ਤਲਵੰਡੀ ਸਾਬੋ , 24 ਅਪ੍ਰੈਲ (ਰਾਮ ਰੇਸ਼ਮ ਸ਼ਰਨ)- ਪਿਛਲੇ ਦਿਨੀ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਘਟਨਾ ਤੇ ਤਿਖਾ ਪ੍ਰਤੀਕਰਮ ਦਿੰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।ਉਨ੍ਹਾਂ ਦਸਿਆ ਕਿ ਇਹ ਮਾਮਲਾ ਧਿਆਨ ਵਿਚ ਆਉਂਦਿਆਂ, ਤੁਰੰਤ ਹੀ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਦੇ ਮੈਨੇਜਰ ਬਲਦੇਵ ਸਿੰਘ, ਐਡੀਸ਼ਨਲ ਮੈਨੇਜਰ ਮਨਿੰਦਰ ਸਿੰਘ,ਹੈਡ ਗ੍ਰੰਥੀ ਬਲਵਿੰਦਰ ਸਿੰਘ ਤੇ ਗ੍ਰੰਥੀ ਗੁਰਮੇਲ ਸਿੰਘ ਨੂੰ ਘਟਨਾ ਦਾ ਜਾਇਜ਼ਾ ਲੈਣ ਲਈ ਭੇਜਿਆ ਹੈ । ਜਾਇਜ਼ਾ ਲੈਣ ਉਪਰੰਤ ਉਹਨਾਂ ਜਾਣਕਾਰੀ ਦਿੰਦਿਆਂ ਦਸਿਆ ਕਿ ਪਿੰਡ ਦੀ ਸਪਨਾ ਰਾਣੀ ਨਾਮ ਦੀ ਔਰਤ, ਉਸਦੇ ਦਿਉਰ ਚਰਨਦਾਸ ਜੋ ਕਿ ਡੇਰਾ ਪ੍ਰੇਮੀ ਹੈ, ਦੇ ਉਕਸਾਉਣ ਤੇ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਈ ਅਤੇ ਇਸ ਘਿਨੌਣੀ ਅਤੇ ਨਿੰਦਣਯੋਗ ਘਟਨਾ ਨੂੰ ਅੰਜਾਮ ਦਿਤਾ। ਇਸ ਘਟਨਾ ਨੇ ਦੇਸ਼ ਵਿਦੇਸ਼ ਵਿਚ ਵਸਦੇ ਸਮੂਹ ਸਿਖ ਪੰਥ ਦੇ ਹਿਰਦਿਆਂ ਨੂੰ ਵਲੂੰਧਰ ਕੇ ਰਖ ਦਿਤਾ ਹੈ।ਸਿੰਘ ਸਾਹਿਬ ਨੇ ਇਸ ਘਟਨਾ ਦੀ ਪੁਰਜ਼ੋਰ ਨਿੰਦਿਆਂ ਕਰਦਿਆਂ ਪ੍ਰਸ਼ਾਸ਼ਨ ਨੂੰ ਇਸ ਗਹਿਰੀ ਸਾਜਿਸ਼ ਦੀ ਨਿਰਪਖ ਪੜਤਾਲ ਕਰਨ ਅਤੇ ਇਸ ਪਿਛੇ ਸ਼ਾਮਲ ਹੋਰਨਾਂ ਤਾਕਤਾਂ ਤੇ ਵਿਅਕਤੀਆਂ ਵਿਰੁਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸਮੂਹ ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਾਰੇ ਪਿੰਡਾਂ/ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਦੀ ਸੁਰਖਿਆ ਵਧਾਈ ਜਾਵੇ, ਕਿਸੇ ਵੀ ਕੀਮਤ ਤੇ ਗੁਰਦੁਆਰਾ ਸਾਹਿਬ ਦਾ ਪ੍ਰਕਾਸ਼ ਸਥਾਨ ਖਾਲੀ ਨਾ ਛਡਿਆ ਜਾਵੇ, ਲੋੜ ਪੈਣ ਤੇ ਪਹਿਰੇਦਾਰ ਨਿਯੁਕਤ ਕੀਤੇ ਜਾਣ ਜਾਂ ਸੰਗਤਾਂ ਦੀਆਂ ਡਿਊਟੀਆਂ ਲਗਾ ਕੇ ਪਹਿਰਾ ਸਖਤ ਕੀਤਾ ਜਾਵੇ ਤਾਂ ਜੋ ਸ਼ਰਾਰਤੀ ਅਨਸਰ ਮੌਕੇ ਦਾ ਫਾਇਦਾ ਨਾ ਉਠਾ ਸਕਣ।