ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੋਂਗੋਵਾਲ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ, ਤਖਤਾਂ ਦੇ ਜੱਥੇਦਾਰਾਂ ਨੇ ਕੀਤੀ ਸ਼ਮੂਲੀਅਤ
ਸ੍ਰੀ ਅਨੰਦਪੁਰ ਸਾਹਿਬ, 23 ਅਪ੍ਰੈਲ- ਸੁਲਤਾਨ-ਉਲ-ਕੌਮ ਅਤੇ ਕੌਮ ਦੇ ਮਹਾਨ ਜਰਨੈਲ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਹਾੜੇ ਦੀ 300 ਸਾਲਾ ਸ਼ਤਾਬਦੀ ਨੂੰ ਸਮਰਪਿਤ ਬੀਤੇ ਕਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਰਵਾਨਾ ਹੋਇਆ ਵਿਸ਼ਾਲ ਨਗਰ ਕੀਰਤਨ ਦੇਰ ਰਾਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ, ਰਾਤ ਦੇ ਪੜਾਅ ਉਪਰੰਤ ਅੱਜ ਸਵੇਰੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਹੋਏ ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੌੜੀ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ, ਹੈਡ ਗ੍ਰੰਥੀ ਭਾਈ ਫੂਲਾ ਸਿੰਘ, ਮੈਂਬਰ ਪ੍ਰਿੰ:ਸੁਰਿੰਦਰ ਸਿੰਘ, ਮੈਂਬਰ ਦਲਜੀਤ ਸਿੰਘ ਭਿੰਡਰ, ਚਰਨਜੀਤ ਸਿੰਘ ਜੀ ਕਾਲੇਵਾਲ, ਬੀਬੀ ਰਣਜੀਤ ਕੌਰ, ਗੁਰਬਖਸ਼ ਸਿੰਘ ਖ਼ਾਲਸਾ, ਵਧੀਕ ਸਕੱਤਰ ਡਾ:ਪਰਮਜੀਤ ਸਿੰਘ ਸਰੋਆ, ਸੂਚਨਾ ਅਫਸਰ ਹਰਦੇਵ ਸਿੰਘ, ਮੈਨੇਜਰ ਜਸਬੀਰ ਸਿੰਘ ਸਮੇਤ ਕਈ ਅਹਿਮ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸਤੋਂ ਬਾਅਦ ਖਾਲਸਾਈ ਜਾਹੋ-ਜਲਾਲ ਅਤੇ ਜੈਕਾਰਿਆਂ ਦੀ ਗੂੰਜ ਨਾਲ ਵਿਸ਼ਾਲ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ। ਜੋ ਕਿ ਪੜਾਅ ਦਰ ਪੜਾਅ ਹੁੰਦਾ ਹੋਇਆ ਅੱਜ ਫਤਿਹਗੜ੍ਹ ਸਾਹਿਬ ਪਹੁੰਚੇਗਾ ਅਤੇ 26 ਅਪ੍ਰੈਲ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਸੰਪੰਨ ਹੋਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਸਾਹਿਬ ‘ਚ ਸ਼ੁਸ਼ੋਭਿਤ ਕੀਤਾ ਗਿਆ। ਗੁਰੂ ਸਾਹਿਬ ਨਾਲ ਸੰਬੰਧਤ ਇਤਿਹਾਸਕ ਸ਼ਸ਼ਤਰਾਂ ਵਾਲੀਆਂ ਦੋ ਬੱਸਾਂ ਵੀ ਇਸ ਨਗਰ ਕੀਰਤਨ ਦੀ ਸ਼ੌਭਾ ਵਧਾ ਰਹੀਆਂ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਸਿਖ ਸੰਗਤਾਂ ਨੂੰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ 300 ਸਾਲਾ ਜਨਮ ਸ਼ਤਾਬਦੀ ਦੀ ਵਧਾਈ ਦਿੰਦਿਆਂ ਕੌਮ ਦੇ ਇਸ ਮਹਾਨ ਜਰਨੈਲ ਵਲੋਂ ਬਿਖੜੇ ਸਮੇਂ ਵਿਚ ਖਾਲਸਾ ਪੰਥ ਦੀ ਚੜਦੀਕਲਾ ਲਈ ਪਾਏ ਯੋਗਦਾਨ ਨੂੰ ਅਦੁੱਤੀ ਦੱਸਿਆ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਜਿੱਥੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਯਾਦਗਾਰ ਢੰਗ ਨਾਮ ਮਨਾਉਣ ਲਈ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਉਪਰਾਲੇ ਨੂੰ ਸਲਾਹਿਆ ੳੇੁੱਥੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਤਰਸੇਮ ਸਿੰਘ ਮੋਰਾਂਵਾਲੀ, ਬਾਬਾ ਮੋਹਨ ਸਿੰਘ ਬਾਰਨ, ਸੰਦੀਪ ਸਿੰਘ ਕਲੋਤਾ, ਸਾਬਕਾ ਮੈਨੇਜਰ ਰਣਬੀਰ ਸਿੰਘ ਕਲੋਤਾ, ਹਰਜੀਤ ਸਿੰਘ ਅਚਿੰਤ, ਗਿ:ਜਸਬੀਰ ਸਿੰਘ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।