ਰੂਪਨਗਰ – 01 ਮਈ 2018 ਤੋਂ ਸ਼ੁਰੂ ਹੋ ਰਹੀ ਮੀਜ਼ਲ-ਰੂਬੈਲਾ ਮੁਹਿਮ ਤਹਿਤ 9 ਮਹੀਨੇ ਤੋਂ 15 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਐਮ.ਆਰ ਦਾ ਟੀਕਾ ਲਗਾਇਆ ਜਾਵੇਗਾ। ਇਹ ਪ੍ਰਗਟਾਵਾ ਡਾ. ਹਰਿੰਦਰ ਕੌਰ, ਸਿਵਲ ਸਰਜਨ ਰੂਪਨਗਰ ਨੇ ਅੱਜ ਇੱਥੇ ਜਿਲ੍ਹੇ ਦੇ ਸਮੂਹ ਪ੍ਰਿੰਟ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਇਸ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਸਬੰਧਤ ਵਿਭਾਗ ਜਿਵੇਂ ਕਿ ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਚਾਇਤ ਵਿਭਾਗ ਆਦਿ ਨਾਲ ਤਾਲਮੇਲ ਕਰਕੇ ਜ਼ਰੂਰੀ ਟ੍ਰੇਨਿੰਗਾਂ ਕਰਵਾ ਦਿੱਤੀਆਂ ਗਈਆਂ ਹਨ।ਜਿਸ ਲਈ ਸਾਰੇ ਵਿਭਾਗਾਂ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।ਇਸ ਮੁਹਿੰਮ ਦੌਰਾਨ ਲੱਗਭੱਗ, 1,55000 ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਮੰਤਵ ਲਈ 8 ਬਲਾਕਾਂ ਦਾ ਗਠਨ ਕੀਤਾ ਗਿਆ ਹੈ, ਹਰੇਕ ਬਲਾਕ ਦਾ ਇੱਕ ਨੋਡਲ ਅਫਸਰ ਲਗਾਇਆ ਗਿਆ ਹੈ। ਤਕਰੀਬਨ 65 ਸੁਪਰਵਾਈਜਰ ਨਿਯੁਕਤ ਕੀਤੇ ਗਏ ਹਨ। ਕੁੱਲ 165 ਟੀਮਾਂ (ਹਰੇਕ ਟੀਮ ਵਿੱਚ 3 ਤੋਂ 4 ਮੈਂਬਰ) ਅਤੇ ਹਰੇਕ 3 ਟੀਮਾਂ ਉੱਪਰ ਸੁਪਰਵਾਈਜਰ ਲਗਾਇਆ ਗਿਆ ਹੈ। ਕਿਸੇ ਵੀ ਐਮਰਜੈਂਸੀ ਨਾਲ ਨਿਪਟਣ ਲਈ ਸਟਾਫ ਨੂੰ ਵਿਸ਼ੇਸ਼ ਤੌਰ ਤੇ ਏ.ਈ.ਐਫ.ਆਈ. (ਂਥਜ਼) ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਹਨ। ਜ੍ਹਿਲੇ ਦੇ ਤਕਰੀਬਨ 1028 ਸਕੂਲਾਂ ਵਿੱਚ ਟੀਕਾਕਰਨ ਕੀਤਾ ਜਾਵੇਗਾ। ਮੁਹਿੰਮ ਲਈ ਆਸ਼ਾ ਵਰਕਰਜ, ਆਂਗਣਵਾੜੀ ਵਰਕਰਜ, ਸਕੂਲ ਅਧਿਆਪਕ ਤੇ ਹੋਰ ਸਬੰਧਤ ਵਿਭਾਗਾਂ ਦੀ ਟ੍ਰੇਨਿੰਗ ਕਰਵਾ ਕੇ ਉਹਨਾਂ ਦੀਆਂ ਜਿੰਮੇਵਾਰੀਆਂ ਬਾਰੇ ਦੱਸਿਆ ਜਾ ਚੁੱਕਾ ਹੈ। ਇਹ ਟੀਕਾ ਸਾਰੇ ਸਕੂਲਾਂ (ਸਰਕਾਰੀ/ਗੈਰ-ਸਰਕਾਰੀ), ਸਿਹਤ ਕੇਂਦਰਾਂ (ਸੀ.ਐਚ.ਸੀਜ/ਪੀ.ਐਚ.ਸੀਜ/ਸਬ-ਸੈਂਟਰ) ਭੱਠਿਆਂ, ਕਰੈਚਾਂ ਅਤੇ ਆਂਗਣਵਾੜੀ ਕੇਂਦਰਾਂ ਵਿਖੇ ਮੁਫਤ ਲਗਾਇਆ ਜਾਵੇਗਾ। ਇਹ ਮੁਹਿੰਮ ਤਕਰੀਬਨ 3 ਤੋਂ 4 ਹਫਤੇ ਚਲਾਈ ਜਾਵੇਗੀ ਅਤੇ 100 ਪ੍ਰਤੀਸ਼ਤ ਟੀਚਾ ਹਾਸਲ ਕਰਨ ਉਪਰੰਤ ਹੀ ਪੂਰੀ ਹੋਵੇਗੀ।
