ਭਗਤਾ ਭਾਈ ਕਾ, 19 ਮਈ (ਸਵਰਨ ਸਿੰਘ ਭਗਤਾ)- ਪਿਛਲੇ ਦਿਨੀਂ ਬਲਾਕ ਫੁੂਲ ਦੇ ਵਿੱਚ ਇੱਕੋ-ਦਿਨ ਚਾਰ ਕਿਸਾਨਾਂ ਨੇ ਮੌਤ ਨੂੰ ਗਲੇ ਲਿਆ ਸੀ ਜਿਨ੍ਹਾਂ ਵਿੱਚ ਦਿਆਲਪੁਰਾ ਮਿਰਜਾ ਦੇ ਅਮ੍ਰਿੰਤਪਾਲ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰਾਂ ਦਾ ਦੁੱਖ ਵੰਡਾਉਣ ਲਈ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ’ਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਵਿਸ਼ੇਸ਼ ਤੌਰ ’ਤੇ ਪਿੰਡ ਦਿਆਲਪੁਰਾ ਮਿਰਜਾ ਉਨ੍ਹਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਰੋਜ਼ਾਨਾ ਕਿੰਨੇ ਹੀ ਕਿਸਾਨ ਕਰਜ਼ੇ ਕਾਰਨ ਮੌਤ ਨੂੰ ਗਲੇ ਲਗਾ ਰਹੇ ਹਨ।ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਿੱਧੇ ਤੌਰ ’ਤੇ ਇੰਨ੍ਹਾਂ ਖੁਦਕੁਸ਼ੀਆਂ ਦੀ ਜ਼ਿੰਮੇਵਾਰ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸੀ ਉਨ੍ਹਾਂ ਵਾਅਦਿਆਂ ਤੋਂ ਸਰਕਾਰ ਭੱਜ ਰਹੀ ਹੈ ਜਿਸ ਕਾਰਨ ਕਿਸਾਨ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੇ ਹਨ।ਭਾਕਿਯੂ ਰਾਜੇਵਾਲ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਦੁਨੀਆਂ ਦਾ ਢਿੱਡ ਭਰਨ ਵਾਲੇ ਅੰਨਦਾਤੇ ਨੇ ਫਸਲ ਦੀ ਪੈਦਾਵਾਰ ਵਿੱਚ ਤਾਂ ਵਾਧਾ ਕਰ ਲਿਆ ਹੈ ਪਰ ਉਸ ਤੋਂ ਦੁੱਗਣਾ ਉਸਦੇ ਸਿਰ ਕਰਜ਼ਾ ਚੜ੍ਹ ਗਿਆ ਇਸਦਾ ਕਾਰਨ ਹੈ ਲਾਗਤ ਖਰਚੇ ਅਨੁਸਾਰ ਕਿਸਾਨ ਨੂੰ ਫਸਲਾਂ ਦੇ ਭਾਅ ਨਹੀਂ ਦਿੱਤੇ ਜਾ ਰਹੇ ਅਤੇ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦਾ ਖਜ਼ਾਨਾ ਦੋਨੋਂ ਹੱਥੀਂ ਲੁਟਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਜਿੰਨ੍ਹਾਂ ਚਿਰ ਕਿਸਾਨਾਂ ਨੂੰ ਸਵਾਮੀ ਨਾਂਥਨ ਦੀ ਰਿਪੋਰਟ ਮੁਤਾਬਕ ਫਸਲਾਂ ਦੇ ਭਾਅ ਨਹੀਂ ਦਿੱਤੇ ਜਾਂਦੇ ਉਨ੍ਹਾਂ ਚਿਰ ਕਿਸਾਨ ਖੁਦਕੁਸ਼ੀਆਂ ਨੂੰ ਰੋਕਣਾ ਨਾਮੁਮਕਨ ਹੈ।ਇਸ ਮੌਕੇ ਜਸਵੰਤ ਸਿੰਘ ਭਾਈ ਰੂਪਾ,ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ,ਸੁਖਜਿੰਦਰ ਸਿੰਘ ਖਾਨਦਾਨ,ਅਤੇ ਸਮੂਹ ਪਰਿਵਾਰ ਹਾਜਰ ਸਨ।
ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਜ਼ਿਮੇਵਾਰ ਕਾਂਗਰਸ ਪਾਰਟੀ: ਸਿਕੰਦਰ ਸਿੰਘ ਮਲੂਕਾ



