ਤਪਾ/ਬਰਨਾਲਾ, 2 ਮਈ (ਕੁਲਦੀਪ ਸਿੰਘ ਗਰੇਵਾਲ)- ਪ੍ਰਧਾਨ ਮੰਤਰੀ ਵੱਲੋਂ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਮਕਸਦ ਨਾਲ ਗਰਾਮ ਸਵਰਾਜ ਅਭਿਆਨ-2018 ਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਸਾਰੇ ਬਲਾਕਾਂ ’ਚ ‘ਕਿਸਾਨ ਕਲਿਆਣ ਕਾਰਜਸ਼ਾਲਾ’ ਕਰਵਾਈ ਗਈ।ਇਸੇ ਲੜੀ ਅਧੀਨ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਪਿੰਡ ਦਰਾਜ ਦਰਾਕਾ ਵਿਖੇ ਲਗਾਏ ਗਏ ਜ਼ਿਲ•ਾ ਪਧਰੀ ਕੈਂਪ ‘ਚ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਖੇਤਰ ’ਚ ਨਾਮਣਾ ਖਟਣ ਵਾਲੇ ਇਕ ਕਿਸਾਨ ਬੀਬੀ ਤੇ ਚਾਰ ਸਫ਼ਲ ਕਿਸਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸ੍ਰੀ ਧਰਮ ਪਾਲ ਗੁਪਤਾ ਨੇ ਕਿਹਾ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸੰਕਟ ਦੇ ਦੌਰ ’ਚੋਂ ਕਿਸਾਨਾਂ ਨੂੰ ਬਾਹਰ ਕਢਣ ਲਈ ਹਰ ਸੰਭਵ ਮਦਦ ਦਾ ਟੀਚਾ ਮਿਥਿਆ ਗਿਆ ਹੈ ਤੇ ਇਸ ਮੰਤਵ ਅਧੀਨ ਹੀ ਇਹ ਸੈਮੀਨਾਰ ਲਾਏ ਜਾ ਰਹੇ ਹਨ। ਉਨ•ਾਂ ਦਸਿਆ ਕਿ ਇਸ ਲੜੀ ਅਧੀਨ ਕਿਸਾਨਾਂ ਨੂੰ ਉਨ•ਾਂ ਦੀ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਖੇਤੀਬਾੜੀ ਖੇਤਰ ਵਿਚ ਆ ਰਹੀਆਂ ਨਵੀਂਆਂ ਤਕਨੀਕਾਂ ਬਾਰੇ ਵੀ ਜਾਣਕਾਰੀ ਦਿਤੀ ਜਾਵੇਗੀ। ਸ੍ਰੀ ਧਰਮ ਪਾਲ ਗੁਪਤਾ ਨੇ ਵਾਤਾਵਰਣ ’ਚ ਆ ਰਹੇ ਨਿੱਤ ਬਦਲਾਅ ਕਾਰਨ ਖੇਤੀਬਾੜੀ ਨੂੰ ਦਰਪੇਸ਼ ਮੁਸ਼ਕਲਾਂ ਦੀ ਗਲ ਕਰਦਿਆਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦੀ ਅੰਨ•ੇਵਾਹ ਵਰਤੋਂ ਤੇ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅਗ ਲਾਉਣਾ ਹੀ ਬਹੁਤੀਆਂ ਸਮਸਿਆਵਾਂ ਨੂੰ ਪੈਦਾ ਕਰ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਿਸਾਨ ਕਣਕ-ਝੋਨੇ ਦੇ ਫ਼ਸਲੀ ਚਕਰ ਤੋਂ ਬਾਹਰ ਨਿਕਲ ਕੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਤੇ ਲਗਾਤਾਰ ਡਿਗਦੇ ਜਾ ਰਹੇ ਜ਼ਮੀਨ ਹੇਠਲੇ ਪਾਣੀ ਦੀ ਬਚਤ ਕਰਨ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਅਗ ਨਾ ਲਾਉਣ ਕਿਉਂਕਿ ਅਗ ਲਾਉਣ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ, ਉਥੇ ਹੀ ਧਰਤੀ ਦੀ ਉਪਰਲੀ ਉਪਜਾਊ ਸਤ•ਾ ਦੇ ਨਾਲ-ਨਾਲ ਮਿਤਰ ਕੀੜੇ ਵੀ ਨੁਕਸਾਨੇ ਜਾਂਦੇ ਹਨ।ਸ੍ਰੀ ਗੁਪਤਾ ਨੇ ਕਿਹਾ ਕਿ ਕਿਸਾਨ ਖੇਤੀ ਖਰਚੇ ਘਟਾ ਕੇ ਹੀ ਆਪਣੀ ਆਮਦਨ ‘ਚ ਵਾਧਾ ਕਰ ਸਕਦੇ ਹਨ ਤੇ ਇਸ ਲਈ ਉਨ•ਾਂ ਨੂੰ ਆਧੁਨਿਕ ਤਕਨੀਕਾਂ ਜਿਨ•ਾਂ ‘ਚ ਮਿਟੀ ਦੀ ਪਰਖ ਤੇ ਨਵੀਨਤਮ ਮਸ਼ੀਨਰੀ ਦੀ ਵਰਤੋਂ ਅਤੇ ਹਰੀਆਂ ਖਾਦਾਂ ‘ਤੇ ਨਿਰਭਰ ਹੋਣਾ ਪਵੇਗਾ। ਉਨ•ਾਂ ਕਿਹਾ ਕਿ ਕਿਸਾਨ ਜੈਵਿਕ ਖੇਤੀ ਨੂੰ ਅਪਣਾਉਣ ਜਿਸ ਦੀ ਸ਼ੁਰੂਆਤ ਉਹ ਆਪਣੇ ਘਰ ਲਈ ਲੋੜੀਂਦੀਆਂ ਫ਼ਸਲਾਂ ਤੋਂ ਕਰਨ।ਮੁਖ ਖੇਤੀਬਾੜੀ ਅਫ਼ਸਰ ਸ੍ਰੀ ਰਛਪਾਲ ਸਿੰਘ ਖੋਸਾ ਨੇ ਦਸਿਆ ਕਿ ਇਨ੍ਹਾਂ ਸੈਮੀਨਾਰਾਂ ਦੌਰਾਨ ਖੇਤੀਬਾੜੀ ਵਿਭਾਗ ਦੇ ਨਾਲ-ਨਾਲ ਕਿਸਾਨੀ ਨਾਲ ਸਬੰਧਤ ਪੰਜਾਬ ਸਰਕਾਰ ਦੇ ਹੋਰ ਵਿਭਾਗ ਜਿਨ੍ਹਾਂ ’ਚ ਕੇ.ਵੀ.ਕੇ., ਪਸ਼ੂ ਪਾਲਣ, ਮਛੀ ਪਾਲਣ, ਡੇਅਰੀ, ਬਾਗਬਾਨੀ, ਭੂਮੀ ਰਖਿਆ ਮੰਡਲ, ਜੰਗਲਾਤ ਵਿਭਾਗ ਆਦਿ ਦੇ ਮਾਹਰਾਂ ਵੱਲੋਂ ਆਪਣੇ-ਆਪਣੇ ਵਿਭਾਗ ਵਿਚ ਚਲ ਰਹੀਆਂ ਖੇਤੀਬਾੜੀ ਸਬੰਧੀ ਸਕੀਮਾਂ ਅਤੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਤਰੀਕਿਆਂ ਬਾਰੇ ਚਾਨਣਾ ਪਾਇਆ।
ਉਨ੍ਹਾਂ ਦਸਿਆ ਕਿ ਇਨ•ਾਂ ਸੈਮੀਨਾਰਾਂ ਵਿਚ ਸਫ਼ਲ ਕਿਸਾਨਾਂ ਵਲੋਂ ਆਪਣੇ ਤਜ਼ਰਬੇ ਕਿਸਾਨਾਂ ਨਾਲ ਸਾਂਝੇ ਕੀਤੇ ਗਏ ਅਤੇ ਉਨ•ਾਂ ਨੂੰ ਪ੍ਰੇਰਤ ਕੀਤਾ ਗਿਆ ਕਿ ਸਫ਼ਲ ਕਿਸਾਨਾਂ ਤੋਂ ਸੇਧ ਲੈ ਕੇ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰਨ।ਮੁਖ ਖੇਤੀਬਾੜੀ ਅਫ਼ਸਰ ਨੇ ਦਸਿਆ ਕਿ ਪੂਰੇ ਜ਼ਿਲੇ ’ਚੋਂ 15 ਅਜਿਹੇ ਕਿਸਾਨਾਂ ਤੇ ਕਿਸਾਨ ਬੀਬੀਆਂ ਦੀ ਚੋਣ ਇਨ੍ਹਾਂ ਸੈਮੀਨਾਰਾਂ ਦੌਰਾਨ ਵਿਸ਼ੇਸ਼ ਸਨਮਾਨ ਲਈ ਕੀਤੀ ਗਈ ਹੈ ਜਿਨ•ਾਂ ਨੇ ਖੇਤੀਬਾੜੀ ਤੇ ਸਹਾਇਕ ਧੰਦਿਆਂ ਦੇ ਖੇਤਰ ‘ਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪਧਰੀ ਸੈਮੀਨਾਰ ਦੇ ਨਾਲ-ਨਾਲ ਬਰਨਾਲਾ ਬਲਾਕ ਦੇ ਪਿੰਡ ਨਾਈਵਾਲਾ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਪਾਲ ਸਿੰਘ ਤੇ ਭੂਮੀ ਪਰਖ ਅਫ਼ਸਰ ਡਾ. ਸਰਬਜੀਤ ਸਿੰਘ ਅਤੇ ਮਹਿਲ ਕਲਾਂ ਬਲਾਕ ਦੇ ਪਿੰਡ ਪੰਡੋਰੀ ਵਿਖੇ ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਮੀਤ ਸਿੰਘ ਤੇ ਖੇਤੀਬਾੜੀ ਵਿਸਥਾਰ ਅਫ਼ਸਰ ਚਰਨ ਰਾਮ ਦੀ ਅਗਵਾਈ ’ਚ ਸੈਮੀਨਾਰ ਲਗਾਏ ਗਏ।
ਜ਼ਿਲ੍ਹਾ ਪਧਰੀ ਸੈਮੀਨਾਰ ਮੌਕੇ ਹੋਰਨਾ ਤੋਂ ਇਲਾਵਾ ਅਮਰਜੀਤ ਸਿੰਘ ਧਾਲੀਵਾਲ, ਖੇਤੀਬਾੜੀ ਵਿਕਾਸ ਅਫ਼ਸਰ ਡਾ. ਗੁਰਚਰਨ ਸਿੰਘ, ਕੰਪਿਊਟਰ ਪ੍ਰੋਗਰਾਮਰ (ਆਤਮਾ) ਸੁਨੀਤਾ ਸ਼ਰਮਾ, ਬਲਾਕ ਟੈਕਨੋਲੋਜੀ ਮੈਨੇਜਰ ਜਸਵਿੰਦਰ ਸਿੰਘ, ਏ.ਟੀ.ਐਸ. ਸਤਨਾਮ ਸਿੰਘ, ਏ.ਟੀ.ਐਸ. ਦੀਪਕ ਕੁਮਾਰ, ਏ.ਟੀ.ਐਸ. ਸੁਖਪਾਲ ਸਿੰਘ ਅਤੇ ਹੋਰ ਸਹਾਇਕ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।