ਗਰਾਮ ਪੰਚਾਇਤ ਝਿਊਰਹੇੜੀ ਵੱਲੋਂ 82 ਲੱਖ ਰੁਪਏ ਦੀ ਲਾਗਤ ਨਾਲ ਆਰ ਸੀ.ਸੀ. ਬੈਂਚਾਂ ਦੀ ਕੀਤੀ ਗਈ ਸੀ ਖਰੀਦ
ਚੰਡੀਗੜ੍ਹ – ਵਿਜੀਲੈਂਸ ਬਿਓਰੋ ਵਲੋਂ ਅੱਜ ਆਰ.ਸੀ.ਸੀ ਬੈਂਚਾਂ ਦੀ ਖਰੀਦ ਮਾਮਲੇ ਵਿਚ 82 ਲੱਖ ਰੁਪਏ ਦਾ ਚੂਨਾ ਲਾਉਣ ਵਾਲੀ ਫਰਮ ਮਿੱਤਲ ਟ੍ਰੇਡਰਜ਼ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਗਰਾਮ ਪੰਚਾਇਤ ਝਿਊਰਹੇੜੀ ਵੱਲੋਂ ਮਿੱਤਲ ਟਰੇਡਜ ਸੰਗਰੂਰ ਨਾਮ ਦੀ ਫਰਮ ਤੋਂ 82 ਲੱਖ ਰੁਪਏ ਦੀ ਲਾਗਤ ਨਾਲ ਆਰ ਸੀ.ਸੀ. ਬੈਂਚਾਂ ਦੀ ਖਰੀਦ ਕੀਤੀ ਗਈ, ਪਰ ਇਸ ਦੇ ਇਵਜ਼ ਵਿੱਚ ਆਰ ਬੈਂਚਾਂ ਦੀ ਸਪਲਾਈ ਨਹੀ ਕੀਤੀ ਗਈ ਅਤੇ ਇਹ ਸਾਰੀ ਰਕਮ ਇਸ ਫਰਮ ਵੱਲੋਂ ਗੁਰਪਾਲ ਸਿੰਘ ਸਰਪੰਚ, ਰਵਿੰਦਰ ਸਿੰਘ ਪੇਂਡੂ ਵਿਕਾਸ ਅਫਸਰ ਕਮ ਪੰਚਾਇਤ ਸਕੱਤਰ ਅਤੇ ਸ੍ਰੀ ਜਤਿੰਦਰ ਸਿੰਘ ਢਿੱਲੋਂ ਬੀ ਕਮ-ਕਾਰਜ ਸਾਧਕ ਅਫਸਰ ਖਰੜ ਨਾਲ ਮਿਲੀਭੁਗਤ ਕਰਕੇ ਹੜ੍ਹਪ ਕਰ ਲਈ ਗਈ। ਮਿੱਤਲ ਟਰੇਡਜ ਵੱਲੋਂ ਇਨ੍ਹਾਂ ਬੈਂਚਾਂ ਖਰੀਦ ਸਬੰਧੀ ਬਿੱਲ ਗਰਾਮ ਪੰਚਾਇਤ ਝਿਊਰਹੇੜੀ ਦੇ ਨਾਮ ਤੇ ਜਾਰੀ ਕੀਤੇ ਗਏ ਸਨ, ਜਿਸ ਮੁਤਾਬਕ ਕੁੱਲ 2474 ਆਰ ਬੈਂਚ ਸਪਲਾਈ ਕੀਤੇ ਜਾਣੇ ਸਨ। ਇਨ੍ਹਾਂ ਬੈਂਚਾਂ ਦੀ ਖਰੀਦ ਕਰਨ ਸਬੰਧੀ ਮਿੱਤਲ ਟਰੇਡਜ ਤੋਂ ਇਲਾਵਾ ਦੋ ਹੋਰ ਫਰਮਾਂ ਤੋ ਕੁਟੇਸ਼ਨਾ ਪ੍ਰਾਪਤ ਕਰਕੇ ਵਿਖਾਈਆਂ ਗਈਆਂ ਅਤੇ ਇਹ ਤਿੰਨੋ ਫਰਮਾਂ ਵਾਲੇ ਆਪਸ ਵਿੱਚ ਨਜਦੀਕੀ ਰਿਸਤੇਦਾਰ ਹਨ। ਉਕਤ 82 ਲੱਖ ਰੁਪਏ ਦੀ ਰਕਮ ਬੈਂਕ ਸਟੇਟਮੈਂਟ ਮੁਤਾਬਕ ਮਿੱਤਲ ਟਰੇਡਜ ਫਰਮ ਦੇ ਖਾਤੇ ਵਿੱਚ ਮਿਤੀ 03-01-2017 ਨੂੰ ਡਰਾਅ ਹੋਣੀ ਪਾਈ ਗਈ, ਜਦੋਂ ਕਿ ਆਰ ਬੈਂਚਾਂ ਦੀ ਖਰੀਦ ਸਬੰਧੀ ਕੁਟੇਸ਼ਨਾਂ ਮਿਤੀ 20-01-2017 ਨੂੰ ਹਾਸਲ ਕੀਤੀਆਂ ਜਾਣੀਆਂ ਵਿਖਾਈਆਂ ਗਈਆਂ ਹਨ ਅਤੇ ਕੈਸ਼ ਬੁੱਕ ਵਿੱਚ ਇਸ ਫਰਮ ਨੂੰ ਰਕਮ ਜਾਰੀ ਕਰਨ ਦੀ ਮਿਤੀ 