ਖੁੱਲ੍ਹੇਪਣ ਦੀ ਨੀਤੀ ਨੇ ਵਧਾਇਆ ਅਮੀਰ-ਗ਼ਰੀਬ ’ਚ ਪਾੜਾ

ਇਕ ਪਾਸੇ ਜਿੱਥੇ ਦੇਸ਼ ਦੀ ਵਿਕਾਸ ਦਰ ’ਚ ਵਾਧੇ ਅਤੇ ਆਰਥਿਕ ਵਿਕਾਸ ਦੀ ਤੇਜ਼ ਰਫਤਾਰੀ ਦੀਆਂ ਖ਼ਬਰਾਂ ਛਪ ਰਹੀਆਂ ਹਨ, ਉਥੇ ਦੂਜੇ ਪਾਸੇ ਦੇਸ਼ ’ਚ ਅਮੀਰੀ-ਗ਼ਰੀਬੀ ’ਚ ਵਧ ਰਹੇ ਪਾੜੇ ਦੀਆਂ ਫ਼ਿਕਰਮੰਦੀ ਵਾਲੀਆਂ ਖ਼ਬਰਾਂ ਵੀ ਸੁਰਖੀਆਂ ਵਿਚ ਹਨ। ਹੁਣੇ ਜਿਹੇ ਵਿਸ਼ਵ ਪ੍ਰਸਿਧੀ ਪ੍ਰਾਪਤ ਸੰਗਠਨ ਹਰੂਨ ਨੇ ਰਿਪੋਰਟ-2018 ਛਾਪੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿਚ ਅਮੀਰ ਲੋਕਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਸਾਲ 2017 ਵਿਚ ਇਕ ਅਰਬ ਡਾਲਰ ਤੋਂ ਜ਼ਿਆਦਾ ਦੀ ਦੌਲਤ ਰਖਣ ਵਾਲੇ ਭਾਰਤੀ ਅਰਬਪਤੀਆਂ ਦੀ ਕੁੱਲ ਸੰਖਿਆ 170 ਹੋ ਗਈ ਹੈ। ਰਿਪੋਰਟ ਅਨੁਸਾਰ ਚੀਨ ਵਿਚ 819 ਅਰਬਪਤੀ ਹਨ, ਅਮਰੀਕਾ ਵਿਚ 571 ਅਤੇ ਭਾਰਤ ਅਰਬਪਤੀ ਦੌਲਤਮੰਦਾਂ ਦੀ ਗਿਣਤੀ ਪੱਖੋਂ ਦੁਨੀਆ ’ਚ ਤੀਜੇ ਥਾਂ ਉਤੇ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ਤਕ ਭਾਰਤ ਦੀ ਜੀ ਡੀ ਪੀ (ਕੁੱਲ ਘਰੇਲੂ ਉਤਪਾਦਨ) ਛੇ ਲਖ ਕਰੋੜ ਡਾਲਰ ਤਕ ਪਹੁੰਚ ਜਾਵੇਗੀ। ਤਦ ਉਮੀਦ ਹੈ ਕਿ ਭਾਰਤ ਵਿਚ ਅਰਬਪਤੀਆਂ ਦੀ ਗਿਣਤੀ ਹੁਣ ਦੇ ਸਮੇਂ ਦੀ ਤੁਲਨਾ ’ਚ ਦੋ ਗੁਣਾਂ ਹੋ ਜਾਏਗੀ। ਭਾਰਤੀ ਅਰਬਪਤੀਆਂ ਵਿਚ ਸਭ ਤੋਂ ਜ਼ਿਆਦਾ ਗਿਣਤੀ ਦਵਾਈਆਂ ਬਣਾਉਣ ਵਾਲੇ ਉਦਯੋਗਪਤੀਆਂ ਦੀ ਹੈ। ਉਸ ਤੋਂ ਬਾਅਦ ਟੈਕਨਾਲੋਜੀ, ਮੀਡੀਆ, ਦੂਰ-ਸੰਚਾਰ ਅਤੇ ਆਟੋ ਅਤੇ ਆਟੋ ਮਸ਼ੀਨਰੀ ਖੇਤਰ ਦੇ ਉਦਯੋਗਪਤੀਆਂ ਦੀ ਹੈ। ਵਿਸ਼ਵ ਪ੍ਰਸਿਧੀ ਪ੍ਰਾਪਤ ਸੰਗਠਨ ਔਕਸਫੈਮ ਦੀ ਨਾ-ਬਰਾਬਰੀ ਰਿਪੋਰਟ-2018 ’ਚ ਕਿਹਾ ਗਿਆ ਹੈ ਕਿ ਭਾਰਤ ਵਿਚ 1991 ਤੋਂ ਪਿੱਛੋਂ ਖੁੱਲ੍ਹੇਪਣ ਦੇ ਦੌਰ ਤੋਂ ਬਾਅਦ ਆਰਥਿਕ ਨਾ-ਬਰਾਬਰੀ ਜ਼ਿਆਦਾ ਹੁੰਦੀ ਜਾ ਰਹੀ ਹੈ। ਕਿਹਾ ਗਿਆ ਹੈ ਕਿ ਸਾਲ 2017 ਵਿਚ ਭਾਰਤ ਦੇ ਅਰਬਪਤੀਆਂ ਦੀ ਕੁੱਲ ਜਾਇਦਾਦ ਦੇਸ਼ ਦੀ ਜੀ ਡੀ ਪੀ ਦੇ 15 ਫ਼ੀਸਦੀ ਦੇ ਬਰਾਬਰ ਹੋ ਗਈ ਹੈ, ਜਦੋਂ ਕਿ ਪੰਜ ਸਾਲ ਪਹਿਲਾਂ ਇਹ 10 ਫ਼ੀਸਦੀ ਸੀ।
ਇਸ ਤਰ੍ਹਾਂ ਦੁਨੀਆ ਭਰ ਦੇ ਵਖੋ-ਵਖਰੇ ਦੇਸ਼ਾਂ ਵਿਚ ਵਧਦੀ ਨਾ-ਬਰਾਬਰੀ ਦੀ ਚਿੰਤਾ ਨਾਲ ਸੰਬੰਧਤ ਖੋਜ ਕਰਨ ਵਾਲੇ ਸੰਗਠਨ ਕੋਟਕ ਵੈਲਥ ਮੈਨੇਜਮੈਂਟ ਨੇ ਪਿਛਲੇ ਦਿਨੀਂ ਪ੍ਰਕਾਸ਼ਤ ਆਪਣੇ ਇਕ ਖੋਜ ਪਤਰ ਵਿਚ ਕਿਹਾ ਸੀ ਕਿ ਭਾਰਤ ਵਿਚ ਵਧਦੀ ਨਾ-ਬਰਾਬਰੀ ਦੀਆਂ ਚਿੰਤਾਵਾਂ ਦੌਰਾਨ ਸਾਲ 2017 ਵਿਚ ਦੇਸ਼ ਦੇ ਅਮੀਰਾਂ ਦੀ ਗਿਣਤੀ ਵਿਚ ਉਸ ਦੀ ਸਮੂਹਿਕ ਹੈਸੀਅਤ ਦੇ ਮੁਕਾਬਲੇ ਬੇਹਦ ਵਾਧਾ ਹੋਇਆ ਹੈ। ਦੁਨੀਆ ਦੇ ਪ੍ਰਸਿਧ ਅਰਥ-ਵਿਗਿਆਨੀ ਥਾਮਸ ਪਿਕੇਟੀ ਅਤੇ ਲੁਕਾਸ ਚਾਂਸੇਲ ਵੱਲੋਂ ਪੇਸ਼ ਕੀਤੀ ਰਿਪੋਰਟ ਵਿਚ ਵੀ ਭਾਰਤ ਵਿਚ ਨਾ-ਬਰਾਬਰੀ ਵਧਣ ’ਤੇ ਚਿੰਤਾ ਪ੍ਰਗਟਾਈ ਗਈ ਹੈ। ਧਿਆਨ ਦੇਣ ਯੋਗ ਹੈ ਕਿ ਦੁਨੀਆ ਦੇ ਦੇਸ਼ਾਂ ਵਿਚ ਆਰਥਿਕ-ਸਮਾਜਿਕ ਵਿਕਾਸ ਦਾ ਤੁਲਨਾਤਮਕ ਅਧਿਐਨ ਕਰਨ ਵਾਲੇ ਸੰਗਠਨ ਵਰਲਡ ਇਕਨਾਮਿਕ ਫ਼ੋਰਮ (ਡਬਲਯੂ ਈ ਐਫ਼) ਵੱਲੋਂ ਤਿਆਰ ਸੰਮਲਿਤ ਵਿਕਾਸ ਸੂਚਕ ਅੰਕ 2017 ਵਿੱਚ ਭਾਰਤ ਉਭਰਦੀਆਂ ਅਰਥ-ਵਿਵਸਥਾਵਾਂ ਵਾਲੇ 103 ਦੇਸ਼ਾਂ ਦੀ ਸੂਚੀ ਵਿਚ 62 ਵੇਂ ਥਾਂ ਉਤੇ ਹੈ। ਸੰਮਲਿਤ ਵਿਕਾਸ ਵਿਚ ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਪਿੱਛੇ ਹੈ। ਡਬਲਯੂ ਈ ਐਫ਼ ਵੱਲੋਂ ਜਾਰੀ ਸੰਮਲਿਤ ਵਿਕਾਸ ਸੂਚਕ ਅੰਕ ਵਿਚ ਇਸ ਗਲ ਦਾ ਸੰਕੇਤ ਹੈ ਕਿ ਭਾਰਤ ਨੂੰ ਆਪਣੀ ਜਨਤਾ ਨੂੰ ਰੋਜ਼ਗਾਰ, ਰਹਿਣ-ਸਹਿਣ ਦੇ ਪਧਰ, ਵਾਤਾਵਰਣ ਸੁਧਾਰ, ਨਵੀਂ ਪੀੜ੍ਹੀ ਦੇ ਭਵਿਖ, ਸਿਹਤ, ਸਿਖਿਆ, ਕਿਤਾ ਸਿਖਲਾਈ ਅਤੇ ਹੋਰ ਨਾਗਰਿਕ ਸਹੂਲਤਾਂ ਵਿਚ ਸੁਧਾਰ ਦੇ ਨਾਲ ਉਹਨਾਂ ਦੇ ਜੀਵਨ ਪਧਰ ਨੂੰ ਉਪਰ ਚੁਕਣ ਦੀ ਦਿਸ਼ਾ ਵਿਚ ਲੰਮਾ ਸਫ਼ਰ ਤੈਅ ਕਰਨਾ ਪਵੇਗਾ। ਦੇਸ਼ ਵਿਚ ਭ੍ਰਿਸ਼ਟਾਚਾਰ ਰੋਕਣ ਲਈ ਕਈ ਕਦਮਾਂ ਦੇ ਬਾਅਦ ਵੀ ਭ੍ਰਿਸ਼ਟਾਚਾਰ ਦੀ ਸਥਿਤੀ ਕਾਬੂ ’ਚ ਨਹੀਂ ਆਈ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਨੇ 2017 ਲਈ ਦੁਨੀਆ ਭਰ ਦੇ ਦੇਸ਼ਾਂ ਦਾ ਜੋ ਭ੍ਰਿਸ਼ਟਾਚਾਰ ਇੰਡੈਕਸ ਜਾਰੀ ਕੀਤਾ ਹੈ, ਉਸ ਵਿਚ ਭਾਰਤ 183 ਦੇਸ਼ਾਂ ਦੀ ਸੂਚੀ ਵਿਚ ਦੋ ਦਰਜੇ ਹੋਰ ਥਲੇ ਆ ਕੇ 81 ਵੇਂ ਨੰਬਰ ’ਤੇ ਪਹੁੰਚ ਗਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਭਾਰਤ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਇਸ ਸਮੇਂ ਸਪੱਸ਼ਟ ਰੂਪ ਵਿਚ ਇਹ ਵੇਖਿਆ ਜਾ ਰਿਹਾ ਹੈ ਕਿ ਦੇਸ਼ ਦੀ ਅਰਥ-ਵਿਵਸਥਾ ਦੇ ਵਿਕਾਸ ਦੀ ਪੌੜੀ ’ਤੇ ਅਗੇ ਵਧਣ ਦੇ ਨਾਲ-ਨਾਲ ਵਿਕਾਸ ਦੇ ਲਾਭ ਆਮ ਆਦਮੀ ਤਕ ਪਹੁੰਚਣ ਦੀਆਂ ਰਾਹਾਂ ਸੌਖੀਆਂ ਕਰਨ ਲਈ ਹੋਰ ਤੇਜ਼ੀ ਨਾਲ ਯਤਨ ਕਰਨੇ ਪੈਣਗੇ।

Send this to a friend