ਜਦੋਂ ਸਿੱਖਾਂ ਨੇ ਆਪਣੇ ਲਹੂ ਨਾਲ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਨੂੰ ਧੋ ਦਿੱਤਾ

ਪ੍ਰਿੰ. ਪਰਵਿੰਦਰ ਸਿੰਘ ਖਾਲਸਾ

ਮਹੰਤ ਨਰਾਇਣ ਦਾਸ ਨੇ ਲਾਹੌਰ ਜਾਣਾ ਸੀ ਪਰ ਉਸ ਜਥੇ ਦੇ ਆਉਣ ਦਾ ਪਤਾ ਲੱਗ ਗਿਆ। ਉਸ ਨੇ ਗੁਰਦੁਆਰੇ ਅੰਦਰ ਅਗਾਹੂੰ ਹੀ ਬਦਮਾਸ਼ਾਂ ਤੇ ਕਾਤਲਾਂ ਦੀ ਤਿਆਰੀ ਕਰ ਦਿੱਤੀ ਸੀ ਤੇ ਗੁ: ਸਾਹਿਬ ਹੀ ਰਿਹਾ। ਜਥੇ ਨੇ ਜਨਮ ਅਸਥਾਨ ਦੇ ਬਾਹਰ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ। ਭਾਈ ਲਛਮਣ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ‘ਤੇ ਅਤੇ ਬਾਕੀ ਹੇਠਾਂ ਬੈਠ ਗਏ। ਆਸਾ ਦੀ ਵਾਰ ਦਾ ਕੀਰਤਨ ਅਰੰਭ ਕਰ ਦਿੱਤਾ। ਇਹ ਸਭ ਨਰਾਇਣ ਦਾਸ ਮਹੰਤ ਵੇਖ ਰਿਹਾ ਸੀ।ਦੱਖਣ ਦੀ ਬਾਹੀ ਵਾਲੇ ਪਾਸੋਂ ਸਿੰਘਾਂ ‘ਤੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਗੁ: ਅੰਦਰ ਸਾਧੂ ਆਦਿ ਹੋਲੀ ਹੋਲੀ ਖਿਸਕਣੇ ਸ਼ੁਰੂ ਹੋ ਗਏ। ਭਾਈ ਟਹਿਲ ਸਿੰਘ ਸ਼ਹੀਦ ਹੋ ਗਏ। ਅਨੇਕਾਂ ਸਿੰਘ ਜ਼ਖਮੀ ਹੋ ਗਏ। ਉਪਰੰਤ ਮਹੰਤ ਦੇ ਗੁੰਡਿਆਂ ਨੇ ਬੰਦੂਕਾਂ, ਬਰਛਿਆਂ, ਗੰਡਾਸਿਆਂ ਨਾਲ ਨਿਹੱਥੇ ਸਿੰਘਾਂ ‘ਤੇ ਹਮਲਾ ਕਰ ਦਿੱਤਾ ਤੇ ਕਤਲੇਆਮ ਸ਼ੁਰੂ ਕਰ ਦਿੱਤਾ। ਸ਼ਹੀਦ ਤੇ ਜ਼ਖਮੀ ਹੋਏ ਸਿੰਘਾਂ ਦੇ ਖੂਨ ਦੇ ਪਰਨਾਲੇ ਅੰਦਰੋਂ ਬਾਹਰ ਚੱਲ ਰਹੇ ਸਨ। ਗੁਰਦੁਆਰਾ ਜਨਮ ਅਸਥਾਨ ਅੰਦਰ ਚਲ ਰਹੀ ਗੋਲੀ ਦੀ ਅਵਾਜ਼ ਦੂਰ-ਦੁਰਾਡੇ ਤਕ ਸੁਣੀ ਜਾ ਸਕਦੀ ਸੀ। ਗੋਲੀ ਦੀ ਆਵਾਜ਼ ਸੁਣ ਕੇ ਭਾਈ ਦਲੀਪ ਸਿੰਘ ਜੋ ਕਿ ਭਾਈ ਉਤਮ ਸਿੰਘ, ਭਾਈ ਵਰਿਆਮ ਸਿੰਘ ਦੇ ਕਾਰਖਾਨੇ ‘ਚ ਆਪਣੀ ਗੱਲ ਦਸ ਰਹੇ ਸਨ। ਉਹ ਨਨਕਾਣਾ ਸਾਹਿਬ ਵੱਲ ਨੂੰ ਨੱਸ ਤੁਰੇ। ਕਿਉਂਕਿ ਉਨ੍ਹਾਂ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਜ਼ਿੰਮੇਵਾਰੀ ਲਈ ਹੋਈ ਸੀ।

ਭਾਈ ਸਾਹਿਬ ਅਸਰ-ਰਸੂਖ ਵਾਲੇ ਸਨ ਉਨ੍ਹਾਂ ਨੇ ਦਰਸ਼ਨੀ ਡਿਉੜੀ ‘ਚ ਆ ਕੇ ਮਹੰਤ ਨੂੰ ਕਤਲੇਆਮ ਕਰਨ ਤੋਂ ਰੋਕਣ ਲਈ ਕਿਹਾ ਪਰ ਉਸ ਨੇ ਭਾਈ ਦਲੀਪ ਸਿੰਘ ਨੂੰ ਆਪਣੀ ਪਿਸਤੌਲ ਦੀ ਗੋਲੀ ਨਾਲ ਸ਼ਹੀਦ ਕਰ ਦਿੱਤਾ। ਮਹੰਤ ਦੇ ਬੰਦਿਆਂ ਨੇ ਭਾਈ ਵਰਿਆਮ ਸਿੰਘ ਦੇ ਵੀ ਟੁਕੜੇ ਟੁਕੜੇ ਕਰ ਦਿੱਤੇ। ਦੋਹਾਂ ਸਿੰਘਾਂ ਨੂੰ ਬਲਦੀਆਂ ਭੱਠੀਆਂ ਵਿਚ ਸੁੱਟ ਦਿੱਤਾ ਗਿਆ। ਮਹੰਤ ਦੀ ਧਾੜ ਨੇ ਗੋਲੀਆਂ, ਟਕੁਏ, ਲਾਠੀਆਂ ਤੇ ਇੱਟਾਂ ਮਾਰ ਮਾਰ ਕੇ ਸਿੰਘਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਬਾਹਰੋਂ ਸਿੰਘਾਂ ਦੇ ਜੈਕਾਰੇ ਛੱਡਣ ਦੀ ਆਵਾਜ਼ ਆਈ ਇਹ ਬਦਮਾਸ਼ ਟੁਟ ਕੇ ਉਨ੍ਹਾਂ ਉਪਰ ਜਾ ਪਵੇ। ਮਹੰਤ ਖੁਦ ਕਤਲੇਆਮ ਦੀ ਅਗਵਾਈ ਕਰ ਰਿਹਾ ਸੀ। ਚੁਣ ਚੁਣ ਕੇ ਸਿੰਘਾਂ ਨੂੰ ਵੰਗਾਰ ਕੇ ਕਤਲ ਕਰਨ ਦੇ ਹੁਕਮ ਦੇ ਰਿਹਾ ਸੀ। ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੋਂ ਰੇਲਵੇ ਸਟੇਸ਼ਨ ਤਕ ਜੋ ਵੀ ਸਿੱਖ ਨਜ਼ਰੀਂ ਪਿਆ ਉਸਨੂੰ ਕਤਲ ਕਰ ਦਿੱਤਾ ਗਿਆ। ਇਕ 12 ਕੁ ਸਾਲ ਬੱਚਾ ਜੋ ਆਪਣੇ ਪਿਤਾ ਕੇਹਰ ਸਿੰਘ ਦੇ ਨਾਲ ਜਥੇ ਵਿਚ ਸ਼ਾਮਲ ਸੀ ਉਸਨੂੰ ਅਲਮਾਰੀ ਵਿਚੋਂ ਬਾਹਰ ਕੱਢ ਕੇ ਬਲਦੀ ਅੱਗ ਵਿਚ ਸੁੱਟ ਦਿੱਤਾ ਗਿਆ। ਮਹੰਤ ਤੇ ਉਹਦੇ ਗੁੰਡਿਆਂ ਨੇ ਚਾਰ ਲੋਥਾਂ ਛੱਡ ਕੇ ਬਾਕੀ ਸਭ ਨੂੰ ਸਮੇਤ ਫੱਟੜਾਂ ਦੇ ਤੇਲ ਪਾ ਕੇ ਸਾੜ ਦਿੱਤਾ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਬੰਨ੍ਹ ਕੇ ਜਿਉਂਦੇ ਸਾੜ ਦਿੱਤਾ ਗਿਆ।
ਡਿਪਟੀ ਕਮਿਸ਼ਨ ਕਰੀ ਨਨਕਾਣਾ ਸਾਹਿਬ ਬਾਅਦ ਦੁਪਹਿਰ ਪਿਛੋਂ ਇਕੱਲਾ ਹੀ ਮਹੰਤ ਨਾਲ ਅੰਦਰ ਗਿਆ, ਉਨ੍ਹਾਂ ਦੀ ਮਿਲੀ ਭੁਗਤ ਨਾਲ ਕੋਈ ਵੀ ਮੌਕੇ ਦਾ ਗਵਾਹ ਨਾ ਰਹੇ, ਫੱਟੜਾਂ ਨੂੰ ਵੀ ਖਤਮ ਕਰ ਦਿੱਤਾ ਗਿਆ। ਰਾਤ ਸਵਾ 9 ਵਜੇ ਡੀ.ਆਈ.ਜੀ. ਤੇ ਲਾਹੌਰ ਦਾ ਕਮਿਸ਼ਨਰ ਮੌਕੇ ‘ਤੇ ਪੁੱਜਾ, ਉਨ੍ਹਾਂ ਨਾਲ 200 ਫੌਜੀ ਜਵਾਨ ਵੀ ਸਨ। ਉਨ੍ਹਾਂ ਨੇ ਮਹੰਤ ਨਰੈਣ ਸਮੇਤ 26 ਹੋਰ ਪਠਾਣਾਂ ਨੂੰ ਫੜ ਲਿਆ। ਉਦੋਂ ਤਕ ਬਾਕੀ ਸਾਰੇ ਬਦਮਾਸ਼ ਤੇ ਹੋਰ ਜਿੰਮੇਵਾਰ ਮਹੰਤ ਦੇ ਬੰਦੇ ਭੱਜ ਚੁੱਕੇ ਸਨ। ਗੁਰਦੁਆਰਾ ਜਨਮ ਅਸਥਾਨ ‘ਤੇ ਗੋਰੀ ਸਰਕਾਰ ਨੇ ਕਬਜ਼ਾ ਕਰ ਲਿਆ। ਗੁਰਦੁਆਰੇ ਨੂੰ ਜਿੰਦਰੇ ਲਗਾ ਦਿੱਤੇ ਗਏ।
