ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਗਿਆਨੀ ਲਾਲ ਸਿੰਘ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਮੁਦੱਈ ਗਿਆਨੀ ਲਾਲ ਸਿੰਘ ਨੂੰ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਲਾਗੂ ਕਰਵਾਉਣ ਲਈ ਯਾਦ ਕੀਤਾ ਜਾਂਦਾ ਰਹੇਗਾ। ਪੰਜਾਬੀ ਭਾਸ਼ਾ ਨੂੰ ਰਾਜ ਗੱਦੀ ਉਪਰ ਬਿਠਾਉਣਾ ਅਸੰਭਵ ਸੀ, ਜੇਕਰ ਗਿਆਨੀ ਲਾਲ ਸਿੰਘ ਹਿੰਮਤ ਨਾ ਕਰਦੇ। ਭਾਵੇਂ ਇਹ ਮਾਣ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੂੰ ਜਾਂਦਾ ਹੈ ਕਿ ਉਨ੍ਹਾਂ ਨੇ ਪੰਜਾਬੀ ਨੂੰ ਪੰਜਾਬ ਵਿਚ ਬਣਦਾ ਮਾਣ ਦਿਵਾਇਆ ਪ੍ਰੰਤੂ ਇੰਜ ਤਾਂ ਹੀ ਸੰਭਵ ਹੋਇਆ ਜੇਕਰ ਗਿਆਨੀ ਲਾਲ ਸਿੰਘ ਨੇ ਇਹ ਉਪਰਾਲਾ ਕੀਤਾ। ਜਦੋਂ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਲਈ ਪੰਜਾਬੀ ਭਾਸ਼ਾ ਐਕਟ ਬਣਾਉਣ ਲਈ ਹੋਰ ਸਮਾਂ ਮੰਗਿਆ ਤਾਂ ਗਿਆਨੀ ਲਾਲ ਸਿੰਘ ਨੇ ਜ਼ਿੰਮੇਵਾਰੀ ਲਈ ਕਿ ਉਹ ਪੰਜਾਬ ਦੇ ਭਾਸ਼ਾ ਵਿਭਾਗ ਦੇ ਸਾਰੇ ਅਮਲੇ ਨੂੰ ਲਗਾਕੇ ਤੁਰੰਤ ਇਹ ਐਕਟ ਬਣਾ ਦੇਣਗੇ। ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਬੜੀ ਤਨਦੇਹੀ ਨਾਲ ਨਿਭਾਈ। ਅਸਲ ਵਿਚ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਵਿਚ ਗਿਆਨੀ ਲਾਲ ਸਿੰਘ ਅਤੇ ਲਛਮਣ ਸਿੰਘ ਗਿੱਲ ਦੀ ਬਚਪਨ ਦੀ ਦੋਸਤੀ ਰੰਗ ਲਿਆਈ। ਪੰਜਾਬੀ ਸਭਿਆਚਾਰ ਅਤੇ ਪਰੰਪਰਾਵਾਂ ਉਪਰ ਪਹਿਰਾ ਦੇਣ ਵਿਚ ਗਿਆਨੀ ਲਾਲ ਦਾ ਜੋ ਮਹੱਤਵਪੂਰਨ ਯੋਗਦਾਨ ਹੈ, ਉਹ ਵੀ ਲਾਜਵਾਬ ਹੈ। ਗਿਆਨੀ ਲਾਲ ਸਿੰਘ ਦਾ ਜਨਮ ਫ਼ਰੀਦਕੋਟ ਜਿਲ੍ਹੇ ਦੇ ਪਿੰਡ ਦਾਊਧਰ ਵਿਖੇ 18 ਜਨਵਰੀ 1916 ਨੂੰ ਇੱਕ ਆਮ ਸਾਧਾਰਨ ਪਰਿਵਾਰ ਵਿੱਚ ਸ੍ਰ ਗਿਆਨ ਸਿੰਘ ਅਤੇ ਮਾਤਾ ਕੇਸਰ ਕੌਰ ਦੇ ਘਰ ਹੋਇਆ। ਹੁਣ ਇਹ ਪਿੰਡ ਮੋਗਾ ਜਿਲ੍ਹੇ ਵਿੱਚ ਹੈ। ਆਪ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦੇ ਗੁਣਵਾਨ ਵਿਦਿਆਰਥੀ ਸਨ। ਆਪਨੇ ਆਪਣੀ ਮੁੱਢਲੀ ਪੜ੍ਹਾਈ 1925 ਵਿੱਚ ਪਿੰਡ ਦਾਊਧਰ ਤੋਂ ਚੌਥੀ ਤੱਕ, ਸੱਤਵੀਂ ਤੱਕ ਐਂਗਲੋ ਵਰਨੈਕੂਲਰ ਸਕੂਲ ਬੱਧਣੀ ਕਲਾਂ, ਅੱਠਵੀ ਚੂਹੜਚੱਕ ਤੋਂ ਜਿਥੇ ਸ੍ਰ ਲਛਮਣ ਸਿੰਘ ਗਿੱਲ ਆਪ ਦੇ ਜਮਾਤੀ ਸਨ। ਇਥੇ ਇੱਕ ਅਜੀਬ ਘਟਨਾ ਵਾਪਰੀ, ਸਵਾਲਾਂ ਦੇ ਜਵਾਬ ਨਾ ਆਉਣ ਤੇ ਆਪ ਨੂੰ ਮੁੱਖ ਅਧਿਆਪਕ ਨੇ ਲਛਮਣ ਸਿੰਘ ਗਿੱਲ ਦੇ ਥੱਪੜ ਮਾਰਨ ਲਈ ਕਿਹਾ ਤੇ ਆਪ ਨੇ ਥੱਪੜ ਨਹੀਂ ਮਾਰਿਆ ਤਾਂ ਮੁੱਖ ਅਧਿਅਪਕ ਨੇ ਆਪ ਦੇ ਥੱਪੜ ਜੜ ਦਿੱਤਾ। ਜਦੋਂ ਆਪ ਨੂੰ ਪੁਛਿਆ ਗਿਆ ਕਿ ਥੱਪੜ ਕਿਉਂ ਨਹੀਂ ਮਾਰਿਆ ਤਾਂ ਗਿਆਨੀ ਲਾਲ ਸਿੰਘ ਨੇ ਦੱਸਿਆ ਕਿ ਲਛਮਣ ਸਿੰਘ ਗਿੱਲ ਉਸਦੇ ਪਿੰਡ ਦਾਊਧਰ ਮੰਗਿਆ ਹੋਇਆ ਹੈ। ਇਸ ਲਈ ਉਹ ਆਪਣੇ ਪਿੰਡ ਦੇ ਪ੍ਰਾਹੁਣੇ ਦੇ ਥੱਪੜ ਕਿਵੇਂ ਮਾਰ ਸਕਦਾ ਹੈ। ਆਪ ਨੇ ਇੰਟਰਮੀਡੀਏਟ ਆਰੀਆ ਕਾਲਜ ਮੋਗਾ, ਦਸਵੀਂ ਤੇ ਗਿਆਰਵੀਂ ਡੀ. ਐਮ. ਕਾਲਜ ਮੋਗਾ ਅਤੇ ਬਾਅਦ ਪੰਜਾਬੀ ਯੂਨੀਵਰਸਿਟੀ ਤੋਂ ਆਨਰਜ ਇਨ ਪੰਜਾਬੀ ਪਾਸ ਕੀਤੀ ਅਤੇ ਯੂਨੀਵਰਸਿਟੀ ਵਿੱਚੋਂ ਫਸਟ ਆਏ। ਆਪ ਸਕੂਲ ਵਿੱਚ ਪੰਜਾਬੀ ਸਭਾ ਦੇ ਪ੍ਰਧਾਨ ਵੀ ਸਨ। ਆਪ ਦਾ ਵਿਆਹ ਸ਼੍ਰੀਮਤੀ ਸਤਵੰਤ ਕੌਰ ਨਾਲ ਹੋਇਆ। ਆਪਦਾ ਇਕ ਲੜਕਾ ਇੰਜਿਨੀਅਰ, ਇਕ ਡਾਕਟਰ ਹੈ ਅਤੇ ਲੜਕੀਆਂ ਵੀ ਪੜ੍ਹੀਆਂ ਲਿਖੀਆਂ ਪ੍ਰੋਫੈਸਰ ਹਨ। ਆਪ ਨੇ 1940 ਵਿੱਚ ਸਿੱਖ ਮਿਸਨਰੀ ਕਾਲਜ ਲਾਹੌਰ ਤੋਂ ਬੀ. ਏ.ਦੀ ਡਿਗਰੀ ਪਾਸ ਕੀਤੀ। ਆਪ ਦੀ ਪੰਜਾਬੀ ਦੇ ਅਧਿਐਨ ਵਿੱਚ ਬੜੀ ਦਿਲਚਸਪੀ ਸੀ, ਇਸ ਲਈ ਆਪ ਨੇ ਐਮ. ਏ. ਪੰਜਾਬੀ ਦੀ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਾਸ ਕੀਤੀ ਅਤੇ ਪਹਿਲੀ ਪੁਜੀਸ਼ਨ ਹਾਸਲ ਕੀਤੀ। ਆਪ ਐਮ. ਏ .ਰਾਜਨੀਤੀ ਸ਼ਾਸ਼ਤਰ, ਫਾਰਸੀ, ਉਰਦੂ ਤੇ ਹਿੰਦੀ ਦੀਆਂ ਪ੍ਰੀਖਿਆਵਾਂ ਪਾਸ ਕਰਕੇ ਪੰਜਾਬ ਦੇ ਸਾਹਿਤਕ ਤੇ ਵਿਦਿਅਕ ਖੇਤਰ ਵਿੱਚ ਉਂਗਲਾਂ ਤੇ ਗਿਣੇ ਜਾਣ ਵਾਲੇ ਵਿਦਵਾਨਾਂ ਵਿੱਚ ਸ਼ਾਮਲ ਹੋ ਗਏ। ਆਪ ਐਮ. ਏ.ਦੀਆਂ ਕਲਾਸਾਂ ਸਮੇਂ ਵਿਦਿਆਰਥੀਆਂ ਦੇ ਪ੍ਰਧਾਨ ਵੀ ਸਨ। ਆਪ ਦੀ ਐਮ. ਏ .ਦੀ ਸਾਰੀ ਫੀਸ ਗਿਆਨੀ ਕਰਤਾਰ ਸਿੰਘ ਨੇ ਦਿੱਤੀ ਕਿਉਂਕਿ ਕਾਲਜ ਵਲੋਂ ਧੜੇਬੰਦੀ ਕਰਕੇ ਆਪ ਦਾ ਵਜ਼ੀਫਾ ਬੰਦ ਕਰ ਦਿੱਤਾ ਗਿਆ ਸੀ। ਪਹਿਲਾਂ ਆਪ ਨੇ ਪ੍ਰਚਾਰਕ ਬਣਨ ਲਈ ਉਪਦੇਸ਼ਕ ਕਾਲਜ ਗੁਜਰਾਂਵਾਲਾ ਤੋਂ ਪੜ੍ਹਾਈ ਕੀਤੀ ਪ੍ਰੰਤੂ ਜਦੋਂ ਪਤਾ ਲੱਗਾ ਇਸ ਪੜ੍ਹਾਈ ਨਾਲ ਨੌਕਰੀ ਨਹੀਂ ਮਿਲਣੀ ਤਾਂ ਆਪ ਨੇ ਸਿੱਖ ਮਿਸ਼ਨਰੀ ਕਾਲਜ ਲਾਹੌਰ ਵਿੱਚ ਦਾਖਲਾ ਲੈ ਲਿਆ। ਐਮ. ਏ. ਕਰਨ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਆਪ ਨੂੰ ਸਿੱਖ ਮਿਸ਼ਨਰੀ ਕਾਲਜ ਦਾ ਵਾਈਸ ਪਿੰ੍ਰਸੀਪਲ ਨਿਯੁਕਤ ਕਰ ਲਿਆ । ਆਪ ਨੇ ਬੈਚੂਲਰ ਆਫ ਸਿੱਖ ਡਵਿਨਿਟੀ ਵੀ ਫਸਟ ਕਲਾਸ ਵਿੱਚ ਪਾਸ ਕੀਤੀ। ਆਪ ਨੇ ਇੱਕ ਅੰਗਰੇਜ਼ੀ ਵਿੱਚ ਪੁਸਤਕ ਐਨ ਆਈਡੀਆ ਆਫ ਸਿੱਖ ਸਟੇਟ ਵੀ ਲਿਖੀ। 1947 ਵਿੱਚ ਆਪ ਦੇ ਪਿਤਾ ਦੀ ਮੌਤ ਹੋ ਗਈ। ਆਪ ਭਾਸ਼ਾਵਾਂ ਵਿਭਾਗ ਪੰਜਾਬ ਵਿੱਚ 1949 ਵਿੱਚ ਬਤੌਰ ਸਹਾਇਕ ਡਾਇਰੈਕਟਰ ਭਰਤੀ ਹੋਏ ਅਤੇ ਡਾਇਰੈਕਟਰ ਜਨਰਲ ਦੇ ਅਹੁਦੇ ਤੱਕ ਆਪਣੀ ਲਗਨ, ਸਿਆਣਪ, ਮਿਹਨਤ ਅਤੇ ਦਿਆਨਤਦਾਰੀ ਕਰਕੇ ਪਹੁੰਚੇ ਅਤੇ 23 ਸਾਲ ਇਸ ਵਿਭਾਗ ਦੀ ਸੇਵਾ ਕੀਤੀ। ਆਪ 5 ਅਗਸਤ 1959 ਨੂੰ ਭਾਸ਼ਾ ਵਿਭਾਗ ਦੇ ਡਾਇਰੈਕਟਰ ਬਣੇ ਸਨ। ਆਪ ਸਿੱਖ ਇਤਿਹਾਸ ਦੇ ਮੰਨੇ ਪ੍ਰਮੰਨੇ ਵਕਤਾ ਸਨ। ਆਪਦੇ ਭਾਸ਼ਨ ਵਿੱਚ ਦਮ ਹੁੰਦਾ ਸੀ। ਆਪਦਾ ਡਾਇਰੈਕਟਰ ਜਨਰਲ ਦਾ ਸਮਾਂ ਭਾਸ਼ਾਵਾਂ ਵਿਭਾਗ ਲਈ ਸੁਨਹਿਰੀ ਸਮਾਂ ਸੀ। ਇਸ ਸਮੇਂ ਦੌਰਾਨ ਭਾਸ਼ਾਵਾਂ ਵਿਭਾਗ ਨੇ 250 ਦੇ ਕਰੀਬ ਸਾਹਿਤਕ ਮਹੱਤਵਪੂਰਨ ਵਿਸ਼ਿਆਂ ਦੀਆਂ ਪੁਸਤਕਾਂ ਪ੍ਰਕਾਸ਼ਤ ਹੋਈਆਂ, ਜਿਹਨਾਂ ਵਿੱਚ ਵਿਗਿਆਨਕ ਪੰਜਾਬੀ ਕੋਸ਼ਕਾਰੀ, ਸ਼ਬਦਾਵਲੀ, ਅਨੁਵਾਦ, ਲਿਪੀਅੰਤਰ, ਸੰਪਾਦਨ ਤੇ ਭਾਰਤੀ ਭਾਸ਼ਾਵਾਂ ਦੇ ਸਾਹਿਤਕ ਇਤਿਹਾਸ ਸ਼ਾਮਲ ਹਨ, ਜੋ ਆਪਦੀ ਲਗਨ ਦਾ ਪ੍ਰਤੀਕ ਸਨ। ਆਪਨੇ ਦੋ ਭਾਸ਼ੀ ਪੰਜਾਬ ਵਿੱਚ 1961 ਦਾ ਭਾਸ਼ਾ ਐਕਟ ਅਤੇ ਇੱਕ-ਭਾਸ਼ੀ ਪੰਜਾਬ ਵਿੱਚ 1967 ਦਾ ਭਾਸ਼ਾ ਐਕਟ ਬਣਾਕੇ ਇਹਨਾਂ ਨੂੰ ਅਮਲੀ ਰੂਪ ਦਿੱਤਾ। ਇਸ ਤੋਂ ਇਲਾਵਾ ਆਪ ਬਹੁਤ ਸਾਰੀਆਂ ਸਾਹਿਤਕ ਸੰਸਥਾਵਾਂ ਦੇ ਮੁੱਖੀ ਅਤੇ ਮੈਂਬਰ ਰਹੇ। ਆਪ ਪੰਜਾਬੀ ਯੂਨੀਵਰਸਿਟੀ ਦੀ ਸੈਨੇਟ, ਸਿੰਡੀਕੇਟ, ਟੈਕਸਟ ਬੁਕ ਬੋਰਡ, ਮੀਤ ਪ੍ਰਧਾਨ ਪੰਜਾਬੀ ਸਾਹਿਤ ਸਭਾ ਲੁਧਿਆਣਾ, ਗੁਰੂ ਨਾਨਕ ਫਾਊਂਡੇਸ਼ਨ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਅਤੇ ਭਾਰਤ ਸਰਕਾਰ ਦੀ ਸਿਖਿਆ ਦੀ ਭਾਸ਼ਾ ਸੰਮਤੀ ਦੇ ਵੀ ਮੈਂਬਰ ਰਹੇ। ਆਪ ਨੂੰ 1971 ਵਿੱਚ ਪੰਜਾਬ ਰਾਜ ਪਬਲਿਕ ਸਰਵਿਸ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ। ਆਪਦੇ ਭਰਪੂਰ ਤਜ਼ਰਬੇ, ਸਿਆਣਪ, ਹਲੀਮੀ, ਜਨਤਕ ਹਮਦਰਦੀ, ਨੇਕ ਨੀਤੀ ਅਤੇ ਨਿਆਂ ਦੇਣ ਦੀ ਪ੍ਰਵਿਰਤੀ ਨੂੰ ਮੁੱਖ ਰੱਖਕੇ ਆਪ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ, ਜਿਸਨੂੰ ਆਪ ਨੇ ਬਾਖੂਬੀ ਨਿਭਾਇਆ। ਆਪ ਦਾ ਵਿਅਕਤਿਤਵ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਰੋਹਬਦਾਰ ਸੀ। ਆਪ ਹਮੇਸ਼ਾ ਖੱਦਰ ਦੀ ਅਚਕਨ ਅਤੇ ਨੀਲੀ ਦਸਤਾਰ ਤੇ ਖੁਲ੍ਹਾ ਦਾਹੜਾ ਰੱਖਦੇ ਸਨ, ਜਿਸ ਕਰਕੇ ਆਪ ਉਪਰ ਅਕਾਲੀ ਹੋਣ ਦਾ ਇਲਜ਼ਾਮ ਵੀ ਲੱਗਦਾ ਰਿਹਾ ਪ੍ਰੰਤੂ ਆਪ ਨੇ ਆਪਣੀ ਵੇਸ਼ਭੂਸ਼ਾ ਨਹੀਂ ਬਦਲੀ। ਆਪ ਨੂੰ ਸ੍ਰ ਪ੍ਰਤਾਪ ਸਿੰਘ ਕੈਰੋਂ ਆਈ. ਏ .ਐਸ. ਵਿੱਚ ਨਾਮਜਦ ਕਰਨਾ ਚਾਹੁੰਦੇ ਸਨ ਪ੍ਰੰਤੂ ਆਪ ਨੇ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ। ਆਪ ਨੂੰ ਪੰਜਾਬੀ ਯੂਨੀਵਰਸਿਟੀ ਨੇ 1991 ਵਿੱਚ ਆਪ ਦੀਆਂ ਸਾਹਿਤ, ਭਾਸ਼ਾ, ਸਭਿਆਚਾਰ ਖੇਤਰਾਂ ਵਿੱਚ ਵਿਲੱਖਣ ਕੰਮ ਕਰਨ ਕਰਕੇ ਆਨਰੇਰੀ ਡੀ. ਲਿਟ. ਦੀ ਡਿਗਰੀ ਪ੍ਰਦਾਨ ਕੀਤੀ। ਆਪ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਸਕੱਤਰ ਅਤੇ ਮੁੜਵਸੇਬਾ ਵਿਭਾਗ ਦੇ ਸਕੱਤਰ ਵੀ ਰਹੇ। ਆਪ ਤਿਆਗ ਦੀ ਮੂਰਤੀ ਸਨ। ਲਾਲਚ, ਫਰੇਬ, ਚੁਸਤੀ –ਚਾਲਾਕੀ ਅਤੇ ਭਰਿਸ਼ਟਾਚਾਰ ਤੋਂ ਕੋਹਾਂ ਦੂਰ ਸਨ। ਮਾਸਟਰ ਤਾਰਾ ਸਿੰਘ ਦੇ ਆਪ ਬਹੁਤ ਹੀ ਨਜ਼ਦੀਕੀਆਂ ਵਿੱਚੋਂ ਸਨ, ਇਸ ਲਈ ਮਾਸਟਰ ਜੀ ਆਪ ਨੂੰ ਐਮ. ਪੀ. ਬਨਾਉਣਾ ਚਾਹੁੰਦੇ ਸਨ ਪ੍ਰੰਤੂ ਆਪ ਨੇ ਇਨਕਾਰ ਕਰ ਦਿੱਤਾ। ਸੰਤ ਚੰਨਣ ਸਿੰਘ ਅਤੇ ਸੰਤ ਫਤਿਹ ਸਿੰਘ ਆਪ ਨੂੰ ਯੂਨੀਵਰਸਿਟੀ ਦਾ ਉਪ ਕੁਲਪਤੀ ਬਣਾਉਣਾ ਚਾਹੰਦੇ ਸਨ, ਆਪ ਨੇ ਉਸ ਤੋਂ ਵੀ ਇਨਕਾਰ ਕਰ ਦਿੱਤਾ ਅਤੇ ਪੰਜਾਬੀ ਭਾਸ਼ਾ ਦੀ ਸੇਵਾ ਨੂੰ ਤਰਜੀਹ ਦਿੱਤੀ। ਸ੍ਰ ਲਛਮਣ ਸਿੰਘ ਗਿੱਲ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬੀ ਭਾਸ਼ਾ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਐਕਟ ਬਣਾਉਣ ਵਿੱਚ ਆਪਦਾ ਮਹੱਤਵਪੂਰਨ ਰੋਲ ਰਿਹਾ। ਗਿਆਨੀ ਜ਼ੈਲ ਸਿੰਘ ਦੇ ਮੁੱਖ ਮੰਤਰੀ ਦੇ ਸਮੇਂ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਖਾਕਾ ਵੀ ਆਪ ਨੇ ਹੀ ਬਣਾਇਆ ਸੀ। 27 ਮਈ 1997 ਨੂੰ ਆਪਦੀ ਮੌਤ ਹੋ ਗਈ। ਆਪਦਾ ਵਿਅਕਤਿਤਵ ਇਤਨਾ ਪ੍ਰਭਾਵਸ਼ਾਲੀ ਸੀ ਕਿ ਸਾਰੀਆਂ ਪਾਰਟੀਆਂ ਦੇ ਨੇਤਾ ਆਪ ਦਾ ਸਤਿਕਾਰ ਕਰਦੇ ਸਨ।

Send this to a friend