ਮੈਂ ਆਸਟਰੇਲੀਆ ਜਾਣਾ ਸੀ। ਵੀਜ਼ਾ ਲੈਣ ਦੀਆਂ ਸਾਰੀਆਂ ਰਸਮੀ ਕਾਰਵਾਈਆਂ ਦੌਰਾਨ ਮੈਂ ਨੋਟ ਕੀਤਾ ਕਿ ਦਿੱਲੀ ਵਿੱਚ ਆਸਟਰੇਲੀਆ ਅੰਬੇਸੀ ਵਿਖੇ 85-90 ਪ੍ਰਤੀਸ਼ਤ ਪੰਜਾਬੀ ਅਤੇ ਉਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਵਿੱਚ ਸਿੱਖ ਨਜ਼ਰ ਆਏ। ਇਹੀ ਹਾਲ ਮੈਂ ਅਮਰੀਕਾ ਦਾ ਵੀਜ਼ਾ ਲੈਣ ਸਮੇਂ ਅਮਰੀਕਨ ਅੰਬੈਸੀ ਵਿੱਚ ਵੇਖਿਆ ਸੀ। ਕੈਨੇਡਾ, ਇੰਗਲੈਂਡ, ਇਟਲੀ ਅਤੇ ਨਿਊਜ਼ੀਲੈਂਡ ਦੀਆਂ ਅੰਬੈਸੀਆਂ ਵਿੱਚ ਵੀ ਪੰਜਾਬੀਅ ਅਤੇ ਪੱਗਾਂ ਦੀ ਬਹੁਤਾਤ ਸਪੱਸ਼ਟ ਵਿਖਾਈ ਦਿੰਦੀ ਹੈ। ਪ੍ਰਵਾਸ ਦੇ ਕਾਰਨਾ ਨੂੰ ਲੱਭਣ ਵਾਲੇ ਸੈਮੀਨਾਰਾਂ ਅਤੇ ਨਿੱਜੀ ਦੋਸਤਾਂ ਨਾਲ ਚਰਚਾ ਸਮੇਂ ਇਹ ਸਵਾਲ ਬਹੁਤ ਵਾਰ ਉਠਾਇਆ ਹੈ ਕਿ ਪੰਜਾਬੀ ਹੀ ਕਿਉਂ ਬਾਹਰ ਵੱਲ ਨੂੰ ਵਹੀਰਾਂ ਘੱਤ ਰਹੇ ਹਨ। ਜੇ ਬੇਰੁਜ਼ਗਾਰੀ ਜਾਂ ਆਰਥਿਕਤਾ ਹੀ ਮਸਲਾ ਹੋਵੇ ਤਾਂ ਹਰਿਆਣਾ ਅਤੇ ਹਿਮਾਚਲ, ਜਿਹੜਾ ਕਿਸੇ ਵੇਲੇ ਪੰਜਾਬ ਦਾ ਹੀ ਹਿੱਸਾ ਸੀ, ਦੇ ਨਿਵਾਸੀ ਵੀ ਪੰਜਾਬੀਆਂ ਵਾਂਗ ਪ੍ਰਵਾਸ ਨੂੰ ਪਿਆਰ ਕਰਨ। ਸੈਮੀਨਾਰਅਤੇ ਗੋਸ਼ਟੀਆਂ ਵਿੱਚ ਪ੍ਰਵਾਸ ਦੇ ਕਾਰਨਾਂ ਨੂੰ ਰਿੜਕਿਆ ਗਿਆ ਪਰ ਕੋਈ ਵੀ ਜਵਾਬ ਸੰਤੁਸ਼ਟ ਨਹੀਂ ਕਰ ਸਕਿਆ। ਮੇਰੇ ਯਾਦ ਹੈ ਕਿ ਸਕੂਲ ਵਿੱਚ ਪੜ੍ਹਦੇ ਸਮੇਂ ਗਿਆਨੀ ਗਿਆਨ ਸਿੰਘ ਅਕਸਰ ਪੰਜਾਬੀਆਂ ਦੇ ਮਿਹਨਤੀ ਹੋਣ ਅਤੇ ਹਰ ਖੇਤਰ ਵਿੱਚ ਖਤਰਾ ਮੁੱਲ ਲੈ ਸਕਣ ਦੇ ਸਮਰੱਥਾ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸਨ।