20-01-2017 ਵਿਖਾਈ ਗਈ ਹੈ। ਵਿਜੀਲੈਂਸ ਦੀ ਪੜਤਾਲ ਤੋਂ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਿੱਤਲ ਟਰੇਡਜ਼ ਸੰਗਰੂਰ ਕੋਲੇ ਆਰ ਬੈੱਚ ਤਿਆਰ ਕਰਨ ਬਾਰੇ ਕੋਈ ਆਪਣਾ ਯੂਨਿਟ/ਫੈਕਟਰੀ ਨਹੀਂ ਹੈ ਪਰ ਫਰਮ ਨਾਲ ਮਿਲੀਭੁਗਤ ਹੋਣ ਕਰਕੇ ਇਹ ਆਰ ਬੈਂਚ ਸੰਗਰੂਰ ਤੋਂ ਖਰੀਦਣ ਦਾ ਫੈਸਲਾ ਕੀਤਾ ਗਿਆ ਅਤੇ ਕੁਟੇਸ਼ਨਾਂ ਵੀ ਸੰਗਰੂਰ ਤੋਂ ਹਾਸਲ ਕੀਤੀਆਂ ਗਈਆ। ਜਦਕਿ ਇਨ੍ਹਾਂ ਬੈਂਚਾਂ ਦੀ ਖਰੀਦ ਟੈਂਡਰ ਪ੍ਰਕਿਰਿਆ ਰਾਹੀਂ ਕਰਨ ਦੀ ਬਜਾਏ ਕੁਟੇਸ਼ਨਾਂ ਦੇ ਅਧਾਰ ਤੇ ਕੀਤੀ ਗਈ ਹੈ। ਇਨ੍ਹਾਂ ਬੈਂਚਾਂ ਦੀ ਖਰੀਦ ਕਰਨ ਤੋਂ ਪਹਿਲਾਂ, ਬੈਂਚਾਂ ਦੀ ਕੁਆਲਿਟੀ ਸਬੰਧੀ ਕੋਈ ਸਪੈਸੀਫਿਕੇਸ਼ਨ ਨਿਰਧਾਰਤ ਨਹੀ ਕੀਤੀ ਗਈ ਅਤੇ ਨਾ ਹੀ ਹਾਸਲ ਕੀਤੀਆਂ ਗਈਆਂ ਕੁਟੈਸ਼ਨਾ ਵਿੱਚ ਅਜਿਹੀ ਕੋਈ ਸਪੈਸੀਫਿਕੇਸ਼ਨ ਦਰਜ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਨਿਯਮਾਂ ਮੁਤਾਬਕ ਅਜਿਹੀ ਅਦਾਇਗੀ ਕਰਨ ਤੋਂ ਪਹਿਲਾਂ ਪ੍ਰਬੰਧਕੀ ਪ੍ਰਵਾਨਗੀ ਲੈਣੀ ਜਰੂਰੀ ਸੀ। ਜੇਕਰ ਅਜਿਹੇ ਬੈਂਚ ਪੰਚਾਇਤ ਸੰਮਤੀ ਖਰੜ ਵੱਲੋਂ ਪਿੰਡਾਂ ਲਈ ਖਰੀਦ ਕੀਤੇ ਜਾਣੇ ਸਨ ਤਾਂ ਉਸ ਵੱਲੋਂ ਅਜਿਹੀ ਖਰੀਦ ਤੋਂ ਪਹਿਲਾਂ ਬਲਾਕ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਪਾਸੋਂ ਬੈਂਚਾਂ ਦੀ ਜਰੂਰਤ ਸਬੰਧੀ ਗਰਾਮ ਪੰਚਾਇਤਾਂ ਤੋਂ ਮਤੇ ਪਾਸ ਕਰਵਾ ਕੇ ਡੀਮਾਂਡ ਹਾਸਲ ਕਰਨੀ ਬਣਦੀ ਸੀ ਅਤੇ ਉਸ ਉਪਰੰਤ ਟੈਂਡਰ ਲਗਾ ਕੇ ਖਰੀਦ ਕਰਨੀ ਬਣਦੀ ਸੀ ਅਤੇ ਖਰੀਦ ਕਰਨ ਤੋਂ ਬਾਅਦ ਬੈਂਚਾਂ ਦੀ ਗਿਣਤੀ ਸਬੰਧੀ ਇੰਦਰਾਜ ਸਟਾਕ ਰਜਿਸਟਰ ਵਿੱਚ ਕਰਨਾ ਬਣਦਾ ਸੀ ਅਤੇ ਸਟਾਕ ਰਜਿਸਟਰ ਵਿੱਚ ਹੀ ਵੱਖ/ਵੱਖ ਪੰਚਾਇਤਾਂ ਨੂੰ ਬੈਂਚ ਜਾਰੀ ਕਰਨੇ ਬਣਦੇ ਸੀ। ਗਰਾਮ ਪੰਚਾਇਤਾਂ ਨੂੰ ਬੈਂਚ ਪ੍ਰਾਪਤ ਹੋਣ ਉਪਰੰਤ ਪੰਚਾਇਤਾਂ ਦੇ ਸਟਾਕ ਰਜਿਸਟਰ ਵਿੱਚ ਵੀ ਇਸ ਦਾ ਇੰਦਰਾਜ ਕਰਨਾ ਬਣਦਾ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਵਿਜੀਲੈਂਸ ਵਿਲੋਂ ਜਤਿੰਦਰ ਸਿੰਘ ਢਿੱਲੋਂ ਬੀ.