ਸ਼ਾਹਕੋਟ, 18 ਮਈ (ਸੁਰਿੰਦਰ ਸਿੰਘ ਖਾਲਸਾ, ਸੈਹਬੀ)- 28 ਮਈ ਨੂੰ ਹੋ ਰਹੀ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਅਜੇ ਕੀ ਕੀ ਰੰਗ ਬਦਲੇਗੀ ਆਉਣ ਵਾਲਾ ਸਮਾਂ ਦੱਸੇਗਾ। ਪੰਜਾਬ ਸਰਕਾਰ ‘ਚ 1992 ਵਿਚ ਸ,ਬੇਅੰਤ ਸਿੰਘ ਦੀ ਸਰਕਾਰ ਵਿਚ ਮੰਤਰੀ ਪਦ ‘ਤੇ ਰਹਿ ਚੁਕੇ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਅੱਜ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼ਰੋਮਣੀ ਅਕਾਲੀ ਦਲ (ਬ) ਦਾ ਪੱਲਾ ਫੜ ਲਿਆ ਹੈ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਡਸਾ, ਹੰਸ ਰਾਜ ਹੰਸ ਦੀ ਮੌਜੂਦਗੀ ਵਿਚ ਸ੍ਰੀ ਲਾਲੀ ਨੇ ਅਕਾਲੀ ਦਲ (ਬ)ਨਾਲ ਹੱਥ ਮਿਲਾਇਆ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਇਮਾਨਦਾਰ ਵਿਅਕਤੀਆਂ ਨੂੰ ਦਰਕਿਨਾਰ ਕਰ ਦਿੱਤਾ ਹੈ ਇਸ ਲਈ ਉਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ,ਭਾਜਪਾ ਦੇ ਸਾਂਝੇ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਜਿਤਾਉਣ ਲਈ ਅਕਾਲੀ ਦਲ ਵਿਚ ਆਉਣਾ ਬੇਹਤਰ ਸਮਝਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਜੱਦੀ ਕਾਂਗਰਸ ਪਰਿਵਾਰ ਸੀ ਪਰ ਅੱਜ ਉਨ੍ਹਾਂ ਨੂੰ ਇਸ ਕਰਕੇ ਇਹ ਫੈਸਲਾ ਲੈਣਾ ਪਿਆ ਕਿ ਕਾਂਗਰਸ ਪਾਰਟੀ ਅੰਦਰ ਇਮਾਨਦਾਰਾਂ ਦੀ ਕੋਈ ਕਦਰ ਨਹੀ ਹੈ। ਇਸ ਮੌਕੇ ਸਾਬਕਾ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸ.ਬ੍ਰਿਜ ਭੁਪਿੰਦਰ ਸਿੰਘ ਲਾਲੀ ਦੇ ਸ਼ਰੋਮਣੀ ਅਕਾਲੀ ਦਲ ਵਿਚ ਆਉਣ ਨਾਲ ਨਾਇਬ ਸਿੰਘ ਕੋਹਾੜ ਦੀ ਜਿੱਤ ਪੱਕੀ ਹੋ ਗਈ ਹੈ। ਇਸ ਮੌਕੇ ਜਰਨੈਲ ਸਿੰਘ ਭਗਤ,ਭਾਜਪਾ ਆਗੂ ਸ਼ਮੀ ਖੇੜਾ,ਲਵਲੀਨ ਕਾਲੀਆ, ਪਰਮਜੀਤ ਸਿੰਘ, ਬਾਵਾ ਸਿੰਘ ਕੰਗ,ਸੁਰਜੀਤ ਸਿੰਘ ਕੰਗ, ਸੁਖਚੈਨ ਸਿੰਘ ਸਰਪੰਚ, ਗਿਆਨ ਸਿੰਘ ਯੱਕੋਪੁਰ, ਪਰਮਿੰਦਰ ਸਿੰਘ ਨੰਬਰਦਾਰ, ਸਾਬਕਾ ਸਰਪੰਚ ਕੁਲਵੰਤ ਸਿੰਘ, ਜੋਗਿੰਦਰਪਾਲ ਸਿੰਘ, ਮਲਕੀਤ ਸਿੰਘ ਆਦਿ ਹਾਜ਼ਰ ਸਨ।
ਸਾਬਕਾ ਮੰਤਰੀ ਸ. ਬ੍ਰਿਜ ਭੁਪਿੰਦਰ ਸਿੰਘ ਕੰਗ ਹੋਏ ਸ਼੍ਰੋਮਣੀ ਅਕਾਲੀ ਦਲ ਦੇ



