ਐਸ.ਏ.ਐਸ.ਨਗਰ, 26 ਅਪ੍ਰੈਲ (ਧੱਮੀ ਸ਼ਰਮਾ)- ਪੰਜਾਬ ਦੀ ਤਕਦੀਰ ਬਦਲਣ ਲਈ ਮਹਿੰਦਰਾ ਸਵਰਾਜ ਗਰੁਪ ਵਰਗੇ ਗੈਰਤਮੰਦ ਗਰੁਪਾਂ ਦੀ ਲੋੜ ਹੈ। ਮਹਿੰਦਰਾ ਸਵਰਾਜ ਗਰੁਪ ਨੇ ਪੰਜਾਬ ਵਿਚ ਕੈਂਸਰ ਪੀੜਤਾਂ ਦੇ ਇਲਾਜ ਲਈ ਅਤੇ ਕੈਂਸਰ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਚੁਕਿਆ ਗਿਆ ਕਦਮ ਇਕ ਸਲਾਘਾ ਯੋਗ ਕਦਮ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਤ ਮੰਤਰੀ ਪੰਜਾਬ, ਸ੍ਰ: ਮਨਪ੍ਰੀਤ ਸਿੰਘ ਬਾਦਲ ਨੇ ਐਸ.ਏ.ਐਸ.ਨਗਰ ਵਿਖੇ ਪੰਜਾਬ ਟਰੈਕਟਰਜ਼ ਵਲੋਂ ਮਹਿੰਦਰਾ ਸਵਰਾਜ ਮੋਬਾਇਲ ਪ੍ਰਾਇਮਰੀ ਹੈਲਥ ਐਂਡ ਕੈਂਸਰ ਕੇਅਰ ਪ੍ਰੋਜੈਕਟ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਵਿਤ ਮੰਤਰੀ ਪੰਜਾਬ ਸ੍ਰ: ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ: ਨਵਜੋਤ ਸਿੰਘ ਸਿਧੂ ਤੇ ਸ੍ਰ: ਬਲਬੀਰ ਸਿੰਘ ਸਿਧੂ ਵਲੋਂ ਮਹਿੰਦਰਾ ਸਵਰਾਜ ਗਰੁਪ ਵਲੋਂ ਕੈਂਸਰ ਪੀੜਤਾਂ ਦੇ ਇਲਾਜ਼ ਲਈ ਅਤੇ ਲੋਕਾਂ ਨੂੰ ਕੈਂਸਰ ਪ੍ਰਤੀ ਜਾਗਰੂਕ ਕਰਨ ਲਈ ਤਿੰਨ ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ।
ਸ੍ਰ: ਬਾਦਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਨੇ ਪੂਰੇ ਮੁਲਕ ਵਿਚ ਆਪਣਾ ਨਾਂਮ ਕਮਾਇਆ ਹੈ ਅਤੇ ਬਿਜ਼ਨਸ ਦੇ ਖੇਤਰ ਵਿਚ ਨਵੀਆਂ ਪੁਲਾਘਾਂ ਪੁਟੀਆਂ ਹਨ ਅਤੇ ਸਵਰਾਜ ਪੰਜਾਬ ਦਾ ਬਰੈਂਡ ਵੀ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਨੇ ਇਕਲੇ ਬਿਜ਼ਨਸ ਦੇ ਵਿਚ ਹੀ ਨਹੀਂ ਸਗੋ ਲੋਕ ਭਲਾਈ ਦੇ ਖੇਤਰ ਵਿਚ ਵੀ ਵਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਵਲੋਂ ਕੈਂਸਰ ਪੀੜਤਾਂ ਦੇ ਇਲਾਜ ਲਈ ਚੁਕਿਆ ਗਿਆ ਕਦਮ ਇਕ ਬਹੁਤ ਵਡਾ ਕਦਮ ਹੈ। ਜਿਸ ਰਾਂਹੀ ਕੈਂਸਰ ਪੀੜਤਾਂ ਨੂੰ ਨਵੀਂ ਜਿੰਦਗੀ ਪ੍ਰਦਾਨ ਹੋਵੇਗੀ। ਉਨ੍ਹਾਂ ਇਸ ਕਾਰਜ ਲਈ ਮਹਿੰਦਰਾ ਸਵਰਾਜ ਗਰੁਪ ਨੂੰ ਮੁਬਾਰਕਵਾਦ ਵੀ ਦਿਤੀ।ਇਸ ਮੌਕੇ ਬੋਲਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ: ਨਵਜੋਤ ਸਿੰਘ ਸਿਧੂ ਨੇ ਕਿਹਾ ਕਿ ਕੈਂਸਰ ਪੀੜਤਾਂ ਦੀ ਮਦਦ ਕਰਨਾ ਮਨੁਖਤਾ ਦੀ ਸਭ ਤੋਂ ਵਡੀ ਸੇਵਾ ਹੈ ਸ੍ਰ: ਸਿਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੀ ਮਜਬੂਤੀ ਲਈ ਅਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਮਹਿੰਦਰਾ ਸਵਰਾਜ ਵਰਗੇ ਗਰੁਪਾਂ ਦੀ ਲੋੜ ਹੈ। ਇਸ ਮੌਕੇ ਬੋਲਦਿਆਂ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਪੰਜਾਬ ਸ੍ਰ: ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਮਹਿੰਦਰਾ ਸਵਰਾਜ ਗਰੁਪ ਦਾ ਮੁਹਾਲੀ ਦੀ ਆਰਥਿਕਤਾ ਵਿਚ ਵਡਾ ਯੋਗਦਾਨ ਹੈ। ਇਸ ਮੌਕੇ ਵਿਧਾਇਕ ਬਸੀ ਪਠਾਣਾ ਸ੍ਰ: ਗੁਰਪ੍ਰੀਤ ਸਿੰਘ ਜੀ.ਪੀ., ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ, ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ, ਸ੍ਰ: ਸਿਧੂ ਦੇ ਸਿਆਸੀ ਸਲਾਹਕਾਰ ਸ੍ਰੀ ਹਰਕੇਸ ਚੰਦ ਮਛਲੀਕਲਾਂ ਸਮੇਤ ਮਹਿੰਦਰਾ ਸਵਰਾਜ ਗਰੁਪ ਦੇ ਅਧਿਕਾਰੀ, ਕਰਮਚਾਰੀ ਅਤੇ ਪਿੰਡਾਂ ਦੇ ਸਰਪੰਚ ਵੀ ਮੌਜੂਦ ਸਨ।