21 ਫਰਵਰੀ ਨੂੰ ਹੋਰ ਸਿੱਖ ਆਗੂ ਜਿਨ੍ਹਾਂ ਵਿਚ ਸਰਦਾਰ ਸੁੰਦਰ ਸਿੰਘ ਰਾਮਗੜ੍ਹੀਆ ਅਤੇ ਹਰਬੰਸ ਸਿੰਘ ਅਟਾਰੀ ਵੀ ਸਨ ਸਵੇਰੇ ਨਨਕਾਣਾ ਸਾਹਿਬ ਪੁੱਜੇ ਤੇ ਪੜਤਾਲ ਦਾ ਕੰਮ ਸ਼ੁਰੂ ਕੀਤਾ ਗਿਆ। ਗੁਰਦੁਆਰਾ ਜਨਮ ਅਸਥਾਨ ਅੰਦਰ ਥਾਂ ਥਾਂ ‘ਤੇ ਸ਼ਹੀਦ ਸਿੰਘਾਂ ਦੇ ਕੇਸ, ਕੜੇ, ਕੰਘੇ ਅਤੇ ਗਲੀਆਂ ਸੜੀਆਂ ਲਾਸ਼ਾਂ ਤੇ ਖੋਪੜੀਆਂ ਦੇ ਢੇਰ ਪਏ ਹੋਏ ਸਨ। ਬਲਦੀ ਅੱਗ ਵਾਲੇ ਭੱਠਿਆਂ ਵਿਚੋਂ ਕੜੇ ਆਦਿ ਮਿਲੇ। ਇਸ ਸਾਰੇ ਕਤਲੇਆਮ ਵਿਚ ਲਗਭਗ 150 ਸਿੰਘ ਸ਼ਹੀਦ ਹੋਏ ਪਰ 86 ਸਿੰਘਾਂ ਦੇ ਨਾਮ ਹੀ ਮਿਲ ਸਕੇ। ਉਧਰ ਸਰਦਾਰ ਕਰਤਾਰ ਸਿੰਘ ਝੱਬਰ ਦੇ ਜਥੇ ਨੂੰ ਜਨਮ ਅਸਥਾਨ ‘ਤੇ ਵਰਤੇ ਕਤਲੇਆਮ ਦੀ ਇਤਲਾਹ ਮਿਲ ਚੁੱਕੀ ਸੀ। ਇਨ੍ਹਾਂ ਨੇ ਚੂਹੜਕਾਣੇ ਤੋਂ ਜਨਮ ਅਸਥਾਨ ਲਈ 20 ਫਰਵਰੀ ਸਵੇਰੇ 11 ਵਜੇ ਹੀ ‘ਅਰਦਾਸ ਸੋਧ‘ ਦੇ ਚਾਲੇ ਪਾ ਦਿੱਤੇ ਸਨ, ਜਦੋਂ ਇਹ ਜੱਥਾ ਅਗਲੇ ਦਿਨ ਨਨਕਾਣਾ ਸਾਹਿਬ ਤੋਂ 2 ਮੀਲ ਦੂਰ ਪਹੁੰਚਿਆ ਤਾਂ ਸਰਦਾਰ ਕਰਤਾਰ ਸਿੰਘ ਝੱਬਰ ਜੀ ਨੇ ਸਭ ਨੂੰ ਖੜ੍ਹਾ ਕਰਕੇ ਇਕ ਲਕੀਰ ਖਿੱਚ ਦਿੱਤੀ ਅਤੇ ਸਿੰਘਾਂ ਨੂੰ ਵੰਗਾਰ ਕੇ ਕਿਹਾ ਕਿ ਜਿਸ ਨੇ ਗੁਰਦੁਆਰੇ ‘ਤੇ ਕਬਜ਼ੇ ਵਾਸਤੇ ਸ਼ਹੀਦੀ ਪ੍ਰਾਪਤ ਕਰਨੀ ਹੈ ਉਹ ਅੱਗੇ ਵਧੇ, ਇਸ ਤਰ੍ਹਾਂ ਕਰੀਬ 2200 ਸਿੰਘ ਸਿਰ ‘ਤੇ ਕਫਨ ਬੰਨ੍ਹ ਕੇ ਲਕੀਰ ਪਾਰ ਕਰਕੇ ਖੜ੍ਹੇ ਹੋ ਗਏ। ਝੱਬਰ ਜੀ ਨੇ ਗੁਰਦੁਆਰਾ ਜਨਮ ਅਸਥਾਨ ਵੱਲ ਨੂੰ ਮਾਰਚ ਅਰੰਭ ਕਰ ਦਿੱਤਾ। ਹਰੇਕ ਸਿੰਘ ਹਥਿਆਰਬੰਦ ਸੀ, ਇਨ੍ਹਾਂ ਨੂੰ ਐਸੀ ਕੋਈ ਸਹੁੰ ਨਹੀਂ ਸੀ ਚੁਕਾਈ ਗਈ ਕਿ ਵਾਰ ਨਹੀਂ ਕਰਨਾ। ਇਹ ਆਏ ਹੀ ਮਰਨ ਮਾਰਨ ਦਾ ਨਿਸ਼ਚਾ ਕਰਕੇ ਸਨ। ਅਸਰ-ਰਸੂਖ ਰੱਖਣ ਵਾਲੇ ਸਿੱਖ ਆਗੂਆਂ ਨੇ ਜਥੇ ਨੂੰ ਅੱਗੇ ਜਾਣ ਤੋਂ ਰੋਕਣ ਦੀ ਬਥੇਰੀ ਕੋਸ਼ਿਸ਼ ਕੀਤੀ ਅਤੇ ਦੱਸਿਆ ਕਿ ਫੌਜ ਹੈ ਅਤੇ ਮਸ਼ੀਨਗੰਨਾਂ ਬੀੜੀਆਂ ਹੋਈਆਂ ਹਨ। ਪਰ ਸਿੰਘਾਂ ਨੇ ‘ਅਗਾਂਹ ਕੂ ਤ੍ਰਾਂਘ ਪਿਛਾਂਹ ਫੇਰ ਨ ਮੁਹਡੜਾ‘ ਦੇ ਵਾਕ ਅਨੁਸਾਰ ਪੂਰਾ ਜ਼ੋਰ ਨਾਲ ਦੌੜ ਕੇ ਗੋਰਿਆਂ ਪਾਸੋਂ ਮਸ਼ੀਨਗੰਨਾਂ ਖੋਹਣ ਦਾ ਫੈਸਲਾ ਕਰ ਲਿਆ ਸੀ। ਡੀ.ਸੀ. ਕਰੀ ਨੇ ਅੱਗੇ ਵਧ ਕੇ ਝੱਬਰ ਜੀ ਦੇ ਜੱਥੇ ਨੂੰ ਰੁਕਣ ਵਾਸਤੇ ਕਿਹਾ ਤੇ ਨਾਲ ਹੀ ਧਮਕੀ ਦਿੱਤੀ ਕਿ ਆਗੇ ਗੋਰਾ ਫੌਜ ਹੈ ਅਗਰ ਆਪ ਆਗੇ ਬੜੋਗੇ ਤੋ ਗੋਲੀ ਚਲ ਜਾਏਗੀ। ਝੱਬਰ ਜੀ ਨੇ ਕਿਹਾ ਆਪ ਗੋਲੀ ਚਲਾਓ ਮੇਰੇ ਜਵਾਨੋਂ ਕੇ ਹਾਥ ਦੇਖੋ। ਮਿਸਟਰ ਕਰੀ ਨੇ ਕਿਹਾ ਕਿ ਆਪ ਇੰਤਜ਼ਾਰ ਕਰੋ ਚਾਬੀਆਂ ਕਲ੍ਹ ਸਵੇਰੇ ਮਿਲੇਂਗੀ। ਝੱਬਰ ਜੀ ਨੇ ਜਵਾਬ ਦਿੱਤਾ ਕਿ ਚਾਬੀਆਂ ਹੁਣੇ ਹੀ ਲੈਣੀਆਂ ਹਨ ਤੇ ਗੋਰਾ ਫੌਜ ਵੀ ਹੁਣੇ ਹੀ ਹਟੇਗੀ। ਜਥੇ ਦੇ ਸਿੰਘਾਂ ਨੇ ਅੰਗਰੇਜ਼ ਅਫਸਰ ਨੂੰ ਕਿਹਾ ਕਿ ਪਿੱਛੇ ਹਟ ਜਾਓ ਨਹੀਂ ਤਾਂ ਨੁਕਸਾਨ ਦੇ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ। ਫਿਰ ਕੀ ਸੀ ਡੀ.ਸੀ. ਮਿਸਟਰ ਕਰੀ ਨੇ ਦੋ ਮਿੰਟ ਵਿਚ ਹੀ ਚਾਬੀਆਂ ਦੇ ਦਿੱਤੀਆਂ। ਇਸ ਤਰ੍ਹਾਂ ਉਸ ਵੇਲੇ ਸਰਦਾਰ ਹਰਬੰਸ ਸਿੰਘ ਪ੍ਰਧਾਨ ਦੀ ਅਗਵਾਈ ਹੇਠ 7 ਮੈਂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕੀਤੀ ਗਈ ਅਤੇ ਸਿੰਘਾਂ ਨੇ ਅੰਗਰੇਜ਼ ਸਰਕਾਰ ਪਾਸੋਂ ਗੁਰਦੁਆਰੇ ਦਾ ਕਬਜ਼ਾ ਲੈ ਲਿਆ। ਗੁਰਦੁਆਰਾ ਖੋਲ੍ਹਣ ‘ਤੇ ਅੰਦਰ ਦਾ ਦ੍ਰਿਸ਼ ਬਰਦਾਸ਼ਤ ਨਹੀਂ ਸੀ ਕੀਤਾ ਜਾ ਸਕਦਾ। ਇਸ ਲਈ ਫੈਸਲਾ ਕੀਤਾ ਗਿਆ ਕਿ ਅਗਲੇ ਦਿਨ 22 ਫਰਵਰੀ ਨੂੰ ਸ਼ਹੀਦਾਂ ਦੇ ਦਰਸ਼ਨ ਕਰਾਏ ਜਾਣਗੇ।
22 ਫਰਵਰੀ ਸਵੇਰੇ 11 ਵਜੇ ਸਿੰਘਾਂ ਨੇ ਗੁਰਦੁਆਰੇ ਅੰਦਰ ਜਾ ਕੇ ਵੇਖਿਆ ਕਿ ਥਾਂ ਥਾਂ ਸਿੰਘਾਂ ਦੇ ਅਧ ਸੜੇ ਸਰੀਰ ਖਿਲਰੇ ਪਏ ਸਨ ਅਤੇ ਰੇਲਵੇ ਲਾਇਨ ਕੋਲੋਂ ਭੱਠੀਆਂ ਵਿਚੋਂ ਦਲੀਪ ਸਿੰਘ ਤੇ ਵਰਿਆਮ ਸਿੰਘ ਦੇ ਅੱਧ ਸੜੇ ਸਰੀਰ ਕੱਢੇ ਗਏ। ਸਮੂਹ ਸ਼ਹੀਦਾਂ ਦਾ ਅੰਗੀਠਾ ਤਿਆਰ ਕੀਤਾ ਗਿਆ ਅਰਦਾਸਾ ਸੋਧਿਆ ਗਿਆ ਤੇ ਸਿੰਘਾਂ ਦਾ ਸੰਪੂਰਨ ਸਸਕਾਰ ਕੀਤਾ ਗਿਆ।
ਇਹ ਸ਼ਹਾਦਤ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਜੇਕਰ 6 ਮਾਰਚ ਦੇ ਪੰਥਕ ਇਕੱਠ ਵਾਲੇ ਦਿਨ ਇਹ ਭਾਣਾ ਵਾਪਰਦਾ ਤਾਂ ਕੌਮ ਦਾ ਕਿੰਨਾ ਹੋਰ ਵੱਡਾ ਨੁਕਸਾਨ ਹੋ ਜਾਂਦਾ। ਅਫਸੋਸ ਕਿ ਅੱਜ ਵੀ ਗੁਰਦੁਆਰਾ ਪ੍ਰਬੰਧ ‘ਤੇ ਕਾਨੂੰਨੀ ਮਹੰਤ ਸ਼੍ਰੇਣੀ ਦਾ ਕਬਜ਼ਾ ਹੋ ਚੁੱਕਾ ਹੈ ਉਹ ਵੀ ਗੁਰੂ ਘਰ ਅੰਦਰ ਮਨਮਾਨੀਆਂ ਕਰਦੇ ਆ ਰਹੇ ਹਨ। ਲੋੜ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਵਾਂਗ ਅਣਖ ਰੱਖਣ ਵਾਲੇ ਕੌਮੀ ਆਗੂ ਦੀ ਤਾਂ ਕਿ ਗੁਰਦੁਆਰਾ ਪ੍ਰਬੰਧ ਮੁੜ ਪੰਥਕ ਲੀਹਾਂ ‘ਤੇ ਲਿਆਂਦਾ ਜਾ ਸਕੇ।    (ਸਮਾਪਤ)

Send this to a friend