ਚੰਡੀਗੜ੍ਹ , 12 ਫਰਵਰੀ (ਪੀ.ਟੀ.)-ਪਾਕਿਸਤਾਨ ਮਹਾਨ ਅਜ਼ਾਦੀ ਘੁਲਾਟੀਏ ਤੇ ਦੇਸ਼ ਦੇ ਮਹਾਨ ਸਪੂਤ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਨੁੰ ਕੌਮੀ ਵਿਰਾਸਤ ਦਾ ਦਰਜਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਪਾਕਿਸਤਾਨੀ ਮੀਡੀਆ ’ਚ ਛਪੀਆਂ ਖਬਰਾਂ ਮੁਤਾਬਕ ਸ. ਭਗਤ ਸਿੰਘ ਦੇ ਜੱਦੀ ਘਰ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪੂਰੇ ਪਿੰਡ ਨੂੰ ਵਿਰਾਸਤ ਦਾ ਦਰਜਾ ਦੇਣ ਦੀ ਤਿਆਰੀ ਹੋ ਰਹੀ ਹੈ। ਸ਼ਹੀਦ ਕਿਸੇ ਵੀ ਕੌਮ ਜਾਂ ਦੇਸ਼ ਦੇ ਹੋਣ ਉਨ੍ਹਾਂ ਦਾ ਸਨਮਾਨ ਕਰਨਾ ਪੂਰੀ ਮਾਨਵਤਾ ਦਾ ਫਰਜ ਬਣਦਾ ਹੈ, ਕਿਉਂਕਿ ਮਾਨਵਤਾ ਦੇ ਹਿੱਤਾਂ ਖਾਤਰ ਉਮਰਾਂ ਜੇਲ੍ਹ ਵਿੱਚ ਗੁਜ਼ਾਰ ਦੇਣੀਆਂ ਅਤੇ ਸ਼ਹੀਦੀ ਦਾ ਜਾਮ ਪੀਣਾ ਆਮ ਆਦਮੀ ਦੇ ਵੱਸ ਦਾ ਕੰਮ ਨਹੀਂ ਹੁੰਦਾ। ਸ਼ਹੀਦ ਕੌਮਾਂ ਦੇ ਸਰਦਾਰ ਹੁੰਦੇ ਹਨ, ਅਜਿਹੇ ਹੀ ਭਾਰਤ ਦੇ ਇੱਕ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਸਨ, ਜਿਨ੍ਹਾਂ ਨੇ ਗੋਰਿਆਂ ਦੀ ਗੁਲਾਮੀ ਤੋਂ
ਭਾਰਤ ਨੂੰ ਆਜ਼ਾਦ ਕਰਵਾਉਣ ਲਈ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮ ਲਿਆ।
ਭਗਤ ਸਿੰਘ ਦਾ ਜਨਮ ਪਾਕਿਸਤਾਨ ਵਿੱਚ ਸਥਿਤ ਚੱਕ ਨੰਬਰ 105 ਜੀ. ਬੀ. (ਹੁਣ ਬੰਗੇ ਪਿੰਡ, ਜ਼ਿਲ੍ਹਾ ਫੈਸਲਾਬਾਦ) ਵਿਖੇ ਹੋਇਆ ਸੀ ਅਤੇ ਹੁਣ ਪਾਕਿਸਤਾਨ ਦੀ ਸਰਕਾਰ ਇਸ ਪਿੰਡ ਵਿੱਚ ਸਥਿਤ ਭਗਤ ਸਿੰਘ ਦੇ ਘਰ ਨੂੰ ਕੌਮੀ ਵਿਰਾਸਤ ਦਾ ਦਰਜਾ ਦੇਣ ਲਈ ਯੋਜਨਾ ਤਿਆਰ ਕਰ ਰਹੀ ਹੈ। ਮੀਡੀਆ ਦੀਆਂ ਖਬਰਾਂ ਅਨੁਸਾਰ ਫੈਸਲਾਬਾਦ ਜ਼ਿਲ੍ਹਾ ਪ੍ਰਸ਼ਾਸਨ ਸਿਰਫ ਭਗਤ ਸਿੰਘ ਦੇ ਘਰ ਨੂੰ ਨਹੀਂ ਸਗੋਂ ਪੂਰੇ ਬੰਗੇ ਪਿੰਡ ਨੂੰ ਵਿਰਾਸਤ ਵਿੱਚ ਤਬਦੀਲ ਕਰ ਰਿਹਾ ਹੈ ਅਤੇ ਇਸ ਯੋਜਨਾ ਅਧੀਨ ਪਿੰਡ ਦੀਆਂ 45 ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ ਕੀਤੀ ਜਾਵੇਗੀ। ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਲਾਇਲਪੁਰ ਵਿਰਾਸਤ ਫਾਊਂਡੇਸ਼ਨ ਦਾ ਗਠਨ ਕੀਤਾ ਗਿਆ ਹੈ। ਇਤਿਹਾਸਕ ਇਮਾਰਤਾਂ ਦੀ ਸੂਚੀ ਵਿੱਚ ਭਗਤ ਸਿੰਘ ਦੇ ਘਰ ਤੋਂ ਇਲਾਵਾ ਪਿੰਡ ਦੇ ਉੱਘੇ ਸਮਾਜ ਸੇਵੀ ਸਰ ਗੰਗਾ ਰਾਮ ਦਾ ਘਰ ਵੀ ਸ਼ਾਮਲ ਹੈ। ਫੈਸਲਾਬਾਦ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਇਸ ਸਿਲਸਿਲੇ ਵਿੱਚ ਭਗਤ ਸਿੰਘ ਦੇ ਘਰ ਸਮੇਤ ਸਾਰੇ ਪਿੰਡ ਦਾ ਦੌਰਾ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਿੰਡ ਮੂਲ ਰੂਪ ਵਿੱਚ ਖੇਤੀਬਾੜੀ ਉਤਪਾਦਨ ਲਈ ਜਾਣਿਆ ਜਾਂਦਾ ਹੈ ਜਿਹੜਾ ਇਨ੍ਹੀਂ ਦਿਨੀਂ ਕਣਕ ਅਤੇ ਗੰਨੇ ਦੇ ਖੇਤਾਂ ’ਚ ਘਿਰਿਆ ਹੋਇਆ ਹੈ। ਭਗਤ ਸਿੰਘ ਦੇ ਜੱਦੀ ਘਰ ਵਿੱਚ ਅੱਜ ਵੀ ਉਸ ਦੇ ਪਰਿਵਾਰ ਵੱਲੋਂ ਵਰਤੀਆਂ ਜਾਣ ਵਾਲੀਆਂ ਕਈ ਵਸਤਾਂ ਸਾਂਭੀਆਂ ਪਈਆਂ ਹਨ। ਘਰ ਵਿੱਚ ਇਕ ਚਰਖਾ ਪਿਆ ਹੈ, ਜੋ ਉਨ੍ਹਾਂ ਦੇ ਮਾਤਾ ਜਾ ਚਲਾਇਆ ਕਰਦੇ ਸਨ। ਇਸ ਤੋਂ ਇਲਾਵਾ ਇਕ ਪਿੱਤਲ ਦੀ ਪਰਾਤ, ਦੋ ਲੱਕੜੀ ਦੇ ਸੰਦੂਕ ਆਦਿ ਵੀ ਸਾਂਭੇ ਹੋਏ ਹਨ। ਇਨ੍ਹਾਂ ਵਸਤਾਂ ਦੀ ਦੇਖ-ਰੇਖ ਐਡਵੋਕੇਟ ਮੁਹੰਮਦ ਇਕਬਾਲ ਵਿਰਕ ਅਤੇ ਉਨ੍ਹਾਂ ਦਾ ਪਰਿਵਾਰ ਕਰ ਰਿਹਾ ਹੈ।



