ਸੁਰਖ਼ਰੂ ਹੋਤਾ ਹੈ, ਇੰਸਾਂ ਠੋਕਰੇ ਖਾਨੇ ਕੇ ਬਾਦ

‘‘ਤੁਹਾਡੇ ਵਿਚਾਰ ਵਿੱਚ ਅਰਜੁਨ ਬੇਹਤਰੀਨ ਨਿਸ਼ਾਨੇਬਾਜ਼ ਸੀ ਜਾਂ ਏਕਲੱਵਯ?’’ ਇਕ ਦਿਨ ਇਹ ਸਵਾਲ ਮੈਂ ਆਪਣੇ ਵਿਦਿਆਰਥੀਆਂ ਨੂੰ ਪੁਛਿਆ।
ਬੜੇ ਦਿਲਚਸਪ ਜਵਾਬ ਸੁਣਨ ਨੂੰ ਮਿਲੇ। ਕਿਸੇ ਨੇ ਦਰੋਣਾਚਾਰੀਆ ਦੇ ਸ਼ਿਸ਼ ਅਰਜੁਨ ਨੂੰ ਵਧੀਆ ਤੀਰ ਅੰਦਾਜ਼ ਕਿਹਾ ਅਤੇ ਕਿਸੇ ਨੇ ਏਕਲੱਵਯ ਨੂੰ। ਵੱਖ-ਵੱਖ ਦ੍ਰਿਸ਼ਟੀਕੋਣਾਂ ਤੋਂ ਅਰਜੁਨ ਅਤੇ ਏਕਲੱਵਯ ਬਾਰੇ ਚਰਚਾ ਹੋਈ। ਮੈਂ ਇਸ ਚਰਚਾ ਤੋਂ ਸਪੱਸ਼ਟ ਹੋਏ ਸੂਤਰ ਨੂੰ ਸਮਝਾਉਣ ਦੇ ਇਰਾਦੇ ਨਾਲ ਦਸਦਾ ਹਾਂ ਕਿ ਕਲਪਨਾ ਕਰੋ ਕਿ ਅਰਜੁਨ ਨਿਸ਼ਾਨਾ ਲਾ ਰਿਹਾ ਹੈ ਪਰ ਉਸ ਦਾ ਨਿਸ਼ਾਨਾਂ ਨਿਸ਼ਚਤ ਲਕਸ਼ ਜਾਂ ਟਾਰਗਿਟ ’ਤੇ ਨਹੀਂ ਲੱਗ ਰਿਹਾ। ਗੁਰੂ ਦਰੌਣਾਚਾਰੀਆ ਅਰਜੁਨ ਨੂੰ ਸਮਝਾਉਂਦਾ ਹੈ ਕਿ ਉਹ ਨਿਸ਼ਾਨਾ ਲਾਉਣ ਸਮੇਂ ਖੱਬੇ ਪੈਰ ਉਤੇ ਜ਼ਿਆਦਾ ਭਾਰ ਪਾ ਰਿਹਾ ਹੈ। ਗੁਰੂ ਦਰੋਣ ਦੇ ਦੱਸਣ ਅਨੁਸਾਰ ਅਰਜੁਨ ਆਪਣਾ ਭਰ ਮੁੜ ਸੰਤੁਲਤ ਕਰਕੇ ਨਿਸ਼ਾਨਾ ਵਿੰਨ੍ਹਦਾ ਹੈ, ਤੀਰ ਛੱਡਦਾ ਹੈ ਅਤੇ ਤੀਰ ਬਿਲਕੁਲ ਨਿਸ਼ਾਨੇ ’ਤੇ ਲਗਦਾ ਹੈ। ਹੁਣ ਇਹੋ ਸਥਿਤੀ ਏਕਲੱਵਯ ਲਈ ਸੋਚੋ। ਉਸ ਦਾ ਨਿਸ਼ਾਨਾ ਟਿਕਾਣੇ ’ਤੇ ਨਹੀਂ ਲੱਗ ਰਿਹਾ। ਉਸ ਕੋਲ ਕੋਈ ਗੁਰੂ ਨਹੀਂ ਜਿਸ ਤੋਂ ਕੋਈ ਗੁਰ ਸਿੱਖ ਲਵੇ। ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਅਭਿਆਸ ਉਸ ਨੂੰ ਹਰ ਰੋਜ਼ ਕੁੱਝ ਨਵਾਂ ਸਿੱਖਾ ਰਿਹਾ ਹੈ। ਇਸੇ ਅਭਿਆਸ ਕਾਰਨ ਇਕ ਦਿਨ ਉਹ ਆਪਣੇ ਨਿਸ਼ਚਤ ਨਿਸ਼ਾਨੇ ’ਤੇ ਤੀਰ ਮਾਰਨ ਵਿੱਚ ਕਾਮਯਾਬ ਹੋ ਜਾਂਦਾ ਹੈ।
ਇਥੇ ਸਵਾਲ ਪੈਦਾ ਹੁੰਦਾ ਹੈ ਕਿ ਇਕੋ ਸਥਿਤੀ ਦਾ ਮੁਕਾਬਲਾ ਕਰਨ ਸਮੇ ਅਰਜੁਨ ਨੂੰ ਠੀਕ ਸਮਝੋਗੇ ਜਾਂ ਏਕਲੱਵਯ ਨੂੰ। ਅਰਜੁਨ ਨੂੰ ਬਿਨਾਂ ਮਿਹਨਤ ਕੀਤਿਆਂ ਗੁਰਮੰਤਰ ਮਿਲ ਰਿਹਾ ਹੈ ਅਤੇ ਉਹ ਸੰਘਰਸ਼ ਕਰਕੇ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਯੋਗਤਾ ਨੂੰ ਵਿਕਸਤ ਨਾ ਕਰ ਸਕਿਆ। ਇਸ ਲਈ ਹਰ ਵਾਰ ਜਦੋਂ ਵੀ ਕਦੇ ਕੋਈ ਸਮੱਸਿਆ ਜਾਂ ਦਵੰਦ ਉਸ ਦੇ ਸਾਹਮਣੇ ਆਉਂਦਾ ਹੈ ਉਸ ਨੂੰ ਦਰੌਣਾਚਾਰੀਆ ਜਾਂ ਕ੍ਰਿਸ਼ਨ ਦੀ ਲੋੜ ਪੈਂਦੀ ਹੈ ਤਾਂ ਕਿ ਉਹ ਅਗਵਾਈ ਲੈ ਸਕੇ। ਦੂਜੇ ਪਾਸੇ ਏਕਲੱਵਯ ਨੇ ਤੀਰਅੰਦਾਜ਼ੀ ਕਿਉਂਕਿ ਆਪੇ ਹੀ ਸਿੱਖੀ ਸੀ ਅਤੇ ਉਸ ਕੋਲ ਅਰਜੁਨ ਦੇ ਮੁਕਾਬਲੇ ਉਪਲੱਬਧੀ ਦੀ ਭਾਵਨਾ ਕਿਤੇ ਜ਼ਿਆਦਾ, ਸੰਪੂਰਨ ਅਤੇ ਡੂੰਘੇਰੀ ਸੀ ਅਤੇ ਉਹ ਆਪਣੇ ਜੀਵਨ ’ਚ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦਿਆਂ, ਸੰਘਰਸ਼ ਕਰਕੇ ਉਨ੍ਹਾਂ ਵਿੱਚੋਂ ਦੀ ਲੰਘਦਿਆਂ ਉਨ੍ਹਾਂ ਦਾ ਸਾਹਮਣਾ ਕਰਦੇ ਹੋਏ, ਜਿੱਤ ਹਾਸਲ ਕਰਨ ਦੀ ਜਾਂਚ ਸਿੱਖਣ ਵਿੱਚ ਕਾਮਯਾਬ ਹੋਇਆ ਸੀ।
ਸੂਤਰ ਸਪੱਸ਼ਟ ਹੈ ਜ਼ਿੰਦਗੀ ਵਿੱਚ ਜਿੱਤ ਹਾਸਲ ਕਰਨ ਲਈ ਸੰਘਰਸ਼, ਮੁਸ਼ਕਲਾਂ, ਦਿਕਤਾਂ, ਘਾਟਾਂ ਅਤੇ ਕਠਿਨਾਈਆਂ ਦਾ ਮੁਕਾਬਲਾ ਕਰਨਾ ਹੀ ਪੈਂਦਾ ਹੈ। ਜ਼ਰੂਰੀ ਨਹੀਂ ਕਿ ਅਰਜੁਨ ਵਾਂਗ ਸਭ ਕੋਲ ਸਭ ਸਾਧਨ ਹੋਣ। ਜੇ ਏਕਲੱਵਯ ਵਾਂਗ ਆਮ ਆਦਮੀ ਲਗਾਤਾਰ ਸੰਘਰਸ਼ ਕਰਨ ਦੀ ਹਿੰਮਤ ਰੱਖਦਾ ਹੈ, ਤਾਂ ਉਹ ਅਵੱਸ਼ ਕਾਮਯਾਬ ਹੁੰਦਾ ਹੈ। ਸ਼ਾਇਰ ਮਸਤ ਕਲੱਕਤਵੀ ਠੀਕ ਹੀ ਕਹਿੰਦਾ ਹੈ :
ਸੁਰਖਰੂ ਹੋਤਾ ਹੈ,
ਇੰਸਾਂ ਠੋਕਰੇ ਖਾਨੇ ਕੇ ਬਾਦ
ਰੰਗ ਲਾਤੀ ਹੈ ਹਿਨਾ,
ਪੱਥਰ ਪੇ ਘਿਸ ਜਾਨੇ ਕੇ ਬਾਦ।
ਇਹ ਕਹਾਣੀ ਦਾ ਹੀਰੋ ਅਸਲ ਵਿੱਚ ਏਕਲੱਵਯ ਹੈ ਅਤੇ ਏਕਲੱਵਯ ਆਮ ਆਦਮੀ ਦੀ ਪ੍ਰਤੀਨਿਧਤਾ ਕਰਦਾ ਹੈ। ਉਸ ਆਦਮੀ ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਨੂੰ ਸਮਾਜ ਦੇ ਉਚ ਤੱਬਕੇ ਦੇ ਲੋਕ ਠੁਕਰਾ ਦਿੰਦੇ ਹਨ। ਉਸ ਆਦਮੀ ਦੀ ਪ੍ਰਤੀਨਿਧਤਾ ਕਰਦਾ ਹੈ ਜਿਸ ਕੋਲ ਸਾਧਨਾਂ ਦੀ ਕਮੀ ਹੈ ਪਰ ਜਿਸਦੇ ਮਨ ਵਿੱਚ ਕੁੱਝ ਵੱਡਾ ਕਰਨ ਦਾ ਇਰਾਦਾ ਹੈ। ਜਿਸ ਵਿੱਚ ‘ਅਰਜੁਨਾਂ’ ਦਾ ਮੁਕਾਬਲਾ ਕਰਨ ਦੀ ਹਿੰਮਤ ਹੈ। ਇਹ ਆਦਮੀ ਆਪਣੀ ਹਿੰਮਤ, ਮਿਹਨਤ, ਸਾਧਨਾਂ ਅਤੇ ਅਭਿਆਸ ਨਾਲ ਕਾਮਯਾਬੀ ਹਾਸਲ ਕਰ ਲੈਂਦਾ ਹੈ। ਅਜਿਹੇ ਲੋਕਾਂ ਦੀ ਅਵਾਜ਼ ਜਿਗਰ ਮੁਰਾਦਾਬਾਦੀ ਦਾ ਇਹ ਹੇਠ ਲਿਖਿਆ ਸ਼ੇਅਰ ਬਣਦਾ ਹੈ:
ਆਪਨਾ ਜ਼ਮਾਨਾ ਆਪ,
ਬਨਾਤੇ ਹੈਂ ਅਹਲੇ-ਦਿਲ।
ਹਮ ਵੋ ਨਹੀਂ ਹੈ, ਜਿਨਕੋ,
ਜ਼ਮਾਨਾ ਬਨਾ ਗਯਾ।

Send this to a friend