ਇਹ ਟੀਕਾ 100 ਪ੍ਰਤੀਸ਼ਤ ਸੁਰੱਖਿਅਤ ਹੈ ਇਸ ਦੇ ਬਾਰੇ ਫੈਲਾਈਆਂ ਜਾ ਰਹੀਆਂ ਸਭ ਅਫਵਾਹਾਂ ਝੂਠੀਆਂ ਅਤੇ ਨਿਰਾਧਾਰ ਹਨ, ਕਿਉਂਕਿ ਇਹ ਮੁਹਿੰਮ ਪਹਿਲਾਂ ਭਾਰਤ ਦੇ ਤਕਰੀਬਨ 13 ਰਾਜਾਂ ਵਿੱਚ ਚਲਾਈ ਜਾ ਚੁੱਕੀ ਹੈ 8 ਕਰੋੜ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ, ਇਸ ਦਾ ਕੋਈ ਵੀ ਬੁਰੇ ਅਸਰ ਦਾ ਕੇਸ ਸਾਹਮਣੇ ਨਹੀਂ ਆਇਆ ਹੈ। ਭਾਰਤ ਸਰਕਾਰ ਵੱਲੋਂ ਵਿਸ਼ਵ ਸਿਹਤ ਮੰਗਠਨ ਦੇ ਸਹਿਯੋਗ ਨਾਲ ਚਲਾਈ ਜਾਣ ਵਾਲੀ ਇਸ ਮੁਹਿੰਮ ਤਹਿਤ ਖਸਰੇ ਨੂੰ 2020 ਤੱਕ ਜੜੋਂ ਖਤਮ ਕਰਨ ਦਾ ਅਤੇ ਰੂਬੈਲਾ ਨੂੰ ਪੂਰੀ ਤਰ੍ਹਾਂ ਕਾਬੂ ਵਿੱਚ ਕਰਨ ਦਾ ਟੀਕਾ ਮਿੱਥਿਆ ਗਿਆ ਹੈ। ਹਾਲਾਂਕਿ ਪਹਿਲਾਂ ਵੀ ਨਿਯਮਿਤ ਟੀਕਾਕਰਨ ਤਹਿਤ ਇਸ ਬੀਮਾਰੀ ਦਾ ਟੀਕਾ 9 ਮਹੀਨੇ ਤੋਂ 12 ਮਹੀਨੇ ਅਤੇ 16 ਮਹੀਨੇ ਤੋਂ 24 ਮਹੀਨੇ ਦੀ ਉਮਰ ਤੱਕ ਦੋ ਵਾਰ ਲਗਾਇਆ ਜਾਂਦਾ ਹੈ। ਇਸ ਮੁਹਿੰਮ ਤਹਿਤ ਇੱਕੋ ਸਮੇਂ ਸਾਰੇ ਬੱਚਿਆਂ ਦਾ ਟੀਕਾਕਰਨ ਕਰਕੇ ਬੀਮਾਰੀ ਦਾ ਫੈਲਾਅ ਰੋਕਿਆ ਜਾਵੇਗਾ। ਇਸ ਬਿਮਾਰੀ ਨਾਲ ਭਾਰਤ ਵਿੱਚ ਹਰ ਸਾਲ ਤਕਰੀਬਨ 50 ਹਜ਼ਾਰ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 9 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਐਮ.ਆਰ. ਦਾ ਟੀਕਾ ਜ਼ਰੂਰ ਲਗਵਾਉਣ। ਇਸ ਪ੍ਰੈਸ ਕਾਨਫਰੰਸ ਦੌਰਾਨ ਡਾ. ਨਿਧੀ ਸ਼੍ਰੀਵਾਸਤਵਾ, ਜਿਲ੍ਹਾ ਪਰਿਵਾਰ ਭਲਾਈ-ਕਮ-ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਖਸਰਾ ਇੱਕ ਹਲਕੀ ਵਾਇਰਲ ਇਨਫੈਕਸ਼ਨ ਹੁੰਦੀ ਹੈ, ਜੋ ਕਿ ਬੱਚਿਆਂ ਤੇ ਨੌਜਵਾਨਾਂ ਵਿੱਚ ਹੁੰਦੀ ਹੈ, ਇਸ ਨਾਲ ਸਰੀਰ ਤੇ ਧੱਫੜ ਤੇ ਹਲਕਾ ਬੁਖਾਰ ਹੁੰਦਾ ਹੈ। ਗਰਭ ਸਮੇਂ ਦੌਰਾਨ ਇਹ ਇੰਨਫੈਕਸ਼ਨ ਹੋਣ ਨਾਲ ਗਰਭਪਾਤ, ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਅਤੇ ਜਨਮ ਮੌਕੇ ਕਦੀ ਬੀਮਾਰੀਆਂ (ਅੰਨਾਪਣ, ਬਹਿਰਾਪਣ, ਦਿਲ ਦੀ ਬੀਮਾਰੀ) ਹੋਣ ਦਾ ਡਰ ਰਹਿੰਦਾ ਹੈ।