ਮਨਪ੍ਰੀਤ ਨੇ ਖੋਲ੍ਹੇ ‘ਬਾਦਲ ਪਰਿਵਾਰ’ ਦੇ ਦਬੇ ਰਾਜ

ਚੰਡੀਗੜ੍ਹ, 28 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ‘ਚ ਬਜਟ ਸੈਸ਼ਨ ਦੇ ਆਖਰੀ ਦਿਨ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਚਕਾਰ ਤਾਬੜਤੋੜ ਸ਼ਬਦੀ ਹਮਲੇ ਹੋਣ ਲਗੇ।ਜਿਥੇ ਮਜੀਠੀਆ ਨੇ ਮਨਪ੍ਰੀਤ ਬਾਦਲ ਨੂੰ ਖਰੀਆਂ-ਖੋਟੀਆਂ ਸੁਣਾਈਆਂ, ਉਥੇ ਹੀ ਮਨਪ੍ਰੀਤ ਬਾਦਲ ਨੂੰ ਵੀ ਤਾਅ ਚੜ੍ਹਿਆ, ਜਿਸ ਕਾਰਨ ਉਨ੍ਹਾਂ ਨੇ ਬਾਦਲ ਪਰਿਵਾਰ ਦੇ ਦਬੇ ਹੋਏ ਰਾਜ਼ ਖੋਲ੍ਹਣ ‘ਚ ਜ਼ਰਾ ਵੀ ਝਿਜਕ ਨਾ ਕੀਤੀ ਅਤੇ ਬਾਦਲ ਪਰਿਵਾਰ ਨੂੰ ਸਭ ਅਗਲੀਆਂ-ਪਿਛਲੀਆਂ ਸੁਣਾ ਛਡੀਆਂ।
ਹਰਸਿਮਰਤ ਨੂੰ ਕਿਸ਼ਤਾਂ ‘ਤੇ ਦਿਤੀ ਗਡੀ- ਮਨਪ੍ਰੀਤ ਬਾਦਲ ਨੇ ਕਿਹਾ ਕਿ ਮਜੀਠੀਆ ਨੇ ਆਪਣੀ ਭੈਣ ਹਰਸਿਮਰਤ ਕੌਰ ਬਾਦਲ ਨੂੰ ਵਿਆਹ ਸਮੇਂ ਗਡੀ ਵੀ ਕਿਸ਼ਤਾਂ ‘ਤੇ ਲੈ ਕੇ ਦਿਤੀ ਸੀ ਅਤੇ ਅਜ ਉਹੀ ਮਜੀਠੀਆ ਕਰੋੜਾਂ ਦੀਆਂ ਗਡੀਆਂ ‘ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿਤੀ।
ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਦੀ ਪਤਨੀ ਵੀ ਨਾ ਛਡੀ- ਮਨਪ੍ਰੀਤ ਬਾਦਲ ਨੂੰ ਇੰਨਾ ਗੁਸਾ ਆਇਆ ਕਿ ਉਨ੍ਹਾਂ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਅਤੇ ਆਪਣੀ ਤਾਈ ਦਾ ਵੀ ਜ਼ਿਕਰ ਕਰ ਛਡਿਆ।ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੇ ਭੋਗ ‘ਤੇ ਵੀ ਐਸ. ਜੀ. ਪੀ. ਸੀ. ਨੇ ਲੰਗਰ ਲਾਇਆ ਸੀ।