‘‘ਵੇਖੋ ਬੱਚਿਓ, ਪੰਜਾਬੀਆਂ ਨੇ ਇਸ ਧਰਤੀ ਦਾ ਸਭ ਤੋਂ ਭਿਆਨਕ ਅਤੇ ਵੱਡਾ ਪ੍ਰਵਾਸ 1947 ਵਿੱਚ ਆਪਣੇ ਪਿੰਡੇ ’ਤੇ ਹੰਢਾਇਆ ਹੈ। ਖਾਲੀ ਖੀਸਿਆਂ ਅਤੇ ਨੰਗੇ ਪੈਰੀਂ ਇਹ ਜਿੱਥੇ ਜਿੱਥੇ ਵੀ ਗਏ ਉਥੇ-ਉਥੇ ਨਾ ਸਿਰਫ ਇਨ੍ਹਾਂ ਆਪਣੀਆਂ ਜੜ੍ਹਾਂ ਹੀ ਲਾਈਆਂ ਸਗੋਂ ਅਜਿਹੇ ਵੱਡੇ ਦਰੱਖਤ ਬਣੇ ਜੋ ਹੋਰਾਂ ਨੂੰ ਫ਼ਲ ਅਤੇ ਛਾਂ ਦੇਣ ਦੇ ਸਮਰੱਥ ਬਣ ਗਏ। ਪੰਜਾਬੀਆਂ ਦੇ ਚਰਿੱਤਰ ਵਿੱਚ ਇਹ ਗੁਣ ਸਿੱਖ ਸੱਭਿਆਚਾਰ ਤੇ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਵਾਲੀਆਂ ਕਦਰਾਂ ਕੀਮਤਾਂ ਵਿੱਚੋਂ ਆਇਆ। ਪੰਜਾਬੀ ਸੱਭਿਆਚਾਰ ਦੀ ਪਛਾਣ ਮਿਹਨਤ ਹੈ, ਕਿਰਤ ਹੈ, ਸਰਬੱਤ ਦਾ ਭਲਾ ਹੈ, ਜ਼ਿੰਦਗੀ ਨੂੰ ਜਿਊਣ ਦਾ ਚਾਅ ਹੈ, ਚੜ੍ਹਦੀ ਕਲਾ ਦੀ ਬਿਰਤੀ ਹੈ, ਮਹਿਮਾਨ ਨਿਵਾਜ਼ੀ ਹੈ, ਖੁੱਲ੍ਹ ਦਿਲੀ ਹੈ, ਕੁਰਬਾਨੀ ਦਾ ਜਜ਼ਬਾ ਹੈ, ਮੌਤ ਨੂੰ ਮਖੌਲ ਕਰਨ ਵਾਲਾ ਜਜ਼ਬਾ ਹੈ। ਮਿੱਟੀ ਨਾਲ ਮੋਹ ਹੈ, ਮਿੱਟੀ ਨਾਲ ਮਿੱਟੀ ਹੋ ਕੇ ਅਗਾਂਹ ਲੰਘਣ ਦੀ ਚਾਹ, ਇੱਛਾ ਅਤੇ ਸਮਰੱਥਾ ਹੈ। ਇਸੇ ਸਮਰੱਥਾ ਸਦਕਾ ਇਹ ਬੰਗਾਲ, ਯੂ.ਪੀ., ਬਿਹਾਰ, ਰਾਜਸਥਾਨ ਅਤੇ ਦੇਸ਼-ਵਿਦੇਸ਼ ਵਿੱਚ ਕਾਮਯਾਬ ਕੌਮ ਵਜੋਂ ਪ੍ਰਸਿੱਧ ਹੋਏ। ਤਰਾਈ ਹੋਵੇ ਜਾਂ ਕੋਈ ਹੋਰ ਇਲਾਕਾ, ਇਨ੍ਹਾਂ ਜੰਗਲ ਵਿੱਚ ਮੰਗਲ ਕਰ ਵਿਖਾਇਆ।’’
