ਰਾਸ਼ਟਰੀ ਪੰਛੀ ਮੋਰ ਚੋਰੀ ਕਰਦਾ ਇੱਕ ਕਾਬੂ

ਰਾਮਪੁਰਾ ਫੂਲ, 2 ਅਪ੍ਰੈਲ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ, ਮੱਖਣ ਸਿੰਘ ਬੁੱਟਰ)- ਸਥਾਨਕ ਫੂਲ ਰੋਡ ਤੇ ਬਣੀ ਬੀੜ ਵਿੱਚ ਇੱਕ ਵਿਅਕਤੀ ਨੂੰ ਦੇਸ਼ ਦੇ ਰਾਸ਼ਟਰੀ ਪੰਛੀ ਮੋਰ ਨੂੰ ਚੋਰੀ ਕਰਦੇ ਹੋਏ ਰੰਗੇ ਹੱਥੀ ਗਿਰਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਮੌਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੰਗਲਾਤ ਵਿਭਾਗ ਦੇ ਦਫਤਰ ਨਜਦੀਕ ਬਣੀ ਬੀੜ ਵਿੱਚ ਡਿਊਟੀ ਤੇ ਤਾਇਨਾਤ ਵਣ ਗਾਰਡ ਬਲਜੀਤ ਸਿੰਘ ਨੇ ਜਦ ਬੀੜ ਵਿੱਚ ਗੇੜਾ ਮਾਰਿਆ ਤਾਂ ਉੱਥੇ ਸੋਹਣ ਸਿੰਘ ਪੁੱਤਰ ਹਿੰਮਤ ਸਿੰਘ ਵਾਸੀ ਭੱਦੀ ਜਿਲਾ ਨਵਾ ਸ਼ਹਿਰ ਨੇ ਇੱਕ ਮੋਰ ਨੂੰ ਫੜਕੇ ਜਾਲ ਵਿੱਚ ਬੰਦ ਕਰ ਲਿਆ ਸੀ ਜਿਸ ਦੋਰਾਨ ਫੜੇ ਗਏ ਮੋਰ ਦੀ ਮੌਤ ਹੋ ਗਈ। ਇਸ ਦੀ ਸੂਚਨਾ ਬਲਜੀਤ ਸਿੰਘ ਨੇ ਤੁਰੰਤ ਵਣ ਰੇਜ ਅਫਸਰ ਸੁਖਵਿੰਦਰ ਸਿੰਘ ਨੂੰ ਦਿੱਤੀ ਜਿੰਨਾ ਨੇ ਇਸਤੇ ਅਮਲ ਕਰਦਿਆ ਇਸਦੀ ਸੂਚਨਾ ਥਾਣਾ ਸਿਟੀ ਰਾਮਪੁਰਾ ਵਿਖੇ ਦਿੱਤੀ। ਥਾਣਾ ਸਿਟੀ ਰਾਮਪੁਰਾ ਦੇ ਜਾਂਚ ਅਧਿਕਾਰੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ਤੇ ਛਾਪੇਮਾਰੀ ਕਰਕੇ ਮੋਕੇ ਤੇ ਕ੍ਯਥਿਤ ਦੋਸ਼ੀ ਸੋਹਣ ਸਿੰਘ ਨੂੰ ਮਰੇ ਹੋਏ ਮੋਰ ਸਮੇਤ ਕਾਬੂ ਕਰ ਲਿਆ ਗਿਆ। ਉਨਾਂ ਅੱਗੇ ਦੱਸਿਆ ਕਿ ਉਕਤ ਨੇ ਮੰਨਿਆ ਕਿ ਉਹ ਮੋਰ ਨੂੰ ਮਾਰ ਕੇ ਦਵਾਈਆ ਵਿੱਚ ਪਾਉਣ ਦਾ ਕੰਮ ਕਰਦਾ ਹੈ ਅਤੇ ਇਹ ਦਵਾਈਆ ਮਹਿੰਗੇ ਮੁੱਲ ਤੇ ਵਿਕਦੀਆ ਹਨ।
ਉਕਤ ਕਥਿਤ ਦੋਸ਼ੀ ਤੇ ਵਣ ਰੇਜ ਅਫਸਰ ਸੁਖਵਿੰਦਰ ਸਿੰਘ ਦੇ ਬਿਆਨਾ ਦੇ ਅਧਾਰ ਤੇ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਮਾਮਲਾ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਹੈ। ਇਸ ਮੌਕੇ ਮੁਨਸ਼ੀ ਅਵਤਾਰ ਸਿੰਘ, ਜਗਦੀਪ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Send this to a friend