ਸੁਖਬੀਰ ਬਾਦਲ ‘ਤੇ ਵੀ ਕਸੇ ਤੰਜ- ਮਨਪ੍ਰੀਤ ਬਾਦਲ ਨੇ ਸੁਖਬੀਰ ਬਾਦਲ ‘ਤੇ ਤੰਜ ਕਸਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਲੁਟਿਆ ਹੈ, ਉਹ ਅਜ ਮੇਰੇ ‘ਤੇ ਉਂਗਲੀ ਚੁਕ ਰਹੇ ਹਨ। ਉਨ੍ਹਾਂ ਕਿਹਾ ਕਿ ਗੁੜਗਾਓਂ ‘ਚ 17 ਕਿਲੇ ਜ਼ਮੀਨ ‘ਤੇ ਸਤ ਸਟਾਰ ਹੋਟਲ ਬਣਾਇਆ ਗਿਆ। ਮਨਪ੍ਰੀਤ ਨੇ ਕਿਹਾ ਕਿ ਸਵਾਲ ਇਹ ਹੈ ਕਿ ਇਹ ਜ਼ਮੀਨ ਚੌਧਰੀ ਜੀਵਨ ਲਾਲ ਨੇ ਬਾਦਲ ਪਰਿਵਾਰ ਨੂੰ ਕਿਉਂ ਦਿਤੀ। ਉਨ੍ਹਾਂ ਕਿਹਾ ਕਿ ਇਹ ਜ਼ਮੀਨ ਐਸ. ਵਾਈ. ਐਲ. ‘ਤੇ ਸਮਝੌਤੇ ਦੇ ਕਾਰਨ ਦਿਤੀ ਗਈ ਸੀ।
ਕਢ ਛਡੀ ਸਾਰੀ ਭੜਾਸ- ਜਦੋਂ ਅਕਾਲੀ ਦਲ ਨੇ ਦੋਸ਼ ਲਾਇਆ ਕਿ ਮਨਪ੍ਰੀਤ ਬਾਦਲ ਨੂੰ ਖਜ਼ਾਨਾ ਚਲਾਉਣਾ ਨਹੀਂ ਆਉਂਦਾ ਤਾਂ ਉਨ੍ਹਾਂ ਕਰਾਰਾ ਜਿਹਾ ਜਵਾਬ ਦਿੰਦਿਆਂ ਕਿਹਾ ਕਿ ਹਾਂ ਠੀਕ ਹੈ, ਉਨ੍ਹਾਂ ਨੂੰ ਕੋਈ ਕੰਮ ਨਹੀਂ ਆਉਂਦਾ, ਨਾਂ ਹੀ ਉਨ੍ਹਾਂ ਨੂੰ ਬਸਾਂ ਚਲਾਉਣੀਆਂ ਆਉਂਦੀਆਂ ਹਨ, ਨਾ ਹੀ ਚਿਟਾ ਵੇਚਣਾ ਆਉਂਦਾ ਹੈ ਅਤੇ ਨਾ ਹੀ ਪੰਜਾਬ ਦਾ ਖਜ਼ਾਨਾ ਲੁਟਣਾ ਆਉਂਦਾ ਹੈ।
ਅਕਾਲੀਆਂ ਨੂੰ ਦਿਤੀ ਚੁਣੌਤੀ-
ਸਿਰਫ ਇੰਨਾ ਹੀ ਨਹੀਂ, ਜਦੋਂ ਅਕਾਲੀ ਦਲ ਦੇ ਵਿਧਾਇਕ ਨਾਅਰੇਬਾਜ਼ੀ ਕਰਨ ਲਗੇ ਅਤੇ ਸਦਨ ‘ਚੋਂ ਬਾਹਰ ਜਾਣ ਲਗੇ ਤਾਂ ਮਨਪ੍ਰੀਤ ਬਾਦਲ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਗਲ ਨੂੰ ਸੁਣ ਕੇ ਜਾਣ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੀ ਤਾਈ ਨੂੰ ਕੈਂਸਰ ਹੋਇਆ ਸੀ ਤਾਂ ਉਸ ਦਾ ਖਰਚਾ ਪੰਜਾਬ ਸਰਕਾਰ ਨੇ ਦਿਤਾ। ਇਹ ਹੀ ਨਹੀਂ, ਸਾਲ 2017 ‘ਚ ਚੋਣ ਨਤੀਜੇ ਅਜੇ ਆਏ ਨਹੀਂ ਸਨ ਕਿ ਪ੍ਰਕਾਸ਼ ਸਿੰਘ ਬਾਦਲ ਨੇ ਅਮਰੀਕਾ ‘ਚ ਆਪਣੇ ਦਿਲ ਦਾ ਇਲਾਜ ਕਰਾਇਆ ਸੀ ਅਤੇ ਉਹ ਖਰਚਾ ਵੀ ਪੰਜਾਬ ਸਰਕਾਰ ਨੂੰ ਹੀ ਚੁਕਣਾ ਪਿਆ ਸੀ। ਇਸ ਦੌਰਾਨ ਹੰਗਾਮਾ ਵਧਦਾ ਦੇਖ ਕੇ ਸਪੀਕਰ ਨੇ ਸਦਨ ਨੂੰ 20 ਮਿੰਟਾਂ ਲਈ ਮੁਲਤਵੀ ਕਰ ਦਿਤਾ।

Send this to a friend