ਰਾਹੁਲ ਗਾਂਧੀ ਵੱਲੋਂ ਨਾਰਾਜ਼ਗੀ ਦਾ ਪ੍ਰਗਟਾਵਾ
-ਚੇਨਈ, 19 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਤਿੰਨ ਕਾਤਿਲਾਂ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ ’ਚ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ਦੇ ਦੂਜੇ ਦਿਨ ਬੁੱਧਵਾਰ ਨੂੰ ਤਾਮਿਲਨਾਡੂ ਸਰਕਾਰ ਨੇ ਅਚਾਨਕ ਕਦਮ ਉਠਾਉਂਦੇ ਹੋਏ ਇਨ੍ਹਾਂ ਤਿੰਨਾਂ ਸਮੇਤ ਦੇਸ਼ ਨੂੰ ਦਹਿਲਾ ਦੇਣ ਵਾਲੇ ਇਸ ਕਤਲਕਾਂਡ ਦੇ ਸਾਰੇ 7 ਦੋਸ਼ੀਆਂ ਦੀ ਰਿਹਾਈ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਜੈਲਲਿਤਾ ਦੀ ਪ੍ਰਧਾਨਗੀ ’ਚ ਸਵੇਰ ਸਕੱਤਰੇਤ ’ਚ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਕੀਤਾ ਗਿਆ। ਇਸ ਫੈਸਲੇ ਅਨੁਸਾਰ 1991 ਵਿੱਚ ਹੋਏ ਇਸ ਕਤਲਕਾਂਡ ਦੇ ਤਿੰਨਾਂ ਦੋਸ਼ੀਆਂ ਸੰਤਨ, ਮੁਰੂਗਨ ਅਤੇ ਪੇਰਾਰਿਵਲਨ ਨਾਲ ਨਾਲਿਨੀ ਅਤੇ ਤਿੰਨ ਹੋਰ ਨੂੰ ਵੀ ਰਿਹਾਅ ਕਰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਇਸ ਮਾਮਲੇ ਉ¤ਪਰ ਸਿਆਸਤ ਤੇਜ ਹੋ ਗਈ ਹੈ। ਕਾਂਗਰਸ ਨੇ ਤਾਮਿਲਨਾਡੂ ਦੀ ਜੈਲਲਿਤਾ ਸਰਕਾਰ ਦੇ ਫੈਸਲੇ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ ਇਹ ‘ਪਾਪੂਲਿਸਟ’ ਕਦਮ ਹੈ। ਆਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਿਲਾਂ ਨੂੰ ਰਿਹਾਅ ਕਰਨ ਦੇ ਤਾਮਿਲਨਾਡੂ ਦੇ ਸਰਕਾਰ ਦੇ ਫੈਸਲੇ ਉ¤ਪਰ ਰਾਹੁਲ ਗਾਂਧੀ ਨੇ ਨਾਰਾਜ਼ਗੀ ਪ੍ਰਗਟ ਕੀਤੀ ਹੈ। ਅਮੇਠੀ ਦੌਰੇ ’ਤੇ ਰਾਹੁਲ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਦੇ ਕਾਤਿਲਾਂ ਨੂੰ ਛੱਡਿਆ ਜਾਵੇਗਾ ਤਾਂ ਆਮ ਆਦਮੀ ਨੂੰ ਕਿਵੇਂ ਇਨਸਾਫ਼ ਮਿਲੇਗਾ? ਉਨ੍ਹਾਂ ਨੇ ਕਿਹਾ ਕਿ ਮੇਰੇ ਪਿਤਾ ਸ਼ਹੀਦ ਹੋ ਗਏ। ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਅਸੀਂ ਸਜ਼ਾ-ਏ-ਮੌਤ ਦੇ ਹੱਕ ਵਿੱਚ ਨਹੀਂ ਹਾਂ। ਅੱਜ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਪਿਤਾ ਦੇ ਕਾਤਿਲਾਂ ਨੂੰ ਛੱਡਿਆ ਜਾ ਰਿਹਾ ਹੈ। ਇਸੇ ਦੌਰਾਨ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਿਹਾ ਹੈ ਕਿ ਉਹ ਤਾਮਿਲਨਾਡੂ ਸਰਕਾਰ ਦੇ ਫੈਸਲੇ ਨੂੰ ਖੁਸ਼ ਨਹੀਂ ਹਨ ਕਿਉਂਕਿ ਸੁਪਰੀਮ ਕੋਰਟ ਨੇ ਦੋਸ਼ੀਆਂ ਨੂੰ ਬੇਗੁਨਾਹ ਕਰਾਰ ਨਹੀਂ ਦਿੱਤਾ ਹੈ।