ਨਵੀਂ ਦਿੱਲੀ/ਚੰਡੀਗੜ੍ਹ, 9 ਅਪਰੈਲ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਦੀ ਸੁੰਦਰੀਕਰਨ ਅਤੇ ਵਿਰਾਸਤੀ ਸ਼ਹਿਰਾਂ ਵਿੱਚ ਸ਼ਰਧਾਲੂਆਂ ਤੇ ਸੈਲਾਨੀਆਂ ਲਈ ਸਹੂਲਤਾਂ ਸਥਾਪਤ ਕਰਨ ਲਈ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀਆਂ 99 ਕਰੋੜ ਰੁਪਏ ਦੀਆਂ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਨੂੰ ਕੇਂਦਰੀ ਸੈਰ ਸਪਾਟਾ ਮੰਤਰਾਲੇ ਦੀ ਮਿਸ਼ਨ ਡਾਇਰੈਕੋਟਰੇਟ ਦੀ ਮੀਟਿੰਗ ਵਿੱਚ ਸਿਧਾਂਤਕ ਪ੍ਰਵਾਨਗੀ ਮਿਲ ਗਈ। ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਮਿਸ਼ਨ ਡਾਇਰੈਕਟੋਰੇਟ ਦੀ ਮੀਟਿੰਗ ਵਿੱਚ ਹਿੱਸਾ ਲੈਣ ਬਾਰੇ ਪੰਜਾਬ ਦੇ ਪਹਿਲੇ ਮੰਤਰੀ ਹਨ। ਕੇਂਦਰੀ ਸੈਰ ਸਪਾਟਾ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਸੁਮਨ ਬਿੱਲਾ ਨਾਲ ਕੀਤੀ ਮੀਟਿੰਗ ਵਿੱਚ ਪੰਜਾਬ ਦੇ ਉਚ ਪੱਧਰੀ ਵਫਦ ਵਿੱਚ ਸ. ਸਿੱਧੂ ਦੇ ਨਾਲ ਵਿਭਾਗ ਦੇ ਸਕੱਤਰ ਸ੍ਰੀ ਵਿਕਾਸ ਪ੍ਰਤਾਪ, ਡਾਇਰੈਕਟਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਅਤੇ ਮੰਤਰੀ ਦੇ ਸਲਾਹਕਾਰ ਸ੍ਰੀ ਅੰਗਦ ਸਿੰਘ ਸੋਹੀ ਵੀ ਸ਼ਾਮਲ ਸਨ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਸਿੱਧੂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਧਾਰਮਿਕ ਤੇ ਇਤਿਹਾਸਕ ਸ਼ਹਿਰਾਂ ਲਈ ਕੇਂਦਰ ਵੱਲੋਂ ਪ੍ਰਾਜੈਕਟ ਮਨਜ਼ੂਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਸ ਦੀ ਪ੍ਰਵਾਨਗੀ ਲੈਣ ਲਈ ਵਿਸਥਾਰਤ ਪ੍ਰਾਜੈਕਟ ਰਿਪੋਰਟਾਂ ਬਣਾ ਕੇ ਪ੍ਰਵਾਨਗੀ ਲਈ ਅੱਜ ਪਹਿਲੀ ਵਾਰ ਮਿਸ਼ਨ ਡਾਇਰੈਕਟੋਰੇਟ ਦੀ ਮੀਟਿੰਗ ਵਿੱਚ ਪੇਸ਼ ਕੀਤਾ ਗਿਆ। ਪੰਜਾਬ ਵੱਲੋਂ ਬਣਾਈਆਂ ਇਨ੍ਹਾਂ ਰਿਪੋਰਟਾਂ ਨੂੰ ਕੇਂਦਰੀ ਮੰਤਰਾਲੇ ਵੱਲੋਂ ਅੰਸ਼ਿਕ ਸੋਧਾਂ ਨਾਲ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਪ੍ਰਾਜੈਕਟਾਂ ਦੀ ਸਿਧਾਂਤਕ ਪ੍ਰਵਾਨਗੀ ਨਾਲ ਧਾਰਮਿਕ ਸ਼ਹਿਰਾਂ ਸ੍ਰੀ ਆਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਸਬੰਧਤ ਹੁਸੈਨੀਵਾਲਾ ਤੇ ਖਟਕੜ ਕਲਾਂ, ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਯਾਦਗਾਰ, ਅੰਮ੍ਰਿਤਸਰ ਵਿਖੇ ਜਲ੍ਹਿਆ ਵਾਲਾ ਬਾਗ ਅਤੇ ਬਾਦਸ਼ਾਹ ਅਕਬਰ ਦੀ ਤਾਜਪੋਸ਼ੀ ਵਾਲੇ ਸ਼ਹਿਰ ਕਲਾਨੌਰ ਦੀ ਕਾਇਆ ਕਲਪ ਹੋਵਗੀ।