ਪੰਜਾਬ ਦੇ ਸਾਬਕਾ ਮੰਤਰੀ ਤੇਜਾ ਸਿੰਘ ਢਿੱਲੋਂ ਦੇ ਪੁੱਤਰ ਦੇ ਕਤਲ ’ਚ ਭਗੌੜਾ ਗੈਂਗਸਟਰ ਰਾਜ ਕੁਮਾਰ ਰਾਜੂ ਗ੍ਰਿਫਤਾਰ

ਫ਼ਤਹਿਗੜ੍ਹ ਸਾਹਿਬ, 23 ਅਪ੍ਰੈਲ (ਮਨੋਜ ਭੱਲਾ)- ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਐਸ.ਪੀ. (ਜਾਂਚ) ਸ. ਹਰਪਾਲ ਸਿੰਘ, ਡੀ.ਐਸ.ਪੀ. (ਜਾਂਚ) ਸ. ਦਲਜੀਤ ਸਿੰਘ ਖੱਖ ਅਤੇ ਸੀ.ਆਈ.ਏ. ਸਰਹਿੰਦ ਦੇ ਇੰਚਾਰਜ ਇੰਸਪੈਕਟਰ ਦਲਬੀਰ ਸਿੰਘ ਦੀ ਅਗਵਾਈ ਹੇਠ ਬਣਾਈ ਗਈ ਟੀਮ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਟੀਮ ਨੇ ਪੰਜਾਬ ਦੇ ਸਾਬਕਾ ਮੰਤਰੀ ਤੇਜਾ ਸਿੰਘ ਢਿੱਲੋਂ ਦੇ ਪੁੱਤਰ ਸੰਦੀਪ ਸਿੰਘ ਢਿੱਲੋਂ ਉਰਫ ਬੌਬੀ ਢਿੱਲੋਂ ਦੇ ਕਤਲ ਵਿੱਚ ਭਗੌੜਾ ਤੇ ਨਾਮਵਰ ਗੈਂਗਸਟਰ ਰਾਜ ਕੁਮਾਰ ਉਰਫ ਰਾਜੂ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਚੈਹਿਲਾਂ ਵਾਲਾ, ਜ਼ਿਲ੍ਹਾ ਮਾਨਸਾ, ਜੋ ਕਿ ਹੁਣ ਥਾਣਾ ਘੱਲ ਖੁਰਦ ਜ਼ਿਲ੍ਹਾ ਫਿਰੋਜਪੁਰ ਵਿਖੇ ਗੁਰਭੇਜ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਕੋਲ ਨੋਕਰੀ ਕਰਦਾ ਸੀ, ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀਮਤੀ ਅਲਕਾ ਮੀਨਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਪਾਸੋਂ ਇੱਕ 12 ਬੋਰ ਦੀ ਪਿਸਤੌਲ ਸਮੇਤ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਵਿਰੁੱਧ ਥਾਣਾ ਸਰਹਿੰਦ ਵਿਖੇ ਅਸਲਾ ਐਕਟ ਦੀ ਧਾਰਾ ਅਧੀਨ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਤੋਂ ਕੀਤੀ ਮੁਢਲੀ ਪੁੱਛਗਿਛ ਵਿੱਚ ਇਹ ਸਾਹਮਣੇ ਆਇਆ ਕਿ ਕਥਿਤ ਦੋਸ਼ੀ ਨੇ ਸਾਲ 2009 ਵਿੱਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਪੁੱਤਰ ਦਾ ਜਮੀਨੀ ਝਗੜੇ ਕਾਰਨ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਵਿੱਚ ਉਸ ਨੂੰ ਸਾਲ 2012 ਵਿੱਚ ਉਮਰ ਕੈਦ ਦੀ ਸਜਾ ਹੋਈ ਸੀ। ਉਨ੍ਹਾਂ ਹੋਰ ਦੱਸਿਆ ਕਿ ਸਾਲ 2013 ਵਿੱਚ ਇਹ ਕਥਿਤ ਦੋਸ਼ੀ ਜੇਲ੍ਹ ਵਿੱਚੋਂ ਮਿਲੀ ਪੈਰੋਲ ਦੌਰਾਨ ਭਗੌੜਾ ਹੋ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਹੁਸ਼ਿਆਰਪੁਰ ਜੇਲ੍ਹ ਤੋਂ ਪੇਸ਼ੀ ਲਈ ਮਾਨਸਾ ਅਦਾਲਤ ਵਿੱਚ ਆਇਆ ਜਿਥੋਂ ਇਹ 9 ਮਾਰਚ, 2016 ਨੂੰ ਪੁਲਿਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋ ਗਿਆ।

Send this to a friend