ਕੋਟਕਪੂਰਾ, 2 ਅਪ੍ਰੈਲ (ਚਰਨਦਾਸ ਗਰਗ, ਸਤਨਾਮ ਸਿੰਘ)- ਪੰਜਾਬ ਵਿਚ ਕੈਂਸਰ ਵਰਗੀ ਨਾ ਮੁਰਾਦ ਬਿਮਾਰੀ ਨਕਲ ਤੇ ਕਾਊ ਪਾਉਣਾ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਜਿਸ ਦੀ ਪੰਜਾਬ ਦੇ ਹਰ ਕੋਨੇ ਕੋਨੇ ਵਿਚ ਅਤੇ ਕਈ ਵਿਦਿਅਕ ਅਦਾਰਿਆ ਵਿਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦੇ ਪ੍ਰਿੰਸੀਪਲ/ਡਾਇਰੈਕਟਰ ਡਾ. ਸ.ਸ.ਬਰਾੜ ਨੇ ਇਸ ਪ੍ਰਤੀਨਿਧੀ ਨਾਲ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਕਲ ਤੇ ਪਾਬੰਦੀ ਲਗਾਉਣਾ ਇਕ ਵਧੀਆ ਅਤੇ ਚੰਗੀ ਸੋਚ ਹੈ ਜਿਸ ਕਾਰਨ ਇਸ ਵਾਰ ਪੂਰੇ ਪੰਜਾਬ ਵਿਚ 90 ਤੋਂ 92% ਨਕਲ ਤੇ ਕਾਬੂ ਪਾਉਣ ਵਿਚ ਪੰਜਾਬ ਦਾ ਸਿੱਖਿਆ ਵਿਭਾਗ ਅਤੇ ਡਿਊਟੀਆਂ ਤੇ ਤਾਇਨਾਤ ਅਧਿਆਪਕ ਵਰਗ ਕਾਮਯਾਬ ਰਿਹਾ ਹੈ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ ਦੀ ਆਤਮ ਨਿਰਭਰਤਾ ਵਿਚ ਵਾਧਾ ਹੋਵੇਗਾ ਅਤੇ ਉਹ ਬਿਨਾਂ ਨਕਲ ਮਾਰੇ ਆਪਣੀ ਮਿਹਨਤ ਨਾਲ ਚੰਗੀਆਂ ਪੁਜੀਸ਼ਨਾਂ ਹਾਸਲ ਕਰਨਗੇ ਜਿਸ ਨਾਲ ਜਿੱਥੇ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਹੋਵੇਗਾ ਉਥੇ ਵਿਦਿਆਰਥੀ ਆਪਣੇ ਮਾਪਿਆਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ । ਉਨ੍ਹਾਂ ਪੰਜਾਬ ਦੇ ਡੀ.ਜੀ.ਐਸ.ਈ. ਸ਼੍ਰੀ ਕ੍ਰਿਸ਼ਨ ਕੁਮਾਰ ਸਮੇਤ ਸਿੱਖਿਆ ਮੰਤ੍ਰੀ ਨੂੰ ਅਪੀਲ ਕੀਤੀ ਉਹ ਨਕਲ ਤੇ 100% ਕਾਬੂ ਪਾਉਣ ਲਈ ਸਿੱਖਿਆ ਕੇਂਦਰਾਂ ਵਿਚ ਵੀਡੀਓ ਕੈਮਰੇ ਲਗਵਾਉਣ ਅਤੇ ਉਸਦਾ ਕੰਟਰੌਲ ਆਪਣੇ ਹੱਥ ਵਿਚ ਕਰਨ ਤਾਂ ਜੋ ਸਿੱਖਿਆ ਕੇਂਦਰਾਂ ਦੀ ਸਥਿਤੀ ਦਾ ਹੈੱਡ ਆਫਿਸ ਵਿਖੇ ਬੈਠਕੇ ਹੀ ਪਤਾ ਲਗਾਇਆ ਜਾ ਸਕੇ । ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਸਾਡੇ ਪੰਜਾਬ ਵਿਚੋਂ ਇਸ ਨਾ ਮੁਰਾਦ ਕੈਂਸਰ ਨੁਮਾ ਬਿਮਾਰੀ ਨਕਲ ਦਾ ਅੰਤ ਹੋਵੇਗਾ ਉਥੇ ਆਉਣ ਵਾਲੇ ਪੰਜ ਸਾਲਾਂ ਵਿਚ ਸਾਡੇ ਪੰਜਾਬ ਦੇ ਨੌਜੁਆਨ ਆਪਣੀ ਮਿਹਨਤ ਨਾਲ ਉਚ ਅਹੁਦਿਆਂ ਤੇ ਪਹੁੰਚ ਜਾਣਗੇ ਅਤੇ ਸਾਡਾ ਪੰਜਾਬ ਖੁਸ਼ਹਾਲ ਪੰਜਾਬ ਬਣ ਜਾਵੇਗਾ।