੇ ਤੌਰ ਤੇ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਟੀਨੂੰ ਹਾਜ਼ਿਰ ਸਨ।
ਹੰਸਰਾਜ ਰਾਣਾ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਿਲ



