ਨਵੀਂ ਦਿੱਲੀ, 14 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਉਪ ਰਾਜਪਾਲ ਦੀ ਆਗਿਆ ਤੋਂ ਬਿਨਾ ਜਨਲੋਕਪਾਲ ਬਿੱਲ ਨੂੰ ਹਰ ਹਾਲਤ ਵਿੱਚ ਵਿਧਾਨ ਸਭਾ ’ਚ ਪੇਸ਼ ਕਰਨ ਦੀ ਜਿਦ ਨੂੰ ਲੈ ਕੇ ਸ਼ੁੱਕਰਵਾਰ ਨੂੰ ਵਿਧਾਨ ਸਭਾ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਨਾਟਕੀ ਘਟਨਾਕ੍ਰਮ ਦੇ ਤਹਿਤ ਪਹਿਲਾਂ ਤਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਲੋਕਪਾਲ ਬਿੱਲ ਵਿਧਾਨ ਸਭਾ ਵਿੱਚ ਪੇਸ਼ ਕੀਤਾ। ਸਪੀਕਰ ਨੇ ਬਿੱਲ ਨੂੰ ਪੇਸ਼ ਹੋਇਆ ਮੰਨ ਲਿਆ ਪਰ ਇਸਦੇ ਨਾਲ ਹੀ ਸਰਕਾਰ ਨੂੰ ਸਮਰਥਨ ਦੇ ਰਹੀ ਕਾਂਗਰਸ ਅਤੇ ਵਿਰੋਧੀ ਭਾਰਤੀ ਜਨਤਾ ਪਾਰਟੀ ਨੇ ਬਿੱਲ ਪੇਸ਼ ਕੀਤੇ ਜਾਣ ਦਾ ਸਖਤ ਵਿਰੋਧ ਕਰਨਾ ਸ਼ੁਰੂ ਕਰਨ ਦਿੱਤਾ। ਹੰਗਾਮੇ ਨੂੰ ਦੇਖਦੇ ਹੋਏ ਵਿਧਾਨ ਸਭਾ ਨੂੰ ਅੱਧੇ ਘੰਟੇ ਲਈ ਮੁਲਤਵੀ ਕਰ ਦਿਤਾ ਗਿਆ। ਦੁਬਾਰਾ ਕਾਰਵਾਈ ਸ਼ੁਰੂ ਹੋਣ ’ਤੇ
ਸਪੀਕਰ ਨੇ ਵਿਧਾਨ ਸਭਾ ਵਿੱਚ ਬਿੱਲ ਪੇਸ਼ ਕੀਤਾ ਜਾਵੇ ਜਾਂ ਨਾ ਇਸ ਸਬੰਧ ਵਿੱਚ ਵੋਟਿੰਗ ਕਰਵਾਈ। ਵੋਟਿੰਗ ਵਿੱਚ ਬਿੱਲ ਦੇ ਵਿਰੋਧ ਵਿੱਚ 42 ਵੋਟ ਪਏ ਜਦ ਕਿ ਬਿੱਲ ਦੇ ਪੱਖ ਵਿੱਚ ਸਿਰਫ 27 ਵੋਟਾਂ ਹੀ ਪੈ ਸਕੀਆਂ।
ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਸਕਦੇ ਹਨ। ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਦਿੱਲੀ ਦੇ ਹਨੂਮਾਨ ਰੋਡ ਸਥਿਤ ਪਾਰਟੀ ਦਫਤਰ ਬੁਲਾਇਆ ਗਿਆ। ਇਸ ਤੋਂ ਪਹਿਲਾਂ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਵੱਲੋਂ ਕੁੱਝ ਬੋਲੇ ਜਾਣ ’ਤੇ 23 ਮੈਂਬਰਾਂ ਨੇ ਉਨ੍ਹਾਂ ਦੇ ਵਿਰੁੱਧ ਅਸ਼ਲੀਲ ਮੰਤਰੀ ਦੇ ਨਾਅਰੇ ਲਗਾਏ।
ਓਧਰ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਕਾਂਗਰਸ ਵਿਧਾਇਕ ਦਲ ਦੇ ਨੇਤਾ ਅਰਵਿੰਦਰ ਸਿੰਘ ਲਵਲੀ ਨੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਦਾ ਨੋਟਿਸ ਦਿੰਦੇ ਹੋਏ ਕਿਹਾ ਕਿ ਸ੍ਰੀ ਰਵਿਦਾਸ ਪ੍ਰਕਾਸ਼ ਪੁਰਬ ਉਪਰ ਛੁੱਟੀ ਦੇ ਦਿਨ ਸਦਨ ਦੀ ਬੈਠਕ ਕਿਉਂ ਬੁਲਾਈ ਗਈ। ਇਸਦੇ ਨਾਲ ਹੀ ਉਨ੍ਹਾਂ ਨੇ ਜਨਲੋਕਪਾਲ ਬਿੱਲ ਦੀ ਕਾਪੀ ਬੁੱਧਵਾਰ ਦੀ ਰਾਤ 12 ਵਜੇ ਮਿਲਣ ਦਾ ਮੁੱਦਾ ਵੀ ਉਠਾਇਆ, ਜਦ ਕਿ ਨਿਯਮ ਹੈ ਕਿ ਕਾਪੀ 48 ਘੰਟੇ ਪਹਿਲਾਂ ਮਿਲਣੀ ਚਾਹਿਦੀ ਹੈ।