ਗਿਆਨੀ ਜੀ ਦੀਆਂ ਇਹ ਗੱਲਾਂ ਭਾਵੇਂ ਸੁਨਣ ਨੂੰ ਚੰਗੀਆਂ ਲੱਗਦੀਆਂ ਸਨ, ਪਰ ਪੰਜਾਬੀਆਂ ਦੀ ਵੱਖਰੀ ਸੱਭਿਆਚਾਰਕ ਪਹਿਚਾਣ ਵਾਲੀ ਗੱਲ ਨੂੰ ਸਮਝਣਾ ਸਾਡੀ ਸਮਰੱਥਾ ਤੋਂ ਬਾਹਰ ਸੀ। 23 ਕੁ ਵਰ੍ਹੇ ਪਹਿਲਾਂ ਇੱਕ ਦਿਨ ਮੈਨੂੰ ਗਿਆਨੀ ਜੀ ਦੀ ਗੱਲ ਫਿਰ ਚੇਤੇ ਵੀ ਆਈ ਅਤੇ ਥੋੜ੍ਹੀ ਸਮਝ ਵੀ ਘਟਨਾ ਇਉਂ ਵਾਪਰੀ ਕਿ ਅਰਬਨ ਅਸਟੇਟ ਵਿਖੇ ਮੈਂ ਆਪਣੇ ਮਕਾਨ ਦੀ ਮੁਰੰਮਤ ਦਾ ਕੰਮ ਕਰਵਾ ਰਿਹਾ ਸੀ। ਦਸੰਬਰ ਦਾ ਮਹੀਨਾ ਸੀ ਕੜਾਕੇ ਦੀ ਠੰਡ ਪੈ ਰਹੀ ਸੀ। ਰੇੜ੍ਹੀ ਵਾਲਾ ਰੋੜੀ ਸੜਕ ’ਤੇ ਸੁੱਟ ਗਿਆ। ਸ਼ਾਮ ਦੇ ਚਾਰ ਕੁ ਵਜੇ ਦਾ ਵਕਤ ਸੀ। ਹਨੇਰਾ ਹੋਣ ਤੋਂ ਪਹਿਲਾਂ ਮੈਂ ਰੋੜੀ ਘਰ ਅੰਦਰ ਸਿਟਾਉਣਾ ਚਾਹੁੰਦਾ ਸੀ। ਉਂਝ ਵੀ ਸਰਦੀਆਂ ਵਿੱਚ ਹਨੇਰਾ ਜਲਦੀ ਹੋ ਜਾਂਦਾ ਹੈ। ਮੈਂ ਨਹੀਂ ਚਾਹੁੰਦਾ ਸੀ ਕਿ ਸੜਕ ਤੇ ਰੋੜੀ ਦੇ ਅੜਿੱਕੇ ਕਾਰਨ ਕੋਈ ਦੁਰਘਟਨਾ ਵਾਪਰੇ। ਪਰ ਮੇਰੀ ਮਜ਼ਬੂਰੀ ਇਹ ਸੀ ਕਿ ਉਸ ਸਮੇਂ ਮੈਨੂੰ ਕਿਤੋਂ ਕੋਈ ਮਜ਼ਦੂਰ ਨਹੀਂ ਮਿਲ ਰਿਹਾ ਸੀ ਜੋ ਇਹ ਕੰਮ ਕਰ ਸਕੇ। ਅਚਾਨਕ ਮੈਨੂੰ ਖਿਆਲ ਆਇਆ ਕਿ ਨਾਲ ਵਾਲੀ ਕੋਠੀ ਵਿੱਚ ਇੱਕ ਭਈਆ ਰਹਿੰਦਾ ਹੈ। ਇਹ ਬਿਹਾਰ ਦਾ ਰਹਿਣ ਵਾਲਾ ਮਜ਼ਦੂਰ ਸੀ। ਮੈਂ ਉਸ ਕੋਲ ਗਿਆ ਅਤੇ ਉਸ ਨੂੰ ਰੋੜੀ ਸਿੱਟਣ ਲਈ ਕਿਹਾ ਅਤੇ ਬਦਲੇ ਵਿੱਚ ਚੰਗੇ ਮਜ਼ਦੂਰੀ ਦੇਣ ਦਾ ਵਾਅਦਾ ਕੀਤਾ। ਪ੍ਰੰਤੂ ਉਸ ਦਾ ਜਵਾਬ ਸੀ,
‘‘ਆਜ ਤੋਂ ਬਹੁਤ ਠੰਡੀ ਪੜ ਰਹੀਹੇ, ਸਾਹਿਬ, ਆਜ ਨਹੀਂ ਕੱਲ੍ਹ ਦੇਖ ਲੈਂਗੇ।’’
ਮੈਨੂੰ ਉਸ ਦੇ ਜਵਾਬ ਤੋਂ ਨਮੋਸ਼ੀ ਹੋਈ ਅਤੇ ਮੈਂ ਖੜ੍ਹਾ ਸੋਚ ਹੀ ਰਿਹਾ ਸੀ ਕਿ ਦੂਰੋਂ ਸਾਇਕਲ ਤੇਕੋਈ ਬੰਦਾ ਆਉਂਦਾ ਵਿਖਾਈ ਦਿੱਤਾ। ਸ਼ਾਇਦ ਕੋਈ ਮਾਲੀ ਸੀ।
‘‘ਸਤਿ ਸ੍ਰੀ ਅਕਾਲ, ਸਰਦਾਰ ਜੀ, ਕਿਵੇਂ ਖੜ੍ਹੇ ਹੋ? ਉਸ ਨੇ ਪੁੱਛਿਆ।
ਮੈਂ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦੇ ਹੋਏ ਕਿਹਾ, ‘‘ਆਹ, ਰੋੜੀ ਅੰਦਰ ਸਿੱਟਣੀ ਹੈ, ਭਈਆ ਕਹਿ ਰਿਹਾ ਹੈ ਠੰਡੀ ਬਹੁਤ ਪੜ ਰਹੀ ਹੈ’’ ਮੈਂ ਆਪਣੀ ਭੜਾਕ ਕੱਢਦੇ ਹੋਏ ਕਿਹਾ।
‘‘ਲਿਆਓ, ਫੜਾਓ ਕਹੀ’’ ਉਸ ਨੇ ਕਹੀ ਫੜ ਕੇ ਆਪਣਾ ਕੰਮ ਸ਼ੁਰੂ ਕਰ ਦਿੱਤਾ।
ਘੰਟੇ ਡੇਢ ਘੰਟੇ ਵਿੱਚ ਉਸ ਨੇ ਸਾਰਾ ਕੰਮ ਮੁਕਾ ਦਿੱਤਾ।
‘‘ਵਾਹ, ਬਈ, ਵਾਹ ਕਮਾਲ ਕਰਤੀ ਤੂੰ ਤਾਂ’’ ਮੈਂ ਉਸ ਦੀ ਪ੍ਰਸੰਸਾ ਕਰਦੇ ਹੋਏ ਪੁੱਛਿਆ – ‘ਦੱਸ ਕੀ ਸੇਵਾ ਕਰੀਏ ਤੇਰੀ’
‘‘ਬੱਸ, ਜੀ ਠੰਡ ਬਹੁਤ ਪੈ ਰਹੀ ਹੈ, ਅਧੀਏ ਜੋਗੇ ਦੇ ਦਿਉ’’
‘‘ਅਧੀਆ ਨਹੀਂ ਤੂੰ ਇੰਨੀ ਠੰਡ ਵਿੱਚ ਬੋਤਲ ਜੋਗਾ ਕੰਮ ਕੀਤੈ’’ ਮੈਂ ਉਸ ਨੂੰ ਸੌ ਦੇ ਦੋ ਨੋਟ ਫੜਾਉਂਦੇ ਹੋਏ ਕਿਹਾ। ਉਸ ਦਿਨ ਭਾਵੇਂ ਗਿਆਨੀ ਜੀ ਦੀ ਇਹ ਗੱਲ ਕਿ ‘ਪੰਜਾਬੀ ਰੱਜ ਕੇ ਮਿਹਨਤ ਕਰਦੇ ਹਨ। ਰੱਦ ਕੇ ਖਾਂਦੇ ਹਨ। ਰੱਜ ਕੇ ਪੀਂਦੇ ਹਨ।’’ ਮੈਨੂੰ ਥੋੜ੍ਹੀ ਸਮਝ ਆਈ ਸੀ। ਪਰ ਅੱਜ ਇੱਕ ਸਵਾਲ ਫਿਰ ਮੇਰੇ ਮਨ ਮਸਤਕ ਵਿੱਚ ਘੁੰਮ ਰਿਹੈ ਕਿ ਕੀ ਪੰਜਾਬੀ ਅਜੇ ਵੀ ਰੱਜ ਕੇ ਮਿਹਨਤ ਕਰਦੇ ਹਨ, ਰੱਜ ਕੇ ਖਾਂਦੇ ਹਨ ਅਤੇ ਰੱਜ ਕੇ ਪੀਂਦੇ ਹਨ ਜਾਂ ਫਿਰ ਸਿਰਫ ਰੱਜ ਕੇ ਪੀਂਦੇ ਹੀ ਹਨ ਅਤੇ ਮਿਹਨਤ ਦਾ ਕੰਮ ਭਈਆਂ ਦੇ ਹਵਾਲੇ ਕਰ ਦਿੱਤਾ ਹਾ।