ਤਲਵੰਡੀ ਸਾਬੋ, 7 ਮਈ (ਰਾਮਰੇਸ਼ਮ ਸ਼ਰਨ)- ਬੀਤੇ ਦਿਨਾਂ ਤੋਂ ਗੁਰਬਾਣੀ ਖਿਲਾਫ ਕੂੜ ਪ੍ਰਚਾਰ ਕਰ ਰਹੇ ਹਰਨੇਕ ਸਿੰਘ ਨੇਕੀ ਦੇ ਨਿਊਜੀਲੈਂਡ ਸਥਿੱਤ ਨਿੱਜੀ ਗੁਰਦੁਆਰਾ ਸਾਹਿਬ ਤੋਂ ਨਿਊਜੀਲੈਂਡ ਦੇ ਸਿੰਘਾਂ ਵੱਲੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਲੈ ਆਉਣ ਦੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਲਾਘਾ ਕੀਤੀ ਹੈ। ਅੱਜ ਇੱਥੋਂ ਜਾਰੀ ਪ੍ਰੈਸ ਬਿਆਨ ਰਾਂਹੀ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਰਨੇਕ ਸਿੰਘ ਨੇਕੀ ਪਿਛਲੇ ਸਮੇਂ ਤੋਂ ਆਪਣੇ ਵੱਲੋਂ ਚਲਾਏ ਜਾ ਰਹੇ ਰੇਡੀਉ ਤੋਂ ਗੁਰਬਾਣੀ ਅਤੇ ਗੁਰਇਤਿਹਾਸ ਪ੍ਰਤੀ ਕੂੜ ਪ੍ਰਚਾਰ ਕਰ ਰਿਹਾ ਸੀ। ਉਸ ਵੱਲੋਂ ਲਗਾਤਾਰ ਗੁਰੂ ਸਾਹਿਬਾਨ, ਸਿੱਖ ਇਤਿਹਾਸ, ਸਿੱਖੀ ਦੇ ਮੂਲ ਸਿਧਾਂਤਾ ਉਪਰ ਬੇਲੋੜੀਆਂ ਅਤੇ ਗਲਤ ਟੀਕਾ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਤੇ ਉਹ ਕੌਮ ਦੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਹੋਰਨਾਂ ਸਿੱਖ ਸਖਸ਼ੀਅਤਾਂ ਵਾਰੇ ਵੀ ਅਪਸ਼ਬਦ ਬੋਲਦਾ ਰਹਿੰਦਾ ਸੀ।ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਨੇਕੀ ਵਿਰੁੱਧ ਕਾਰਵਾਈ ਲਈ ਨਿਊਜੀਲੈਂਡ ਦੀਆਂ ਸੰਗਤਾਂ ਨੂੰ ਕਿਹਾ ਗਿਆ ਸੀ ਜਿਸਦੇ ਆਧਾਰ ਤੇ ਅੱਜ ਸਿੱਖ ਸੰਗਤਾਂ ਨੇ ਹਰਨੇਕ ਸਿੰਘ ਨੇਕੀ ਦੇ ਨਿੱਜੀ ਅਸਥਾਨ ਗੁ:ਸਿੰਘ ਸਭਾ,ਸ਼ਰਲੀ ਰੋਡ ਪਾਪਾਟੋਏਟੋਏ ਵਿੱਚੋਂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ,ਕੁਝ ਪੋਥੀਆਂ ਅਤੇ ਚੌਰ ਸਾਹਿਬ ਸਤਿਕਾਰ ਸਹਿਤ ਲੈ ਜਾਕੇ ਹੋਰਨਾਂ ਗੁਰਦੁਆਰਾ ਸਾਹਿਬਾਨ ਵਿੱਚ ਸ਼ੁਸੋਭਿਤ ਕਰ ਦਿੱਤੇ।ਸਿੰਘ ਸਾਹਿਬ ਨੇ ਨਿਊਜੀਲੈਂਡ ਦੀਆਂ ਸੰਗਤਾਂ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਕਾਰਜ ਨੇ ਦਰਸਾ ਦਿੱਤਾ ਹੈ ਕਿ ਸਿੱਖ ਭਾਂਵੇ ਕਿਤੇ ਵੀ ਰਹਿੰਦੇ ਹੋਣ ਉਹ ਆਪਣੇ ਗੁਰੂੁ ਸਾਹਿਬਾਨ,ਗੁਰਬਾਣੀ ਅਤੇ ਸਿੱਖ ਸ਼ਹੀਦਾਂ ਬਾਰੇ ਕੂੜ ਪ੍ਰਚਾਰ ਨੂੰ ਹਰਗਿੱਜ ਬਰਦਾਸ਼ਤ ਨਹੀ ਕਰਦੇ।ਉਨਾਂ ਨੇ ਉਕਤ ਕਾਰਜ ਲਈ ਨਿਊਜੀਲੈਂਡ ਦੀਆਂ ਸਿੱਖ ਸੰਗਤਾਂ ਦੀ ਸ਼ਲਾਘਾ ਕੀਤੀ।