ਬਹਿਲੋਲਪੁਰ ਸਰਪੰਚ ’ਤੇ ਪੈਨਸ਼ਨ ਦੀ ਰਾਸ਼ੀ ’ਚ ਘਪਲਾ ਕਰਨ ਦਾ ਦੋਸ਼

ਮਾਛੀਵਾੜਾ ਸਾਹਿਬ, 21 ਫਰਵਰੀ (ਕਰਮਜੀਤ ਸਿੰਘ ਆਜ਼ਾਦ)-ਪੰਚਾਇਤ ਚੋਣਾਂ ਤੋਂ ਬਾਅਦ ਗੁੱਟਬੰਦੀ ਕਾਰਨ ਅਤੇ ਕਈ ਖੂਨੀ ਝਗੜਿਆਂ ਕਾਰਨ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਇਆ ਹੋਇਆ ਤੇ ਅੱਜ ਫਿਰ ਪਿੰਡ ਬਹਿਲੋਲਪੁਰ ਦੇ ਬਜੁਰਗਾਂ ਅਤੇ ਵਿਧਵਾਵਾਂ ਨੇ ਉਨ੍ਹਾਂ ਦੀ ਪੈਨਸ਼ਨ ਰਾਸ਼ੀ ਵਿਚ ਪਿੰਡ ਦੇ ਸਰਪੰਚ ਤੇ ਘਪਲੇ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਇਹ ਰਾਸੀ ਨਾ ਵੰਡਣ ਤੇ ਉਚ ਅਧਿਕਾਰੀਆਂ ਤੋਂ ਜਾਂਚ ਦੀ ਮੰਗ ਕੀਤੀ ਹੈ।ਅੱਜ ਪਿੰਡ ਦੇ ਬਜੁਰਗ ਤੇ ਵਿਧਵਾਵਾਂ ਜਿਨਾਂ ਨੂੰ ਸਰਕਾਰ ਵੱਲੋਂ ਬੁਢਾਪੇ ਤੇ ਵਿਧਵਾ ਪੈਨਸ਼ਨ ਲਗਾਈ ਗਈ ਹੈ ਉਨਾਂ ਵਿਚ ਸਾਮਿਲ ਅਮਰੀਕ ਸਿੰਘ, ਨਸੀਬ ਕੌਰ, ਸੰਤੋਖ ਸਿੰਘ, ਅਮਰ ਕੌਰ, ਜਗੀਰ ਕੌਰ, ਮਲਕੀਤ ਕੌਰ, ਗੁਰਮੇਲ ਸਿੰਘ, ਅੱਛਰ ਸਿੰਘ, ਸੁਰਜੀਤ ਕੌਰ, ਸਵਰਨ ਕੌਰ, ਸੰਤੋਖ ਸਿੰਘ, ਸੋਨੀ ਰਾਮ, ਸਵਿੰਦਰ ਕੌਰ, ਸਿਮਰ ਕੌਰ, ਮਨਜੀਤ ਕੌਰ, ਮਲਕੀਤ ਸਿੰਘ, ਬਲਵਿੰਦਰ ਕੌਰ, ਗੁਰਮੇਲ ਕੌਰ, ਪਿਆਰੀ, ਗੁਰਨਾਮ ਸਿੰਘ, ਗੁਲਜ਼ਾਰ ਕੌਰ, ਹਜਾਰਾ, ਈਸ਼ਰ

