ਸ. ਨਵਜੋਤ ਸਿੰਘ ਸਿੱਧੂ ਨੇ ਰੇਤ ਖਣਨ ਬਾਰੇ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੀ
ਚੰਡੀਗੜ੍ਹ, 7 ਮਈ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਤ ਖਣਨ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਲਈ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਸ.ਸਿੱਧੂ ਜੋ ਇਸ ਕਮੇਟੀ ਦੇ ਮੁੱਖੀ ਸਨ, ਨੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਜੀ ਨੂੰ ਇਹ ਰਿਪੋਰਟ ਸੌਂਪੀ। ਰਿਪੋਰਟ ਸੌਂਪਣ ਉਪਰੰਤ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਕੀਤੀਆਂ ਮੀਟਿੰਗਾਂ ਅਤੇ ਫੀਲਡ ਦੌਰਿਆਂ ਵਿੱਚ ਪਤਾ ਲਗਾਇਆ ਕਿ ਪੰਜਾਬ ਵਿੱਚ ਰੇਤੇ ਦੇ ਆਉਣ ਵਾਲੇ 100 ਸਾਲਾਂ ਅਤੇ ਬਜਰੀ ਦੇ 170 ਸਾਲਾਂ ਦੇ ਭੰਡਾਰ ਮੌਜੂਦ ਹਨ। ਕਮੇਟੀ ਨੇ ਰੇਤੇ ਦੀ ਕੀਮਤ 1000 ਰਪਏ ਪ੍ਰਤੀ 100 ਕਿਊਬਿਕ ਫੁੱਟ ਕਰਨ ਦੀ ਸਿਫਾਰਸ਼ ਕੀਤੀ ਹੈ। ਇਕ ਟਰਾਲੀ ਦੀ ਸਮਰੱਥਾ 100 ਕਿਊਬਿਕ ਫੁੱਟ ਹੁੰਦੀ ਹੈ ਜਿਸ ਦਾ ਭਾਰ 4 ਟਨ ਹੁੰਦਾ ਹੈ। ਸ. ਸਿੱਧੂ ਨੇ ਕਿਹਾ ਕਿ ਕੈਬਨਿਟ ਸਬ ਕਮੇਟੀ ਨੇ ਇਹ ਪਤਾ ਲਗਾਇਆ ਕਿ ਪੰਜਾਬ ਵਿੱਚ ਇਸ ਤੋਂ ਪਹਿਲਾਂ ਰੇਤੇ ਦੀ ਕੋਈ ਕੀਮਤ ਤੈਅ ਨਹੀਂ ਸੀ ਅਤੇ ਸਪਲਾਈ ਦੀ ਵੀ ਘਾਟ ਸਨ। ਸਪਲਾਈ ਟੁੱਟਣ ਨਾਲੇ ਰੇਤੇ ਦੀਆਂ ਕੀਮਤਾਂ ਅਸਮਾਨ ਚੜ੍ਹ ਜਾਂਦੀਆਂ ਸਨ ਜਿਸ ਕਾਰਨ ਲੋਕਾਂ ਨੂੰ ਮਹਿੰਗੀਆਂ ਕੀਮਤਾਂ ’ਤੇ ਰੇਤਾ ਮਿਲਦਾ ਸੀ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਹੁਣ ਪੰਜਾਬ ਵਿੱਚ ਰੇਤੇ ਅਤੇ ਬਜਰੀ ਦੇ ਮੌਜੂਦ ਭੰਡਾਰਾਂ ਨੂੰ ਦੇਖਦਿਆਂ ਰੇਤੇ ਦਾ ਭਾਅ ਘੱਟ ਕਰ ਕੇ ਇਕ ਤੈਅ ਕੀਮਤ ’ਤੇ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਸਿਫਾਰਸ਼ਾਂ ਅਨੁਸਾਰ ਸਪਲਾਈ ਦੀ ਵੀ ਘਾਟ ਨਹੀਂ ਰਹੇਗੀ ਅਤੇ ਲੋਕਾਂ ਨੂੰ ਇਕ ਤੈਅ ਕੀਮਤ ’ਤੇ ਰੇਤਾ ਮਿਲੇਗਾ ਜੋ ਕਿ ਪਹਿਲਾਂ ਨਾਲੋਂ ਕਾਫੀ ਘੱਟ ਕੀਮਤ ’ਤੇ ਮਿਲੇਗਾ।
