ਅਗਲੀ ਰਣਨੀਤੀ ਲਈ 7 ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੁਲਾਈ ਹੰਗਾਮੀ ਇਕੱਤਰਤਾ
ਚੰਡੀਗੜ੍ਹ, 4 ਮਈ- ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਸਿਲੇਬਸ ਲਈ ਤਿਆਰ ਕੀਤੀ ਇਤਿਹਾਸ ਦੀ ਪੁਸਤਕ ਵਿੱਚੋਂ ਗੁਰ-ਇਤਿਹਾਸ, ਸਿੱਖ-ਇਤਿਹਾਸ ਤੇ ਪੰਜਾਬ ਦਾ ਇਤਿਹਾਸ ਖ਼ਤਮ ਕਰਨ ਦੇ ਮਾਮਲੇ ਸਬੰਧੀ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਦੇ ਸਾਰੇ ਮੈਂਬਰਾਂ ਦੀ ਇਕ ਹੰਗਾਮੀ ਇਕੱਤਰਤਾ 7 ਮਈ ਨੂੰ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ। ਇਹ ਫੈਸਲਾ ਧਰਮ ਪ੍ਰਚਾਰ ਕਮੇਟੀ ਦੀ ਇਥੇ ਸ਼੍ਰੋਮਣੀ ਕਮੇਟੀ ਦੇ ਉਪ-ਦਫ਼ਤਰ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਹੋਈ ਇਕ ਇਕੱਤਰਤਾ ’ਚ ਲਿਆ ਗਿਆ। ਇਕੱਤਰਤਾ ਦੌਰਾਨ ਸਰਕਾਰ ਵੱਲੋਂ ਬਾਰ੍ਹਵੀਂ ਜਮਾਤ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਨਫੀ ਕਰਨ ਦੀ ਕੋਝੀ ਹਰਕਤ ਸਬੰਧੀ ਨਿੰਦਾ ਮਤਾ ਵੀ ਪਾਸ ਕੀਤਾ ਗਿਆ। ਇਕੱਤਰਤਾ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਿਲੇਬਸ ਵਿੱਚੋਂ ਸਿੱਖ ਕੌਮ ਨਾਲ ਸਬੰਧਤ ਇਤਿਹਾਸ ਨੂੰ ਖ਼ਤਮ ਕਰਕੇ ਖ਼ਾਲਸਾ ਪੰਥ ਨਾਲ ਵੱਡਾ ਧ੍ਰੋਹ ਕੀਤਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਸਿਲੇਬਸ ਬਣਾਉਣ ਵਾਲੀ ਕਮੇਟੀ ਦਾ ਹਿੱਸਾ ਨਹੀਂ ਸੀ, ਸਗੋਂ ਉਸ ਨੂੰ ਤਾਂ ਕੇਵਲ ਕੁਝ ਚੈਪਟਰ ਹੀ ਪੜ੍ਹਨ ਲਈ ਭੇਜੇ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਡਾ. ਪਰਮਵੀਰ ਸਿੰਘ ਵੱਲੋਂ ਇਹ ਵੀ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ ਜੋ ਚੈਪਟਰ ਉਸ ਨੂੰ ਪੜ੍ਹਨ ਲਈ ਦਿੱਤੇ ਗਏ ਉਨ੍ਹਾਂ ਸਬੰਧੀ ਦਿੱਤੇ ਗਏ ਸੁਝਾਵਾਂ ਨੂੰ ਵੀ ਸਿੱਖਿਆ ਬੋਰਡ ਨੇ ਲਾਗੂ ਨਹੀਂ ਕੀਤਾ। ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਸੁਖਵਰਸ਼ ਸਿੰਘ ਪੰਨੂੰ, ਸ. ਮਨਜੀਤ ਸਿੰਘ ਬੱਪੀਆਣਾ, ਸ. ਤੇਜਿੰਦਰਪਾਲ ਸਿੰਘ ਢਿੱਲੋਂ, ਸ. ਪ੍ਰਿਤਪਾਲ ਸਿੰਘ ਲੁਧਿਆਣਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਕੱਤਰ ਸ. ਜਗਜੀਤ ਸਿੰਘ ਜੱਗੀ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਦਰਸ਼ਨ ਸਿੰਘ ਪੀ.ਏ., ਸ. ਲਖਬੀਰ ਸਿੰਘ ਮੀਤ ਸਕੱਤਰ ਚੰਡੀਗੜ੍ਹ ਉਪ-ਦਫ਼ਤਰ, ਸ. ਜਗੀਰ ਸਿੰਘ ਮੈਨੇਜਰ ਆਦਿ ਮੌਜੂਦ ਸਨ।
ਛੇਵੇਂ ਪਾਤਸ਼ਾਹ ਜੀ ਦਾ ਗੁਰਤਾਗੱਦੀ ਦਿਵਸ 8 ਮਈ ਦੀ ਥਾਂ 7 ਜੂਨ ਨੂੰ ਮਨਾਇਆ ਜਾਵੇਗਾ- ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਤਾਗੱਦੀ ਦਿਵਸ 25 ਵੈਸਾਖ (8 ਮਈ 2018) ਦੀ ਥਾਂ 25 ਜੇਠ (7 ਜੂਨ 2018) ਨੂੰ ਮਨਾਉਣ ਦੀ ਦਰੁਸਤੀ ਵੀ ਕੀਤੀ ਗਈ।