ਡੀ.ਪੀ.ਓ ਖਰੜ ਹੁਣ ਮੁਅੱਤਲ ਅਤੇ ਗੁਰਪਾਲ ਸਿੰਘ ਸਰਪੰਚ ਪਿੰਡ ਝਿਊਰਹੇੜੀ, ਰਵਿੰਦਰ ਸਿੰਘ ਪੇਂਡੂ ਵਿਕਾਸ ਅਫਸਰ ਕਮ ਪੰਚਾਇਤ ਸਕੱਤਰ ਝਿਊਰਹੇੜੀ ਵੱਲੋਂ ਆਪਣੇ ਆਹੁਦਿਆਂ ਦਾ ਨਜਾਇਜ਼ ਫਾਇਦਾ ਉਠਾ ਕੇ ਅਤੇ ਆਪਣੀਆਂ ਕਾਨੂੰਨੀ ਸ਼ਕਤੀਆਂ ਦਾ ਗਲਤ ਫਾਇਦਾ ਉਠਾ ਕੇ ਮਿੱਤਲ ਟਰੇਡਜ਼ ਫਰਮ ਦੇ ਮਾਲਕਾਂ ਨਾਲ ਮਿਲੀ ਭੁਗਤ ਕਰਕੇ ਰਿਸ਼ਵਤ ਹਾਸਲ ਕਰਕੇ ਆਪਣੇ ਆਪ ਨੂੰ ਨਿੱਜੀ ਫਾਇਦਾ ਪਹੁੰਚਾਉਣ ਲਈ ਸਰਕਾਰ ਨੂੰ 82 ਲੱਖ ਰੁਪਏ ਦਾ ਵਿੱਤੀ ਨੁਕਸਾਨ ਪੰਹੁਚਾਇਆ ਹੈ। ਇਸ ਸਬੰਧੀ ਮਿੱਤਲ ਟ੍ਰੇਡਰਜ਼ ਫਰਮ ਦੇ ਮਾਲਕਾਂ ਸੁਰਿੰਦਰਪਾਲ ਮਿੱਤਲ, ਵੀਨੀਤ ਮਿੱਤਲ ਅਤੇ ਜੀਤਪਾਲ ਮਿੱਤਲ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ ਹੇਠ ਥਾਣਾ ਵਿਜੀਲੈਸ ਬਿਊਰੋ ਮੋਹਾਲੀ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦੋਸ਼ੀਆਂ ਦੀ ਭਾਲ ਵਿੱਚ ਵੱਖ ਵੱਖ ਥਾਵਾਂ ਤੇ ਛਾਪਾਮਾਰੀ ਕੀਤੀ ਗਈ ਅਤੇ ਇਸ ਛਾਪਾਮਾਰੀ ਦੌਰਾਨ ਅੱਜ ਮਿੱਤਲ ਟ੍ਰੇਡਰਜ਼ ਫਰਮ ਸੰਗਰੂਰ ਦੇ ਮਾਲਕ ਸੁਰਿੰਦਰਪਾਲ ਮਿੱਤਲ ਅਤੇ ਉਸ ਦੇ ਲੜਕੇ ਵੀਨੀਤ ਮਿੱਤਲ ਨੂੰ ਸੰਗਰੂਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ, ਪੁੱਛ ਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਇਹ ਦੱਸਣਯੋਗ ਹੈ ਕਿ ਇਸ ਕੇਸ ਵਿੱਚ ਬੀ.ਡੀ.ਪੀ.ਓ ਜਤਿੰਦਰ ਸਿੰਘ ਢਿੱਲੋਂ, ਪੰਚਾਇਤ ਸਕੱਤਰ ਰਵਿੰਦਰ ਸਿੰਘ ਅਤੇ ਉਸ ਸਮੇਂ ਦੇ ਡੀ.ਡੀ.ਪੀ.ਓ ਗੁਰਵਿੰਦਰ ਸਿੰਘ ਸਰਾਓ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।