ਦਾਸ, ਮੁਖਤਿਆਰ ਸਿੰਘ, ਬਲਬੀਰ ਸਿੰਘ, ਪਿਆਰ ਕੌਰ, ਰਾਜਾ ਬੀਬੀ ਆਦਿ ਨੇ ਪੰਜਾਬ ਦੇ ਵਿਜੀਲੈਂਸ ਵਿਭਾਗ, ਮੁੱਖ ਮੰਤਰੀ ਪੰਜਾਬ, ਪੰਚਾਇਤ ਵਿਭਾਗ ਸਮੇਤ ਹੋਰ ਵੱਖ ਵੱਖ ਅਦਾਰਿਆਂ ਨੂੰ ਲਿਖਤੀ ਰੂਪ ਵਿਚ ਸ਼ਿਕਾਇਤਾਂ ਭੇਜ ਦੱਸਿਆ ਕਿ ਪਿੰਡ ਦੇ ਸਰਪੰਚ ਵੱਲੋਂ ਉਨਾਂ ਨੂੰ ਵੰਡੀ ਜਾਣ ਵਾਲੀ ਬੁਢਾਪਾ, ਵਿਧਵਾ ਤੇ ਅੰਗਹੀਣ ਪੈਨਸ਼ਨ ਬੈਂਕ ਵਿਚੋਂ ਕਢਵਾ ਲਈ ਪਰ ਇਹ ਰਾਸ਼ੀ ਕਈਆਂ ਨੂੰ ਘੱਟ ਤੇ ਕਈ ਲਾਭ ਪਾਤਰੀਆਂ ਨੂੰ ਅਜੇ ਤੱਕ ਮਿਲੀ ਹੀ ਨਹੀਂ। ਇਨਾਂ ਸ਼ਿਕਾਇਤਕਰਤਾਵਾ ਅਨੁਸਾਰ ਸਰਪੰਚ ਨੇ ਪੰਜਾਬ ਐਂਡ ਸਿੰਧ ਬੈਂਕ ਦੀ ਬਰਾਂਚ ਸ਼ੇਰਪੁਰ ਬੇਟ ਵਿਚੋਂ ਮਿਤੀ 11-9-2013 ਨੂੰ 2 ਲੱਖ 40 ਹਜਾਰ ਰੁਪਏ ਅਤੇ 16-11-2013 ਨੂੰ 47 ਹਜਾਰ ਰੁਪਏ ਕਢਵਾਏ ਪਰ ਲਾਭਪਾਤਰੀਆਂ ਨੂੰ ਕਿਸੇ ਨੂੰ 4 ਮਹੀਨੇ ਦੀ ਪੈਨਸ਼ਨ 1 ਹਜਾਰ ਰੁਪਏ ਅਤੇ ਕਿਸੇ ਨੂੰ 2 ਮਹੀਨੇ ਦੀ ਪੈਨਸ਼ਨ 500 ਰੁਪਏ ਦਿੱਤੀ ਗਈ ਪਰ  ਅਜੇ ਤੱਕ ਕਈ ਪੈਨਸਨ ਧਾਰਕਾਂ ਨੂੰ ਇਹ ਰਾਸ਼ੀ ਵੰਡੀ ਹੀ ਨਹੀਂ ਗਈ। ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਪੈਨਸ਼ਨ ਨਾ ਮਿਲਣ ਦਾ ਮਾਮਲਾ ਉਨ੍ਹਾਂ ਗਰਾਮ ਪੰਚਾਇਤ ਮੈਂਬਰਾਂ ਦੇ ਧਿਆਨ ਵਿਚ ਲਿਆਂਦਾ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਜਦਕਿ ਉਨ੍ਹਾਂ ਨਾਲ ਦੁਰਵਿਵਹਾਰ ਵੀ ਕੀਤਾ ਗਿਆ ਅਤੇ ਪੈਨਸ਼ਨ ਦੇਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾਵਾਂ ਨੇ ਉਚ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕੀਤੀ ਜਾਵੇ ਤੇ ਘਪਲਾ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰ ਉਨਾਂ ਨੂੰ ਬਣਦੀ ਪੈਨਸ਼ਨ ਦੀ ਰਾਸ਼ੀ ਦਿੱਤੀ ਜਾਵੇ।
ਪੈਨਸ਼ਨ ਧਾਰਕਾਂ ਦੀ ਸ਼ਿਕਾਇਤ ਦੀ ਜਾਂਚ ਚੱਲ ਰਹੀ : ਬੀਡੀਪੀਓ
ਪਿੰਡ ਬਹਿਲੋਲਪੁਰ ਦੇ ਪੈਨਸ਼ਨ ਧਾਰਕਾਂ ਵੱਲੌਂ ਸਰਪੰਚ ਤੇ ਲਗਾਏ ਘਪਲੇ ਦੇ ਦੋਸ਼ਾਂ ਬਾਰੇ ਬਲਾਕ ਪੰਚਾਇਤ ਅਫਸਰ ਗੁਰਪ੍ਰੀਤ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਤੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਮਾਮਲੇ ਵਿਚ ਘਪਲਾ ਹੋਇਆ ਜਾਂ ਕੁਤਾਹੀ ਵਰਤੀ ਗਈ ਤਾਂ ਸਬੰਧਤ ਵਿਅਕਤੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।

Send this to a friend