ਮਾਨਸਾ, 9 ਅਪ੍ਰੈਲ (ਵਕੀਲ ਬਾਂਸਲ)- ਚੰਡੀਗੜ੍ਹ ਵਿੱਚ ਹੋਈ ਕਿਸਾਨ ਰੈਲੀ ਦੌਰਾਨ ਹਾਦਸੇ ’ਚ ਮਾਰੇ ਗਏ ਕਿਸਾਨ ਸੁਰਜੀਤ ਸਿੰਘ ਖੀਵਾ ਕਲਾਂ, ਅਜਮੇਰ ਸਿੰਘ ਕਾਹਨਗੜ੍ਹ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੀ ਮੰਗ ਨੂੰ ਲੈ ਕੇ ਸੂਬੇ ਭਰ ਚੋਂ ਆਈਆਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਸ਼ੁਰੂ ਕੀਤੇ ਲਗਾਤਾਰ ਧਰਨੇ ਦੌਰਾਨ ਹਜ਼ਾਰਾਂ ਕਿਸਾਨਾਂ ਨੇ ਸੈਕਟਰੀਏਟ ਦੇ ਦੋਨੇ ਗੇਟ ਘੇਰ ਲਏ,ਜਦੋ ਉਨਾਂ ਡੀਸੀ ਦਫਤਰ ਵੱਲ ਵਧਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ। ਕਿਸਾਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਭੀੜ ਚ ਹੀ ਮਧੋਲ ਸੁੱਟਿਆ ਤੇ ਜਾ ਕੇ ਸੈਕਟਰੀਏਟ ਨੁੰ ਘੇਰਾ ਪਾ ਲਿਆ। ਕਿਸਾਨ ਨੇ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਜਾਂ ਪ੍ਰਸ਼ਾਸ਼ਨ ਮਾਰੇ ਗਏ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਨਹੀਂ ਕਰਦੀ ,ਉਦੋਂ ਤੱਕ ਇਹ ਘਿਰਾੳ ਜਾਰੀ ਰਹੇਗਾ। ਕਿਸਾਨਾਂ ਨੇ ਸੈਕਟਰੀਏਟ ਦੇ ਦੋਵੇਂ ਗੇਟ ਘੇਰ ਲਏ ਤੇ ਐਲਾਨ ਕੀਤਾ ਕਿ ਡੀਸੀ ਸਮੇਤ ਕਿਸੇ ਵੀ ਅਧਿਕਾਰੀ ਨੂੰ ਉਦੋਂ ਤੱਕ ਬਾਹਰ ਨਹੀਂ ਨਿਕਲਣ ਦਿੱਤਾ ਜਾਵੇਗਾ,ਜਦੋਂ ਤੱਕ ਸਰਕਾਰ ਮੁਆਵਜ਼ੇ ਦਾ ਐਲਾਨ ਨਹੀਂ ਕਰਦੀ। ਇਸ ਨੂੰ ਦੇਖਦਿਆਂ ਬਠਿੰਡਾ ਤੇ ਮਾਨਸਾ ਪੁਲਿਸ ਦਾ ਕਿਸਾਨਾਂ ਤੇ ਸ਼ਖਤ ਪਹਿਰਾ ਬਿਠਾ ਦਿੱਤਾ ਗਿਆ। ਸੈਕਟਰੀਏਟ ਦੇ ਬਾਹਰ ਕਿਸਾਨ ਆਗੂ ਝੰਡਾ ਸਿੰਘ ਜੇਠੂਕੇ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਅਧਿਕਾਰੀ ਨੂੰ ਸੈਕਟਰੀਏਟ ਚੋਂ ਬਾਹਰ ਨਹੀਂ ਨਿਕਲਣ ਦੇਣਗੇ। ਉਨਾਂ ਉਥੇ ਹੀ ਕਿਸਾਨ ਰੈਲੀ ਕੀਤੀ ਤੇ ਕਿਹਾ ਕਿ ਇਹ ਧਰਨਾ ਇਥੇ ਹੀ ਜਾਰੀ ਰਹੇਗਾ।
ਬੀਕੇਯੂ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਡਕੌਂਦਾ ਦੇ ਬਲਜੀਤ ਸਿੰਘ ਧਨੇਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੁਖਤਿਆਰ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਪਿਛਲੇ ਪੰਜ ਦਿਨਾਂ ਤੋਂ ਕਿਸਾਨ ਡੀਸੀ. ਦਫ਼ਤਰ ਅੱਗੇ ਬੈਠੇ ਹਨ, ਪਰ ਸਰਕਾਰ ਨੇ ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਚਲਾਈ ਜਿਸ ਤੋਂ ਅੱਜ ਮਜਬੂਰ ਹੋ ਕੇ ਸੈਕਟਰੀਏਟ ਘੇਰਨਾ ਪਿਆ। ਉਨਾਂ ਐਲਾਨ ਕੀਤਾ ਕਿ ਜਦੋਂ ਤੱਕ ਮਾਰੇ ਗਏ ਕਿਸਾਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਸਿਰ ਚੜਿਆ ਕਰਜ਼ਾ ਖਤਮ ਕਰਨਾ, ਜ਼ਖਮੀਆਂ ਦੇ ਇਲਾਜ ਦਾ ਖਰਚ ਅਤੇ ਇੱਕ-ਇੱਕ ਲੱਖ ਰੁਪਏ ਮੁਆਵਜ਼ੇ ਦਾ ਐਲਾਨ ਨਹੀ ਕੀਤਾ ਜਾਂਦਾ,ਉਨਾਂ ਵੱਲੋਂ ਸੈਕਟਰੀਏਟ ਦਾ ਘਿਰਾੳ ਜਾਰੀ ਰਹੇਗਾ।ਦੇਰ ਸ਼ਾਮ ਕਿਸਾਨਾਂ ਦੀ ਡੀਸੀ ਨਾਲ ਗੱਲਬਾਤ ਹੋਈ,ਪਰ ਉਹ ਸਿਰੇ ਨਾ ਚੜ ਸਕੀ। ਇਸ ਮੌਕੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਬੀਕੇਯੂ ਡਕੌਂਦਾ ਦੇ ਗੁਰਦੀਪ ਸਿੰਘ, ਰਾਮਪੁਰਾ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ ਨੇ ਵੀ ਸੰਬੋਧਨ ਕੀਤਾ।