ਸ. ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਇਹ ਪਤਾ ਲਗਾਇਆ ਗਿਆ ਕਿ ਪੰਜਾਬ ਅੰਦਰ ਸਾਰੇ ਦਰਿਆਵਾਂ ਨੂੰ ਮਿਲਾ ਕੇ ਕੁੱਲ ਲੰਬਾਈ 1150 ਕਿਲੋ ਮੀਟਰ ਬਣਦੀ ਹੈ ਅਤੇ ਇਨ੍ਹਾਂ ਦੀ 500 ਮੀਟਰ (ਅੱਧਾ ਕਿਲੋ ਮੀਟਰ) ਚੌੜਾਈ ਹੈ। ਕੁੱਲ ਖੇਤਰਫਲ 575 ਵਰਗ ਕਿਲੋਮੀਟਰ ਬਣਦਾ ਹੈ। ਭਾਰਤ ਸਰਕਾਰ ਦੇ ਅੰਕੜਿਆਂ ਅਨੁਸਾਰ 10 ਫੁੱਟ ਡੂੰਘੇ ਇਕ ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ 32 ਲੱਖ ਟਨ ਰੇਤਾ ਨਿਕਲ ਸਕਦਾ ਹੈ। ਇਸ ਤਰ੍ਹਾਂ ਪੰਜਾਬ ਅੰਦਰ 575 ਵਰਗ ਕਿਲੋ ਮੀਟਰ ਖੇਤਰਫਲ ਵਿੱਚੋਂ ਕੁੱਲ 184 ਕਰੋੜ ਟਨ ਰੇਤੇ ਦੇ ਭੰਡਾਰ ਮੌਜੂਦ ਹਨ। ਸ. ਸਿੱਧੂ ਨੇ ਇਸ ਕਮੇਟੀ ਦੇ ਮੈਂਬਰ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਵਿਸ਼ੇਸ਼ ਤੌਰ ’ਤੇ ਕਮੇਟੀ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਹੋਏ ਜਲ ਸ੍ਰੋਤ ਪ੍ਰਬੰਧਨ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸੇ ਤਰ੍ਹਾਂ ਉਨ੍ਹਾਂ ਕਮੇਟੀ ਵਿੱਚ ਸ਼ਾਮਲ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਇਹ ਰਿਪੋਰਟ ਮੁਕੰਮਲ ਹੋਈ।
ਮੁੱਖ ਮੰਤਰੀ ਜੀ ਨੂੰ ਰਿਪੋਰਟ ਸੌਂਪਣ ਮੌਕੇ ਸ. ਸਿੱਧੂ ਦੇ ਨਾਲ ਸਬ ਕਮੇਟੀ ਵਿੱਚ ਸ਼ਾਮਲ ਅਧਿਕਾਰੀ ਵੀ ਹਾਜ਼ਰ ਸਨ ਜਿਨ੍ਹਾਂ ਵਿੱਚ ਪ੍ਰਮੁੱਖ ਸਕੱਤਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਜਸਪਾਲ ਸਿੰਘ, ਡਾਇਰੈਕਟਰ, ਜਲ ਸ੍ਰੋਤ ਪ੍ਰਬੰਧਨ ਸ੍ਰੀ ਕੁਮਾਰ ਰਾਹੁਲ ਤੇ ਚੀਫ ਇੰਜਨੀਅਰ ਵਿਨੋਦ ਚੌਧਰੀ ਸ਼ਾਮਲ ਸਨ।