June 22, 2026 4:19 am

ਪੰਜਾਬ ਸਰਕਾਰ ਦੀ ਮਾੜੀ ਵਿੱਤੀ ਹਾਲਤ ਦਾ ਬਹਾਨਾ ਲਾ ਕੇ ਪੈਨਸ਼ਨਰਾਂ ਦੀਆਂ ਮੰਗਾ ਨਾ ਮੰਨਣ ’ਤੇ ਕੀਤੀ ਨਿੰਦਾ

ਐਸਬੀਆਈ ਭਟੀਆਂ ਬਰਾਂਚ ਮੈਨੇਜਰ ਦੇ ਮਾਰੇ ਵਤੀਰੇ ਖ਼ਿਲਾਫ਼ ਧਰਨਾ 10 ਨੂੰ

ਕਾਹਨੂੰਵਾਨ, 1 ਮਈ (ਡਾ.ਜਸਪਾਲ ਸਿੰਘ ਭਿਟੇਵਡ)- ਅਜ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਦੀ ਇਕ ਇਕਤਰਤਾ ਸਥਾਨ ਕਸਬੇ ਵਿਖੇ ਹੋਈ। ਇਸ ਦੀ ਪ੍ਰਧਾਨਗੀ ਜਵੰਦ ਸਿੰਘ ਨੈਨੇਕੋਟ ਨੇ ਕੀਤੀ। ਇਸ ਮੌਕੇ ਵਖ ਵਖ ਬੁਲਾਰਿਆਂ ਨੇ ਪੈਨਸ਼ਨਰ ਮੰਗਾਂ ਸਬੰਧੀ ਪੰਜਾਬ ਸਰਕਾਰ ਵਲੋਂ ਮਾੜੀ ਵਿਤੀ ਸਥਿਤੀ ਦਾ ਬਹਾਨਾ ਬਣਾ ਕੇ ਕੀਤੀ ਜਾ ਰਹੀ ਟਾਲ ਮਟੋਲ ਦੀ ਦੀ ਨਿੰਦਾ ਕੀਤੀ। ਪੰਜਾਬ ਸਰਕਾਰ ਨੂੰ ਸਖ਼ਤ ਚਿਤਵਨੀ ਦਿਤੀ ਕਿ ਪੈਨਸ਼ਨਰਾਂ ਦੀ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਵਿਚ ਜਥੇਬੰਦੀ ਵਲੋਂ ਸਖ਼ਤ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਪਿਛਲੀ 22 ਮਾਰਚ ਨੂੰ ਮੁਹਾਲੀ ਵਿਖੇ ਇਕ ਸੂਬਾ ਪਧਰੀ ਵਿਸ਼ਾਲ ਰੈਲੀ ਕੀਤੀ ਗਈ ਸੀ। ਜਿਸ ਵਿਚ ਜਿਲ੍ਹਾ ਗੁਰਦਾਸਪੁਰ ਤੋਂ ਵਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ। ਇਸ ਇਕਤਰਤਾ ਵਿਚ ਪ੍ਰਿੰਸੀਪਲ ਈਸ਼ਰ ਸਿੰਘ, ਸ. ਸਵਿੰਦਰ ਸਿੰਘ ਔਲਖ, ਜਿਲ੍ਹਾ ਜਨਰਲ ਸਕਤਰ ਸਰੇਸ਼ ਚੰਦ ਵਿਤ ਸਕਤਰ ਸ੍ਰੀ ਪ੍ਰੇਮ ਦਾਸ, ਸੁਚਾ ਰਾਮ ਰਣਬੀਰ ਸਿੰਘ, ਸਲਵੰਤ ਸਿੰਘ, ਹਰਬੰਸ ਲਾਲ, ਹਲੀਫ ਮਸੀਹ, ਸੰਤੋਖ ਰਾਜ, ਸੁਰਜੀਤ ਸਿੰਘ ਆਦਿ ਸਮੇਤ ਹੋਰ ਪੈਨਸ਼ਨਰ ਵੀ ਹਾਜ਼ਰ ਸਨ। ਇਸ ਮੌਕੇ ਸ. ਜਵੰਦ ਸਿੰਘ ਨੇ ਕਿਹਾ ਕਿ ਸਟੇਟ ਬੈਂਕ ਆਫ਼ ਇੰਡੀਆ ਦੀ ਭਟੀਆਂ ਬਰਾਂਚ ਦੇ ਮੈਨੇਜਰ ਅਤੇ ਸਟਾਫ਼ ਦਾ ਵਤੀਰਾ ਬਜ਼ੁਰਗ ਪੈਨਸ਼ਨਰਾਂ ਨਾਲ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਨੇ ਪੈਨਸ਼ਨਰਾਂ ਦੀਆਂ ਸਮਸਿਆਵਾਂ ਸਬੰਧੀ ਬੈਂਕ ਮੈਨੇਜਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਤੇ ਲਿਖਤੀ ਰੂਪ ਵਿਚ ਵੀ ਗਲਬਾਤ ਕਰਨ ਲਈ ਸਮਾਂ ਮੰਗਿਆ ਗਿਆ ਪਰ ਉਸ ਵਲੋਂ ਅਜੇ ਤਕ ਕੋਈ ਵੀ ਜਵਾਬ ਨਹੀਂ ਪ੍ਰਾਪਤ ਹੋਇਆ। ਇਸ ਲਈ ਉਨ੍ਹਾਂ ਦੀ ਜਥੇਬੰਦੀ ਵਲੋਂ ਬੈਂਕ ਦੇ ਮੁਲਾਜ਼ਮਾਂ ਦੇ ਅੜੀਅਲ ਰਵਈਏ ਖ਼ਿਲਾਫ਼ 10 ਮਈ ਨੂੰ ਸਵੇਰੇ 10 ਵਜੇ ਬਰਾਂਚ ਦਫ਼ਤਰ ਦੇ ਸਾਹਮਣੇ ਧਰਨਾ ਦਿਤਾ ਜਾਵੇਗਾ ਤਾਂ ਜੋ ਪੈਨਸ਼ਨਰਾਂ ਨੂੰ ਦਰਪੇਸ਼ ਆ ਰਹੀਆਂ ਸਮਸਿਆਵਾਂ ਦਾ ਗਲਬਾਤ ਕਰਕੇ ਹਲ ਕੀਤਾ ਜਾ ਸਕੇ।

Send this to a friend