ਸਰਕਾਰ ਕਣਕ ਦਾ ਕੱਲਾ-ਕੱਲਾ ਦਾਣਾ ਚੁੱਕਣ ਲਈ ਵਚਨਬਧ
ਚੰਡੀਗੜ੍ਹ, 3 ਮਈ (ਪੰਜਾਬ ਟਾਇਮਜ਼ ਬਿਊਰੋ)- ਸੂਬੇ ਵਿੱਚ ਬੀਤੇ ਦਿਨੀਂ ਹੋਈ ਬੇਵਕਤੀ ਤੇ ਅਚਨਚੇਤ ਬਾਰਿਸ਼ ਦੀ ਭਰਪਾਈ ਯਕੀਨੀ ਬਨਾਉਣ ਲਈ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਕੁਦਰਤ ਵੱਲੋਂ ਮੌਸਮ ਵਿੱਚ ਆਏ ਇਸ ਅਚਨਚੇਤ ਬਦਲਾਅ ਦੇ ਨੁਕਸਾਨ ਦਾ ਬੋਝ ਕਿਸੇ ਕਿਸਾਨ ‘ਤੇ ਨਹੀਂ ਪਵੇਗਾ ਅਤੇ ਅਜਿਹੇ ਸਮੇਂ ਵਿੱਚ ਸਰਕਾਰ ਹਰ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੇਗੀ।
ਸੂਬੇ ਵਿੱਚ ਬੇਰੋਕ ਤੇ ਸੁਚੱਜੇ ਤਰੀਕੇ ਨਾਲ ਫਸਲ ਦੀ ਖ਼ਰੀਦ ਲਈ ਸਰਕਾਰ ਦੇ ਵਾਅਦੇ ਨੂੰ ਦੁਹਰਾਉਂਦਿਆਂ ਸ੍ਰੀ ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸਬੰਧਿਤ ਧਿਰਾਂ ਦੇ ਨਾਲ ਪਰੇਸ਼ਾਨੀ ਮੁਕਤ ਖਰੀਦ ਅਤੇ ਮੰਡੀ ਚੋਂ ਕਣਕ ਦੇ ਹਰ ਦਾਣੇ ਨੂੰ ਚੁੱਕਣ ਲਈ ਵਚਨਬਧ ਹੈ । ਉਨ੍ਹਾਂ ਕਿਹਾ ਕਿ ਸਰਕਾਰ ਲੇਬਰ ਅਤੇ ਆੜ੍ਹਤੀਆਂ ਨੂੰ ਭਰੋਸਾ ਦਿਵਾਉਂਦੀ ਹੈ ਕਿ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਹਰ ਹੀਲੇ ਕੀਤੀ ਜਾਵੇਗੀ।