ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਪਾਰਟੀ ਪੱਧਰ ਤੋਂ ਉਪਰ ਉਠ ਕੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ ਤੋਂ ਛੋਟ ਲਈ ਕੇਂਦਰ ਵਿਰੁੱਧ ਪ੍ਰਦਰਸ਼ਨ

ਬਿਹਾਰ ਤੋਂ ਸਾਂਸਦ ਰੰਜੀਤਾ ਰੰਜਨ ਵੀ ਹੋਈ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ

ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)- ਸੂਬੇ ਦੇ ਸਾਂਝੇ ਹਿਤਾਂ ਦੀ ਰਾਖੀ ਲਈ ਇਕੱਠਿਆਂ ਲੜਾਈ ਲੜ੍ਹਨ ਦੀ ਨਵੀਂ ਮਿਸਾਲ ਪੈਦਾ ਕਰਦਿਆਂ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦਾਂ ਵੱਲੋਂ ਅੱਜ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਦੀ ਪਹਿਲ ’ਤੇ, ਸ੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਲੋੜੀਂਦੀਆਂ ਵਸਤਾਂ ਨੂੰ ਜੀ.ਐਸ.ਟੀ ਤੋਂ ਛੋਟ ਨਾ ਦੇਣ ’ਤੇ ਕੇਂਦਰ ਸਰਕਾਰ ਵਿਰੁੱਧ ਸੰਸਦ ਦੇ ਬਾਹਰ ਸਾਂਝੇ ਤੌਰ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਦਰਬਾਰ ਸਾਹਿਬ ਦੇ ਲੰਗਰ ਨੂੰ ਜੀ.ਐਸ.ਟੀ ਤੋਂ ਛੋਟ ਨਾ ਦੇਣ ’ਤੇ ਕੇਂਦਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸਾਂਸਦ ਸ੍ਰੀ ਸੁਨੀਲ ਜਾਖੜ ਵੱਲੋਂ ਕੀਤੀ ਗਈ ਅਪੀਲ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਸਦ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ. ਬਲਵਿੰਦਰ ਸਿੰਘ ਭੂੰਦੜ ਸਮੇਤ ਬਿਹਾਰ ਤੋਂ ਕਾਂਗਰਸੀ ਸਾਂਸਦ ਸ੍ਰੀਮਤੀ ਰੰਜੀਤਾ ਰੰਜਨ ਵੱਲੋਂ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਸਾਂਸਦਾਂ ਅਤੇ ਸ੍ਰੀਮਤੀ ਰੰਜੀਤਾ ਰੰਜਨ ਦਾ ਧਰਨੇ ਵਿੱਚ ਸ਼ਾਮਿਲ ਹੋਣ ਲਈ ਧੰਨਵਾਦ ਕਰਦਿਆਂ ਸ੍ਰੀ ਜਾਖੜ ਨੇ ਪੰਜਾਬ ਦੇ ਹੋਰਨਾਂ ਸਾਂਸਦਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਵੱਲੋਂ ਇਸ ਮੁੱਦੇ ’ਤੇ ਅਪਣਾਏ ਗਏ ਅੜਿਅਲ ਰਵੱਈਏ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ। ਪੰਜਾਬ ਕਾਂਗਰਸ ਪ੍ਰਧਾਨ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਤੋਂ ਇਨਕਾਰੀ ਹੋਈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਅਸੰਵੇਦਨਸ਼ੀਲਤਾ ’ਤੇ ਖੇਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਿਰਫ ਪੰਜਾਬ ਵਿੱਚ ਰਹਿੰਦੇ ਲੋਕ ਹੀ ਨਹੀਂ ਬਲਕਿ ਸੱਤ ਸਮੁੰਦਰੋਂ ਪਾਰ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀ ਵੀ ਜਜ਼ਬਾਤੀ ਤੌਰ ’ਤੇ ਸ੍ਰੀ ਦਰਬਾਰ ਸਾਹਿਬ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਜੇਕਰ ਲੰਗਰ ਤੋਂ ਜੀ.ਐਸ.ਟੀ ਹਟਾ ਦਿੱਤੀ ਜਾਂਦੀ ਤਾਂ ਮਾਮੂਲੀ ਜਿਹੀ ਰਕਮ ਦਾ ਫਰਕ ਪੈਣਾ ਸੀ ਪਰ ਇਸ ਨਾਲ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਅਤੇ ਜ਼ਜਬਾਤਾਂ ਦੀ ਕਦਰ ਹੋਣੀ ਸੀ ਉਥੇ ਇੱਕ ਮਹੱਤਵਪੂਰਨ ਸੰਦੇਸ਼ ਵੀ ਜਾਣਾ ਸੀ। ਉਨ੍ਹਾਂ ਕੇਂਦਰ ਸਰਕਾਰ ਅੱਗੇ ਆਪਣੀ ਅਪੀਲ ਦੁਹਰਾਉਂਦਿਆਂ ਆਸ ਕੀਤੀ ਕਿ ਇਸ ਦਾ ਵਧੀਆ ਸਿੱਟਾ ਨਿਕਲੇਗਾ ਅਤੇ ਕੇਂਦਰ ਵੱਲੋਂ ਲੰਗਰ ਦੀਆਂ ਵਸਤਾਂ ਤੋਂ ਜੀ.ਐਸ.ਟੀ ਹਟਾ ਦਿੱਤੀ ਜਾਵੇਗੀ।

Send this to a friend