June 3, 2026 9:37 am

ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਸਕੂਲਾਂ ਦੇ 12ਵੀਂ ਦੇ ਸਿਲੇਬਸ ’ਚੋਂ ਸਿੱਖ ਇਤਿਹਾਸ ਨੂੰ ਗਾਇਬ ਕਰਨਾ ਡੂੰਘੀ ਸਾਜਿਸ਼ : ਭਾਈ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 6 ਮਈ (ਦਵਿੰਦਰਪਾਲ ਸਿੰਘ, ਅੰਕੁਸ਼)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਅਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਦਿਲਜੀਤ ਸਿੰਘ ਭਿੰਡਰ ਨੇ ਸਾਂਝੇ ਤੌਰ ’ਤੇ ਦੋਸ਼ ਲਾਇਆ ਹੈ ਕਿ ਕੈਪਟਨ ਸਰਕਾਰ ਨੇ ਸਕੂਲਾਂ ਦੀਆਂ ਕਿਤਾਬਾਂ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰਕੇ ਬੱਜਰ ਪਾਪ ਕੀਤਾ ਹੈ। ਭਾਈ ਚਾਵਲਾ ਨੇ ਕਿਹਾ ਕਿ ਕੈਪਟਨ ਸਰਕਾਰ ਅਤੇ ਇਸ ਦੇ ਮੰਤਰੀ ਨਾਲੇ ਚੋਰ ਤੇ ਨਾਲੇ ਚਤਰ ਵਾਲੀ ਗੱਲ ਕਰ ਰਹੇ ਰਹੇ ਹਨ ਅਤੇ ਪੰਜਾਬ ਦੇ ਲੋਕਾਂ ਦੇ ਜਜਬਾਤਾਂ ਨਾਲ ਖੇਡਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਆਪਣੀ ਗਲ਼ਤੀ ਤੇ ਪਰਦਾ ਪਾਉਣ ਲਈ ਬੇਲੋੜਾ ਵਿਵਾਦ ਖੜ੍ਹਾ ਕੀਤਾ ਜਾ ਰਿਹਾ ਹੈ। ਭਾਈ ਚਾਵਲਾ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਸਰਕਾਰ ਪਿਛਲੇ ਇਤਿਹਾਸ ਤੋਂ ਸਬਕ ਸਿੱਖੇ ਅਤੇ ਆਪਣੀ ਸਰਕਾਰੀ ਹੈਂਕੜ ਨੂੰ ਛੱਡ ਕੇ ਆਪਣੀ ਗਲ਼ਤੀ ਮੰਨੇ ਅਤੇ ਇਨ੍ਹਾਂ ਕਿਤਾਬਾਂ ਵਿੱਚ ਇਤਿਹਾਸ ਦੀ ਪਹਿਲਾਂ ਦੀ ਤਰ੍ਹਾਂ ਹੀ ਦਰੁੱਸਤੀ ਕੀਤੀ ਜਾਵੇ। ਇਸ ਮੌਕੇ ਤੇ ਸ੍ਰ. ਜਸਵੀਰ ਸਿੰਘ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਮਨਜਿੰਦਰ ਸਿੰਘ ਬਰਾੜ, ਮਾਸਟਰ ਹਰਜੀਤ ਸਿੰਘ ਅਚਿੰਤ, ਦਵਿੰਦਰ ਸਿੰਘ ਐਕਸੀਅਨ, ਐਡਵੋਕੇਟ ਹਰਦੇਵ ਸਿੰਘ ਸੂਚਨਾ ਅਧਿਕਾਰੀ, ਭੁਪਿੰਦਰ ਸਿੰਘ ਗਾਈਡ, ਸਤਨਾਮ ਸਿੰਘ ਝੱਜ, ਮਾਸਟਰ ਜਸਵਿੰਦਰ ਸਿੰਘ, ਮਨਿੰਦਰ ਸਿੰਘ ਮਨੀ, ਸੰਦੀਪ ਸਿੰਘ ਕਲੌਤਾ, ਲਵਪ੍ਰੀਤ ਸਿੰਘ ਪ੍ਰਚਾਰਕ, ਰਣਬੀਰ ਸਿੰਘ ਕਲੌਤਾ, ਹਰਦੇਵ ਸਿੰਘ ਭਾਟ ਸਿੱਖ ਨਵੀਂ ਅਬਾਦੀ, ਮਨਮੋਹਨ ਸਿੰਘ ਲੋਦੀਪੁਰ ਆਦਿ ਹਾਜ਼ਰ ਸਨ।

Send this to a friend